ਜੈਸ਼ੰਕਰ ਵੱਲੋਂ ਮਿਸਰ ’ਚ ਭਾਰਤੀ ਭਾਈਚਾਰੇ ਨਾਲ ਮੁਲਾਕਾਤ

ਜੈਸ਼ੰਕਰ ਵੱਲੋਂ ਮਿਸਰ ’ਚ ਭਾਰਤੀ ਭਾਈਚਾਰੇ ਨਾਲ ਮੁਲਾਕਾਤ

ਕਾਹਿਰਾ- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ ਸੀਸੀ ਨਾਲ ਬਹੁਤ ਚੰਗੇ ਨਿੱਜੀ ਰਿਸ਼ਤੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਸਰ ਆਉਣ ਦੇ ਇੱਛੁਕ ਹਨ ਪਰ ਕੋਵਿਡ ਪਾਬੰਦੀਆਂ ਕਾਰਨ ਉਹ ਪਹਿਲਾਂ ਨਹੀਂ ਆ ਸਕੇ ਸਨ। ਜੈਸ਼ੰਕਰ ਆਪਣੇ ਮਿਸਰੀ ਹਮਰੁਤਬਾ ਸਾਮੇਹ ਸ਼ਾਉਕਰੀ ਦੇ ਸੱਦੇ ਉਤੇ ਪਹਿਲੀ ਵਾਰ ਇਸ ਉੱਤਰੀ ਅਫ਼ਰੀਕੀ ਮੁਲਕ ਦੇ ਦੌਰੇ ਉਤੇ ਆਏ ਹਨ। ਵਿਦੇਸ਼ ਮੰਤਰੀ ਨੇ ਮਿਸਰ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੇਜਿਆ ਸੁਨੇਹਾ ਵੀ ਦਿੱਤਾ।

ਇੱਥੇ ਭਾਰਤੀ ਭਾਈਚਾਰੇ ਨਾਲ ਰਾਬਤਾ ਕਰਦਿਆਂ ਜੈਸ਼ੰਕਰ ਨੇ ਕਿਹਾ ਪ੍ਰਧਾਨ ਮੰਤਰੀ ਦੇ ਰਾਸ਼ਟਰਪਤੀ ਸੀਸੀ ਨਾਲ ਬਹੁਤ ਚੰਗੇ ਰਿਸ਼ਤੇ ਹਨ। ਦੱਸਣਯੋਗ ਹੈ ਕਿ ਮਿਸਰ ਜਾਣ ਵਾਲੇ ਆਖ਼ਰੀ ਭਾਰਤੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਨ ਜੋ 2009 ਵਿਚ ਉੱਥੇ ਗਏ ਸਨ। ਜੈਸ਼ੰਕਰ ਨੇ ਉਨ੍ਹਾਂ ਦੀ ਸਪੱਸ਼ਟ ਤੇ ਸਿੱਧੀ ਕੂਟਨੀਤਕ ਪਹੁੰਚ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਥਿਤੀਆਂ ਹੀ ਇਸ ਤਰ੍ਹਾਂ ਦੀਆਂ ਬਣ ਗਈਆਂ ਹਨ। ਉਨ੍ਹਾਂ ਕਿਹਾ, ‘ਮੈਂ ਮੰਨਦਾ ਹਾਂ ਕਿ ਆਖ਼ਰ ਵਿਚ ਆਪਣੇ ਆਪ ਨੂੰ ਖੁੱਲ੍ਹ ਕੇ ਬਿਆਨ ਕਰਨਾ ਮਹੱਤਵਪੂਰਨ ਹੈ। ਕਈ ਵਾਰ ਗੱਲ ਸਪੱਸ਼ਟ ਨਹੀਂ ਹੁੰਦੀ ਤੇ ਤੁਹਾਡੀ ਪਹੁੰਚ ਨੂੰ ਕੋਈ ਰੰਗਤ ਦੇ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਉਹ ਨਿਆਂਸੰਗਤ ਨਹੀਂ ਰਹਿ ਜਾਂਦਾ।’ ਦੱਸਣਯੋਗ ਹੈ ਕਿ ਜੂਨ ’ਚ ਸਲੋਵਾਕੀਆ ’ਚ ਹੋਏ ਇਕ ਕੌਮਾਂਤਰੀ ਸੰੰਮੇਲਨ ਵਿਚ ਜੈਸ਼ੰਕਰ ਨੇ ਕਿਹਾ ਸੀ ਕਿ ਯੂਰੋਪ ਨੂੰ ਇਸ ਮਾਨਸਿਕਤਾ ਵਿਚੋਂ ਬਾਹਰ ਨਿਕਲਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਤਾਂ ਪੂਰੀ ਦੁਨੀਆ ਦੀਆਂ ਸਮੱਸਿਆਵਾਂ ਹਨ ਪਰ ਦੁਨੀਆ ਦੀਆਂ ਸਮੱਸਿਆਵਾਂ, ਯੂਰੋਪ ਦੀਆਂ ਮੁਸ਼ਕਲਾਂ ਨਹੀਂ ਹਨ। ਗੁੱਟ-ਨਿਰਲੇਪ ਅੰਦੋਲਨ ਦੀ ਅਹਿਮੀਅਤ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਜੈਸ਼ੰਕਰ ਨੇ ਕਿਹਾ ਕਿ ਇਹ ਸਮੂਹ ਬਹੁਤ ਵੱਖਰੇ ਸਮਿਆਂ ਵਿਚ ਬਣਿਆ ਸੀ। ਉਨ੍ਹਾਂ ਕਿਹਾ ਕਿ ਆਜ਼ਾਦ ਮਾਨਸਿਕਤਾ ਵਾਲੇ ਮੁਲਕਾਂ ਲਈ ਜ਼ਰੂਰੀ ਹੈ ਕਿ ਉਹ ਸੰਸਾਰ ਦੀ ਭਵਿੱਖੀ ਪਹੁੰਚ ਨੂੰ ਤੈਅ ਕਰਨ ਲਈ ਖੁੱਲ੍ਹ ਕੇ ਗੱਲ ਕਰਨ ਕਿਉਂਕਿ ਸੰਸਾਰ ਵਿਚ ਦੋਹਰਾ ਧਰੁਵੀਕਰਨ ਵਾਪਰ ਰਿਹਾ ਹੈ। ਹੁਣ ਸਿਰਫ਼ ਪੂਰਬ-ਪੱਛਮ ਧਰੁਵੀਕਰਨ ਹੀ ਨਹੀਂ, ਉੱਤਰ-ਦੱਖਣ ਧਰੁਵੀਕਰਨ ਵੀ ਹੋ ਰਿਹਾ ਹੈ।