ਜੈਤੋ ਮੋਰਚਾ : ਸਿੱਖੀ-ਸਿਦਕ ਤੇ ਕੁਰਬਾਨੀ ਦੀ ਅਨੂਠੀ ਦਾਸਤਾਨ

ਜੈਤੋ ਮੋਰਚਾ : ਸਿੱਖੀ-ਸਿਦਕ ਤੇ ਕੁਰਬਾਨੀ ਦੀ ਅਨੂਠੀ ਦਾਸਤਾਨ

ਡਾ. ਮਹਿੰਦਰ ਸਿੰਘ

ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਅਜ਼ਾਦ ਕਰਾਉਣ ਲਈ ਸਿਦਕੀ ਸਿੱਖਾਂ ਵਲੋਂ ਚਲਾਈ ਗਈ ਗੁਰਦੁਆਰਾ ਸੁਧਾਰ ਲਹਿਰ, ਜਿਸ ਨੂੰ ਅਸੀਂ ਅਕਾਲੀ ਲਹਿਰ ਵੀ ਆਖਦੇ ਹਾਂ; ਦੇ ਦੌਰਾਨ ਗੁਰਦੁਆਰਾ ਜਨਮ-ਅਸਥਾਨ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਗੰਗ ਸਾਹਿਬ ਜੈਤੋ ਵਿਖੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਦਾ ਸਿੱਖ ਇਤਿਹਾਸ ਵਿਚ ਇਕ ਮਹੱਤਵਪੂਰਨ ਸਥਾਨ ਹੈ। ਇਹ ਸਿਦਕ ਤੇ ਕੁਰਬਾਨੀ ਦੀ ਇਕ ਅਦੁੱਤੀ ਮਿਸਾਲ ਹੈ, ਜਿਸ ਨੂੰ ਅਸੀਂ ਨਿਤਾਪ੍ਰਤੀ ਅਰਦਾਸ ਵਿਚ ਯਾਦ ਕਰਦੇ ਹਾਂ। ਜੈਤੋ ਦਾ ਸ਼ਹੀਦੀ ਸਾਕਾ ਮਹਾਰਾਜਾ ਰਿਪੁਦਮਨ ਸਿੰਘ ਨੂੰ ਉਸ ਦੀ ਗੱਦੀ ’ਤੇ ਬਹਾਲ ਕਰਨ ਲਈ ਅਕਾਲੀਆਂ ਵਲੋਂ ਚਲਾਏ ਗਏ ਮੋਰਚੇ ਦੌਰਾਨ ਨਾਭਾ ਰਿਆਸਤ ਦੀ ਪੁਲਿਸ ਵਲੋਂ ਨਿਹੱਥੇ ਤੇ ਸ਼ਾਂਤਮਈ ਜਥੇ ’ਤੇ ਚਲਾਈਆਂ ਗਈਆਂ ਗੋਲੀਆਂ ਦਾ ਨਤੀਜਾ ਸੀ। 21 ਫਰਵਰੀ, 1921 ਦੇ ਨਨਕਾਣੇ ਦੇ ਸ਼ਹੀਦੀ ਸਾਕੇ ਦੇ ਜ਼ਖ਼ਮ ਅਜੇ ਅੱਲੇ ਹੀ ਸਨ ਕਿ ਠੀਕ 3 ਸਾਲਾਂ ਬਾਅਦ 21 ਫਰਵਰੀ, 1924 ਨੂੰ ਜੈਤੋ ਦੇ ਮੋਰਚੇ ਸਮੇਂ ਪੁਲਿਸ ਵਲੋਂ ਕੀਤੀ ਗਈ ਤਸ਼ੱਦਦ ਨੇ ਜ਼ਖ਼ਮ ਮੁੜ ਕੁਰੇਦ ਦਿੱਤੇ। ਜੈਤੋ ਮੋਰਚੇ ਦਾ ਜ਼ਿਕਰ ਕਰਨ ਤੋ ਪਹਿਲਾਂ ਨਾਭੇ ਦੀ ਸਿੱਖ ਰਿਆਸਤ ਵਿਚ ਅੰਗਰੇਜ਼ੀ ਹਕੂਮਤ ਵਲੋਂ ਕੀਤੀਆਂ ਗਈਆਂ ਵਧੀਕੀਆਂ ਤੇ ਪਿਛੋਕੜ ਦਾ ਵਰਨਣ ਜ਼ਰੂਰੀ ਹੋਵੇਗਾ।
ਸਿੱਖ ਰਿਆਸਤਾਂ ਵਿਚ ਅਕਾਲੀ ਲਹਿਰ- ਮਹਾਰਾਜਾ ਰਿਪੁਦਮਨ ਸਿੰਘ ਦੀ ਸਿੱਖ ਭਾਈਚਾਰੇ ਦੇ ਗਰਮ-ਖਿਆਲ ਹਲਕੇ ਦੀ ਹਮਾਇਤ ਪ੍ਰਾਪਤ ਕਰਨ ਦੀ ਉਤਸੁਕਤਾ, ਅਤੇ ਉਸ ਦੀ ਬਹਾਲੀ ਦੇ ਸਵਾਲ ਨੂੰ ਹੱਥ ਵਿਚ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੁੰਗਾਰੇ ਦਾ ਸਿੱਟਾ-ਬਰਤਾਨਵੀ ਸਾਮਰਾਜ ਵਿਰੁੱਧ ਅਕਾਲੀ ਸੰਗਰਾਮ ਦਾ ਇਕ ਮਹੱਤਵਪੂਰਨ ਦੌਰ ਹੈ। ਇਸ ਹਕੀਕਤ ਤੋਂ ਇਲਾਵਾ ਕਿ ਦੋ ਅਹਿਮ ਸਿੱਖ ਰਿਆਸਤਾਂ ਦੇ ਹਾਕਮ-ਪਟਿਆਲੇ ਦਾ ਭੂਪਿੰਦਰ ਸਿੰਘ ਅਤੇ ਨਾਭੇ ਦਾ ਰਿਪੁਦਮਨ ਸਿੰਘ-ਇਕ ਜਾਂ ਦੂਜੇ ਤਰੀਕੇ ਨਾਲ ਲਹਿਰ ਦੇ ਠੀਕ ਜਨਮ ਤੋਂ ਹੀ ਇਸ ਦੇ ਅਖ਼ੀਰ ਤੱਕ ਨੇੜਿਓਂ ਜੁੜੇ ਰਹੇ। ਸਿੱਖ ਰਿਆਸਤਾਂ ਵਿਚ ਹੀ ਅਕਾਲੀ ਆਗੂਆਂ ਨੇ, ਕੁੰਜੀਆਂ ਦੇ ਮੋਰਚੇ ਤੇ ਗੁਰੂ ਕਾ ਬਾਗ਼ ਮੋਰਚੇ ਵਿਚ ਆਪਣੀਆਂ ਮੁਢਲੀਆਂ ਸਫਲਤਾਵਾਂ ਮਗਰੋਂ ਅਨਿਸਚਿਤ ਪ੍ਰਾਸੰਗਿਕਤਾ ਦੇ ਇਕ ਮਸਲੇ ਉਤੇ ਹਾਕਮਾਂ ਨੂੰ ਨਵੇਂ ਸਿਰੇ ਤੋਂ ਵੰਗਾਰਿਆ। ਸਿੱਖ ਰਿਆਸਤਾਂ ਵਿਚ ਉਨ੍ਹਾਂ ਦੇ ਅੰਦੋਲਨ ਦੌਰਾਨ ਹੀ ਅਕਾਲੀਆਂ ਨੂੰ ਬਰਤਾਨਵੀ ਅਧਿਕਾਰੀਆਂ ਵਲੋਂ ਅਤਿ ਕਰੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਇਨ੍ਹਾਂ ਨਾਲ ਜੁੜੇ ਹੋਏ ਭਿੰਨ-ਭਿੰਨ ਜਥਿਆਂ ਨੂੰ ਗ਼ੈਰ ਕਾਨੂੰਨੀ ਸੰਸਥਾਵਾਂ’ ਗਰਦਾਨ ਕੇ ਉਨ੍ਹਾਂ ਦੀਆਂ ਸਰਗਰਮੀਆਂ ਨੂੰ ਕਾਰਗਰ ਤਰੀਕੇ ਨਾਲ ਰੋਕਣ ਦਾ ਫ਼ੈਸਲਾ ਕੀਤਾ। ਫਿਰ ਇਨ੍ਹਾਂ ਰਿਆਸਤਾਂ ਵਿਚ ਹੀ ਸਿੱਖ ਮਹਾਰਾਜੇ, ਸਿੱਖ ਫ਼ੌਜਾਂ, ਸਿੱਖ ਸੁਧਾਰ ਤੇ ਜ਼ਿਲ੍ਹਾ ਕਮੇਟੀਆਂ ਅਤੇ ਭਾਈਚਾਰੇ ਵਿਚਲੇ ਦੂਜੇ ਸੁਆਰਥੀ ਹਿੱਤ ਲੋਕ ਜਮਹੂਰੀ ਲਹਿਰ ਨੂੰ ਕਮਜ਼ੋਰ ਕਰਨ ਲਈ ਸਰਕਾਰ ਦੁਆਲੇ ਇਕੱਠੇ ਹੋਏ।
ਕਿਉਂਕਿ ਸਿੱਖ ਰਿਆਸਤਾਂ ਵਿਚ ਅਕਾਲੀ ਲਹਿਰ ਦਾ ਵਿਸਤ੍ਰਿਤ ਇਤਿਹਾਸ (ਜੋ ਅਸਲ ਵਿਚ ਆਪਣੇ ਹਾਕਮਾਂ ਦੇ ਅਤਿਆਚਾਰਾਂ ਦੇ ਖ਼ਿਲਾਫ਼ ਰਿਆਸਤੀ ਪਰਜਾ ਦੇ ਸੰਗਰਾਮ ਦਾ ਸਮ-ਅਰਥੀ ਬਣ ਗਿਆ ਸੀ ਅਤੇ ਇਸ ਲਈ ਜੋ ਇਕ ਸੁਤੰਤਰ ਅਧਿਐਨ ਦਾ ਵਿਸ਼ਾ ਬਣ ਸਕਦਾ ਹੈ) ਹਥਲੀ ਕਿਰਤ ਦੇ ਦਾਇਰੇ ਅੰਦਰ ਨਹੀਂ ਆਉਂਦਾ, ਇਸ ਕਾਂਡ ਨੂੰ ਮੁੱਖ ਰੂਪ ਵਿਚ ਦੋ ਅਹਿਮ ਸਿੱਖ ਰਿਆਸਤਾਂ-ਨਾਭਾ ਤੇ ਪਟਿਆਲਾ-ਵਿਚ ਅਕਾਲੀ ਸਰਗਰਮੀਆਂ ਤੱਕ ਸੀਮਿਤ ਰੱਖਿਆ ਗਿਆ ਹੈ।
ਨਾਭੇ ਦੇ ਮਾਮਲੇ ਵਿਚ ਅਕਾਲੀਆਂ ਦਾ ਦਖ਼ਲ
ਨਾਭੇ ਦੇ ਮਹਾਰਾਜਾ ਰਿਪੁਦਮਨ ਸਿੰਘ ਦੀ ਦਸਤਬਰਦਾਰੀ ਅਤੇ ਇਸ ਮਾਮਲੇ ਵਿਚ ਅਕਾਲੀ ਦਖ਼ਲਅੰਦਾਜ਼ੀ ਅਕਾਲੀ ਲਹਿਰ ਦੇ ਅਤਿ ਵਿਵਾਦਗ੍ਰਸਤ ਮਾਮਲਿਆਂ ਵਿਚੋਂ ਇਕ ਹੈ। ਮਹਾਰਾਜਾ ਨੂੰ ਜਿਹੜਾ 20 ਦਸੰਬਰ, 1911 ਨੂੰ ਤਖ਼ਤ ਉਤੇ ਬੈਠਾ ਸੀ, 9 ਜੁਲਾਈ, 1923 ਨੂੰ ਉਸ ਦੇ ਨਾਬਾਲਗ਼ ਪੁੱਤਰ ਪ੍ਰਤਾਪ ਸਿੰਘ ਦੇ ਪੱਖ ਵਿਚ ਗੱਦੀਓਂ ਲਾਹ ਦਿੱਤਾ ਗਿਆ।
ਮਹਾਰਾਜੇ ਦੀ ਦਸਤਬਰਦਾਰੀ ਅਤੇ ਉਸ ਨੂੰ ਦੇਹਰਾਦੂਨ ਭੇਜੇ ਜਾਣ ਦੀ ਖ਼ਬਰ ਜਿਵੇਂ ਹੀ ਲੋਕਾਂ ਵਿਚ ਪੁੱਜੀ, ਸਥਾਨਕ ਅਖ਼ਬਾਰਾਂ, ਸ਼?ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਤੇ ਰਾਸ਼ਟਰੀ ਆਗੂਆਂ ਵਿਚ ਤਿੱਖਾ ਪ੍ਰਤੀਕਰਮ ਹੋਇਆ। ਅਕਾਲੀ ਪੱਖੀ ਅਖ਼ਬਾਰਾਂ ਨੇ, ਜਿਹੜੇ ਪਹਿਲਾਂ ਹੀ ਰਿਪੁਦਮਨ ਸਿੰਘ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਸਨ, ਦੋਹਰਾ ਪ੍ਰਤੀਕਰਮ ਦਿਖਾਇਆ: 1. ਨਾਭਾ ਵਿਚ ਸਰਕਾਰੀ ਦਖ਼ਲ ਵਿਰੁੱਧ ਜ਼ਬਰਦਸਤ ਰੋਸ ਅਤੇ 2. ਮਹਾਰਾਜੇ ਦੀ ਹੋਰ ਜ਼ਿਆਦਾ ਮਹਿਮਾ। ਇਨ੍ਹਾਂ ਅਖ਼ਬਾਰਾਂ ਨੇ ਇਸ ਸਰਕਾਰੀ ਦਾਅਵੇ ਨੂੰ ਚੁਣੌਤੀ ਦਿੱਤੀ ਕਿ ਮਹਾਰਾਜਾ ਆਪਣੇ ਆਪ ਦਸਤਬਰਦਾਰ ਹੋਇਆ ਹੈ ਅਤੇ ਐਲਾਨ ਕੀਤਾ ਕਿ ਸਰਕਾਰ ਵਲੋਂ ਜਾਰੀ ਕੀਤੇ ਬਿਆਨ ਝੂਠੇ ਤੇ ਗੁੰਮਰਾਹ ਕਰਨ ਵਾਲੇ ਹਨ। 13 ਅਗਸਤ, 1923 ਨੂੰ ਅਕਾਲੀ ਅਖ਼ਬਾਰ ਨੇ ਲਿਖਿਆ: ਉਸ ਦੇ ਖ਼ਿਲਾਫ਼ ਲਾਏ ਗਏ ਦੋਸ਼ ਗੰਭੀਰ ਹਨ ਅਤੇ ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇਣਾ ਜ਼ਰੂਰੀ ਹੈ, ਵਰਨਾ ਚੁੱਪ ਦਾ ਇਹ ਅਰਥ ਲਿਆ ਜਾਵੇਗਾ ਕਿ ਉਹ ਠੀਕ ਤੱਥਾਂ ’ਤੇ ਆਧਾਰਿਤ ਹਨ।
ਇੰਡੀਅਨ ਨੈਸ਼ਨਲ ਕਾਂਗਰਸ ਦੇ ਆਗੂਆਂ, ਜਿਹੜੇ ਵੈਸੇ ‘ਮਹਾਰਾਜੇ ਦੇ ਹਮਾਇਤੀ ਨਹੀਂ ਸਨ, ਨੇ ਵੀ ਉਸ ਨੂੰ ‘ਰਾਸ਼ਟਰਵਾਦੀ ਸ਼ਹਿਜ਼ਾਦਾ’ ਆਖ ਕੇ ਵਡਿਆਇਆ ਅਤੇ ਕਿਹਾ ਕਿ ਉਸ ਨੂੰ ਉਹ ਦੀਆਂ ਤਰੁੱਟੀਆਂ ਕਾਰਨ ਨਹੀਂ, ਸਗੋਂ ਉਹਦੇ ਗੁਣਾਂ ਕਾਰਨ ਗੱਦੀਓਂ ਲਾਹਿਆ ਗਿਆ ਹੈ।’
ਇਉਂ ਇਕ ਮਜ਼ਬੂਤ ਲੋਕ ਰਾਇ ਬਣ ਜਾਣ ਉੱਤੇ, ਗਰਮ-ਖ਼ਿਆਲ ਅਕਾਲੀ ਆਗੂ, ਮਾਸਟਰ ਤਾਰਾ ਸਿੰਘ ਨੇ ਨਾਭੇ ਦੇ ਮਹਾਰਾਜਾ ਦੀ ਬਹਾਲੀ ਲਈ ਅਕਾਲੀ ਸੰਗਰਾਮ ਲਈ ਮੁਢਲੀ ਤਿਆਰੀ ਦਾ ਕੰਮ ਕੀਤਾ। ਦੋ ਅਕਾਲੀ ਦੈਨਿਕ ਪੱਤਰਾਂ, ਅਕਾਲੀ ਅਤੇ ਅਕਾਲੀ ਤੇ ਪਰਦੇਸੀ ਵਿਚ ਲੜੀਵਾਰ ਪੁਰਜ਼ੋਰ ਲੇਖਾਂ ਰਾਹੀਂ, ਉਸਨੇ ਪੰਜਾਬ ਵਿਚੋਂ ਮਹਾਰਾਜਾ ਦਲੀਪ ਸਿੰਘ ਨੂੰ ਹਟਾਏ ਜਾਣ ਦੀ ਯਾਦ ਤਾਜ਼ਾ ਕਰਾ ਕੇ ਤੇ ਇਸ ਤਰ੍ਹਾਂ ਦੋਹਾਂ ਘਟਨਾਵਾਂ ਵਿਚ ਸਮਾਨਤਾ ਦਰਸਾ ਕੇ ਸਿੱਖ ਭਾਵਨਾਵਾਂ ਉਭਾਰਨ ਦਾ ਯਤਨ ਕੀਤਾ। ਅਕਾਲੀ ਤੇ ਪਰਦੇਸੀ ਦੇ ਇਕ ਪਰਚੇ ਵਿਚ ਉਸ ਨੇ ਲਿਖਿਆ ਸੀ:
ਪੰਥ ਪ੍ਰੇਮੀਓ, ਕੀ ਤੁਸੀਂ ਮਹਾਰਾਜਾ ਦਲੀਪ ਸਿੰਘ ਦੇ ਰਖਵਾਲਿਆਂ ਨੂੰ ਨਾਭਾ ਦੇ ਟਿੱਕਾ ਸਾਹਿਬ ਨੂੰ ਸੰਭਾਲਣ ਦੀ ਆਗਿਆ ਦੇਵੋਗੇ। ਉਠੋ, ਦੀਵਾਨ ਲਾਓ ਤੇ ਤਕਰੀਰਾਂ ਕਰੋ। ਹਰ ਸਿੱਖ ਸੰਸਥਾ ਨੂੰ ਇਸ ਧੋਖਾਧੜੀ ਦੇ ਖ਼ਿਲਾਫ਼ ਜੱਦੋ-ਜਹਿਦ ਦਾ ਤੂਫ਼ਾਨ ਖੜ੍ਹਾ ਕਰਨਾ ਚਾਹੀਦਾ ਹੈ…ਨਿਡਰ ਹੋ ਕੇ ਮੈਦਾਨ ਵਿਚ ਨਿਤਰੋ…।
ਰਿਪੁਦਮਨ ਸਿੰਘ ਨੂੰ ਨਾਭੇ ਦੇ ਤਖ਼ਤ ਉਤੇ ਮੁੜ ਬਿਠਾਉਣ ਦੇ ਸਵਾਲ ਨੂੰ ਚੁੱਕਣ ਸੰਬੰਧੀ ਅਕਾਲੀ ਆਗੂਆਂ ਦੇ ਫ਼ੈਸਲੇ ਨਾਲ, ਉਸਦੀ ਦਸਤਬਰਦਾਰੀ ਦਾ ਮਸਲਾ ਵਿਸ਼ਾਲ ਪਾਸਾਰ ਧਾਰਨ ਕਰ ਗਿਆ ਅਤੇ ਵਿਵਾਦ ਦਾ ਖੇਤਰ ਚੌੜਾ ਹੋ ਗਿਆ। ਸ਼ੁਰੂ ਵਿਚ ਇਸ ਸਵਾਲ ਪ੍ਰਤੀ ਉਨ੍ਹਾਂ ਦੀ ਨੀਤੀ ਬਾਰੇ ਸ਼?ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਦੀਆਂ ਰਾਵਾਂ ਵੱਖ ਵੱਖ ਸਨ। ਨਰਮ-ਖਿਆਲ ਮੈਂਬਰ ਮਹਿਸੂਸ ਕਰਦੇ ਸਨ ਕਿ ਦਸਤਬਰਦਾਰੀ ਇਕ ’ਰਾਜਸੀ ਸਵਾਲ’ ਹੈ ਅਤੇ ਇਸ ਲਈ, ਸ਼?ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਇਕ ਧਾਰਮਿਕ ਅਦਾਰਾ ਹੈ, ਮਹਾਰਾਜੇ ਦੀ ਬਹਾਲੀ ਦੇ ਸਵਾਲ ਨੂੰ ਹੱਥ ਵਿਚ ਲੈਣ ਦੀ ਅਧਿਕਾਰੀ ਨਹੀਂ। ਇਨ੍ਹਾਂ ਮੈਂਬਰਾਂ ਦੀ ਦਲੀਲ ਸੀ ਕਿ ਜੇ ਅਕਾਲੀ ਆਗੂ ਇਹ ਮਹਿਸੂਸ ਕਰਦੇ ਹਨ ਕਿ ਮਹਾਰਾਜੇ ਨੂੰ ਗੱਦੀ ਤੋਂ ਲਾਹ ਕੇ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਜ਼ਖ਼ਮੀ ਕੀਤੀਆਂ ਹਨ, ਤਾਂ ਸਿੱਖਾਂ ਦੇ ਰਾਜਨੀਤਕ ਸੰਗਠਨ, ਸਿੱਖ ਲੀਗ ਨੂੰ ਇਹ ਸਵਾਲ ਹੱਥ ਵਿਚ ਲੈਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਬਹੁਤੇ ਮੈਂਬਰ ‘ਹਾਲਾਤ ਉਤੇ ਨਜ਼ਰ ਰੱਖਣ ਅਤੇ ਨਰਮ-ਖਿਆਲ ਰਸਤਾ ਅਖ਼ਤਿਆਰ ਕਰਨ’ ਦੇ ਹੱਕ ਵਿਚ ਸਨ। ਅਕਾਲੀ ਆਗੂਆਂ ਨੇ ਰਸਮੀ ਤੌਰ ’ਤੇ 9 ਜੁਲਾਈ 1923 ਨੂੰ ਇਕ ਕਮਿਊਨਿਕੇ ਜਾਰੀ ਕਰਕੇ ਮਹਾਰਾਜਾ ਦੀ ਬਹਾਲੀ ਦਾ ਸਵਾਲ ਉਠਾਇਆ। ਇਸ ਵਿਚ ਲਿਖਿਆ ਸੀ ਕਿ ਭਾਰਤ ਦੀ ਸਰਕਾਰ ਨੇ ਨਾਭੇ ਦੇ ਜੱਦੀ ਵਾਰਿਸ ਹਾਕਮ ਨੂੰ ਅਨਿਆਈਂ ਤੇ ਜ਼ਬਰਦਸਤੀ ਉਸ ਦੀ ਰਿਆਸਤ ਦੇ ਪ੍ਰਸ਼ਾਸਨ ਤੋਂ ਅਲੱਗ ਕਰ ਦਿੱਤਾ ਹੈ। ਇਸ ਵਿਚ ਸਰਕਾਰ ਉਤੇ ਮਹਾਰਾਜੇ ਨਾਲ ਆਪਹੁਦਰਾ ਸਲੂਕ ਕਰਨ ਦਾ ਵੀ ਇਲਜ਼ਾਮ ਲਾਇਆ ਗਿਆ ਸੀ। 29 ਜੁਲਾਈ ਮਹਾਰਾਜੇ ਦੀ ਬਹਾਲੀ ਲਈ ਅਰਦਾਸ ਕਰਨ ਦਾ ਦਿਨ ਮਿਥਿਆ ਗਿਆ ਅਤੇ 9 ਸਤੰਬਰ ਨੂੰ ਦਿੱਲੀ ਦੇ ਵੱਡੇ ਬਾਜ਼ਾਰਾਂ ਤੇ ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ ਵਿਚ ਨੰਗੇ ਪੈਰੀਂ ਰੋਸ ਮਾਰਚ ਕਰਨਾ ਮਿਥਿਆ ਗਿਆ। ਅਜਿਹੇ ਮੌਕਿਆਂ ’ਤੇ ਸੰਗਤ ਨੂੰ ਬੇਨਤੀ ਕੀਤੀ ਗਈ ਕਿ ਸਰਕਾਰ ਤੇ ਰਾਜ ਪ੍ਰਤੀਨਿਧ ਦੀ ਕਾਰਵਾਈ ਦੀ ਨਿਖੇਧੀ ਦੇ ਮਤੇ ਪਾਸ ਕੀਤੇ ਜਾਣ ਅਤੇ ਮਹਾਰਾਜੇ ਨੂੰ ਜਿਥੇ ਵੀ ਭੇਜਿਆ ਗਿਆ ਹੋਵੇ ਉਥੇ ਹੀ ਹਮਦਰਦੀ ਦੀਆਂ ਤਾਰਾਂ ਭੇਜੀਆਂ ਜਾਣ। 10 ਜੁਲਾਈ, 1923 ਨੂੰ ਜਾਰੀ ਕੀਤੇ ਗਏ ਇਕ ਹੋਰ ਕਮਿਊਨਿਕੇ ਵਿਚ ਕਿਹਾ ਗਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਹ ਵਿਸ਼ਵਾਸ ਕਰਨ ਦਾ ਨਿੱਗਰ ਆਧਾਰ ਹੈ ਕਿ ਮਹਾਰਾਜਾ ਆਪਣੀ ਮਰਜ਼ੀ ਨਾਲ ਦਸਤਬਰਦਾਰ ਨਹੀਂ ਹੋਇਆ, ਸਗੋਂ ਸਰਕਾਰ ਵਲੋਂ ਦਬਾਅ ਪਾ ਕੇ ਉਸ ਨੂੰ ਤਖ਼ਤੋਂ ਲਾਹਿਆ ਗਿਆ ਹੈ। ਇਹ ਵੀ ਕਿਹਾ ਗਿਆ ਸੀ ਕਿ ਨਾਭਾ ਨੂੰ ਕਮਜ਼ੋਰ ਕਰਨਾ ਸਿਖ ਭਾਈਚਾਰੇ ਦੇ ਇਕ ਅਹਿਮ ਹਿੱਸੇ ਦੇ ਖ਼ਿਲਾਫ਼ ਕਈ ਹੋਰ ਤਬਦੀਲੀਆਂ ਦਾ ਮੁੱਢ ਹੈ।
ਸਰਕਾਰੀ ਹੁਕਮਾਂ ਦਾ ਉਲੰਘਣ ਕਰਕੇ, ਅਕਾਲੀਆਂ ਨੇ ਨਾਭਾ ਰਿਆਸਤ ਦੇ ਵੱਖ-ਵੱਖ ਹਿੱਸਿਆਂ ਵਿਚ ਦੀਵਾਨ ਲਾ ਕੇ ਸਰਕਾਰੀ ਕਾਰਵਾਈ ਉਤੇ ਵਿਚਾਰਾਂ ਵੀ ਕੀਤੀਆਂ ਤੇ ਇਸ ਦੀ ਨਿਖੇਧੀ ਵੀ ਕੀਤੀ। ਇਸੇ ਕਿਸਮ ਦਾ ਇਕ ਦੀਵਾਨ 25 ਅਗਸਤ, 1923 ਨੂੰ ਜੈਤੋ ਵਿਖੇ ਲਾਇਆ ਗਿਆ। ਦੀਵਾਨ ਦੇ ਪਹਿਲੇ ਦਿਨ ਇਕ ਵਿਸ਼ਾਲ ਜਲੂਸ ਕੱਢਿਆ ਗਿਆ। ਤੀਜੇ ਦਿਨ, 27 ਅਗਸਤ, ਨੂੰ ਕੁਝ ਮਤੇ ਪਾਸ ਕੀਤੇ ਗਏ ਜਿਨ੍ਹਾਂ ਦੁਆਰਾ ਮਹਾਰਾਜਾ ਨਾਲ ਹਮਦਰਦੀ ਪ੍ਰਗਟ ਕਰਨ ਤੋਂ ਇਲਾਵਾ ਰਿਆਸਤੀ ਪੁਲਿਸ ਦੀ ਕਾਰਵਾਈ ਦੀ, ਧਰੋਹੀ ਰਿਆਸਤੀ ਅਧਿਕਾਰੀਆਂ ਅਤੇ ਪਟਿਆਲਾ ਦੀ ਗੁਆਂਢੀ ਰਿਆਸਤ ਵਿਚ ਅਕਾਲੀਆਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਗਈ। ਸਹਾਇਕ ਪ੍ਰਸ਼ਾਸਕ, ਗੁਰਦਿਆਲ ਸਿੰਘ ਦੇ ਹੁਕਮਾਂ ਨਾਲ ਰਿਆਸਤੀ ਪੁਲਿਸ ਨੇ ਪ੍ਰਬੰਧਕਾਂ ਨੂੰ, ਇੰਦਰ ਸਿੰਘ ਤੇ ਹੋਰ ਅਕਾਲੀਆਂ ਨੂੰ ‘ਰਾਜਸੀ ਤਕਰੀਰਾਂ’ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ। ਇਹ ਘਟਨਾ ਅਕਾਲੀਆਂ ਲਈ ਇਕ ਵੰਗਾਰ ਸੀ ਅਤੇ ਸ਼ੁਰੂ ਵਿਚ ਤਿੰਨ ਦਿਨ ਲਈ ਲਾਇਆ ਗਿਆ ਦੀਵਾਨ, ਜਿਹੜਾ 27 ਅਗਸਤ ਨੂੰ ਖ਼ਤਮ ਹੋ ਜਾਣਾ ਸੀ, ਅਨਿਸਚਿਤ ਸਮੇਂ ਲਈ ਵਧਾ ਦਿੱਤਾ ਗਿਆ।
ਪਹਿਲਾਂ ਜੈਤੋ ਦਾ ਅਕਾਲੀ ਦੀਵਾਨ ਇਕ ਸਥਾਨਕ ਮਾਮਲਾ ਸੀ, ਕਿਉਂਕਿ ਬਾਹਰ ਤੋਂ ਅਜੇ ਕੋਈ ਅਕਾਲੀ ਨਹੀਂ ਸੀ ਆਇਆ। ਪਰ ਨਾਭਾ ਪ੍ਰਸ਼ਾਸਨ ਦੀ ਕਾਰਵਾਈ ਨੇ ਰਿਆਸਤ ਤੋਂ ਬਾਹਰ ਦੇ ਅਕਾਲੀ ਆਗੂਆਂ ਦਾ ਧਿਆਨ ਖਿੱਚ ਲਿਆ। ਦੀਵਾਨ ਚਾਲੂ ਰੱਖਣ ਲਈ ਅਤੇ ਸ਼ਾਇਦ ਬਾਹਰੋਂ ਲੋਕਾਂ ਨੂੰ ਖਿੱਚਣ ਲਈ ਪ੍ਰਬੰਧਕਾਂ ਨੇ ਜੈਤੋ ਵਿਖੇ ਅਖੰਡ ਪਾਠ ਸ਼ੁਰੂ ਕਰ ਦਿੱਤਾ। ਨਾਭਾ ਪੁਲਿਸ ਨੇ ਅਕਾਲੀਆਂ ਨੂੰ ਸਮੇਤ ਪਾਠੀ ਸਿੰਘ ਦੇ, ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਤਰ੍ਹਾਂ ਅਖੰਡ ਪਾਠ ਭੰਗ ਹੋਇਆ ਮੰਨ ਲਿਆ ਗਿਆ। ਇਹ ਗੱਲ ਅਕਾਲੀਆਂ ਵਿਚ ਵੱਡੀ ਹਲਚਲ ਦਾ ਕਾਰਨ ਬਣੀ, ਜਿਹੜੇ ਪਹਿਲਾਂ ਹੀ ਮਹਾਰਾਜੇ ਦੀ ਜਬਰੀ ਦਸਤਬਰਦਾਰੀ ਅਤੇ ਦੀਵਾਨ ਦੇ ਪ੍ਰਬੰਧਕਾਂ ਦੀ ਗ੍ਰਿਫ਼ਤਾਰੀ ’ਤੇ ਪ੍ਰੇਸ਼ਾਨ ਸਨ।
29 ਸਤੰਬਰ, 1923 ਨੂੰ ਸ਼?ਰੋਮਣੀ ਕਮੇਟੀ ਨੇ ਇਕ ਲੰਮਾ ਚੌੜਾ ਮਤਾ ਪਾਸ ਕੀਤਾ, ਜਿਸ ਵਿਚ ਅਖੰਡ ਪਾਠ ਵਿਚ ਵਿਘਨ ਪਾਉਣ ਲਈ ਸਰਕਾਰੀ ਕਾਰਵਾਈ ਦੀ ਨਿਖੇਧੀ ਕੀਤੀ ਗਈ ਅਤੇ ਪੂਜਾ ਪਾਠ ਦੀ ਆਜ਼ਾਦੀ ਦੇ ਸਿੱਖਾਂ ਦੇ ਅਧਿਕਾਰ ਨੂੰ ਹਰ ਕੀਮਤ ਉਤੇ ਬਹਾਲ ਕਰਨ ਦੇ ਇਰਾਦੇ ਦਾ ਐਲਾਨ ਕੀਤਾ ਗਿਆ।
ਜੈਤੋ ਵਿਖੇ ਅਕਾਲੀ ਸੰਗਰਾਮ
ਇਸ ਤਰ੍ਹਾਂ ਨਾਭਾ ਰਿਆਸਤ ਦਾ ਛੋਟਾ ਜਿਹਾ ਕਸਬਾ ਜੈਤੋ ਜ਼ਬਰਦਸਤ ਅਕਾਲੀ ਮੋਰਚੇ ਦਾ ਦ੍ਰਿਸ਼ ਬਣ ਗਿਆ। ਸੁਤੰਤਰ ਪੂਜਾ ਪਾਠ ਦੇ ਆਪਣੇ ਅਧਿਕਾਰ ਨੂੰ ਪ੍ਰਮਾਣਿਤ ਕਰਨ ਅਤੇ ਮਹਾਰਾਜਾ ਦੀ ਬਹਾਲੀ ਦੀ ਦ੍ਰਿਸ਼ਟੀ ਤੋਂ ਸ਼੍ਰੋਮਣੀ ਕਮੇਟੀ ਨੇ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਤੋਂ ਹਰ ਰੋਜ਼ ਜੈਤੋ ਜਥੇ ਭੇਜਣ ਦਾ ਫ਼ੈਸਲਾ ਕੀਤਾ। ਸ਼ੁਰੂ ਵਿਚ, ਅਕਾਲ ਤਖ਼ਤ ਸਾਹਮਣੇ ਕਰਨੀ, ਕਥਨੀ ਤੇ ਚਿੰਤਨ ਵਿਚ ਸ਼ਾਂਤਮਈ ਰਹਿਣ ਦਾ ਪ੍ਰਣ ਲੈ ਕੇ ਰੋਜ਼ 25 ਮੈਂਬਰਾਂ ’ਤੇ ਆਧਾਰਿਤ ਜਥੇ ਜੈਤੋ ਜਾਣ ਲੱਗੇ। ਮਨੋਰਥ ਸੀ:

  • ਗੰਗਸਰ, ਜੈਤੋ ਵਿਖੇ ਖੰਡਿਤ ਹੋਇਆ ਅਖੰਡ ਪਾਠ ਮੁੜ ਸ਼ੁਰੂ ਕਰਨਾ ਅਤੇ
  • ਸਾਰੇ ਸਿੱਖ ਗੁਰਦੁਆਰਿਆਂ ਵਿਚ ਸੁਤੰਤਰ ਪੂਜਾ ਪਾਠ ਤੇ ਧਾਰਮਿਕ ਇਕੱਠ ਕਰਨ ਲਈ ਸਿੱਖਾਂ ਦੇ ਜਮਾਂਦਰੂ ਅਧਿਕਾਰ ਨੂੰ ਸਥਾਪਤ ਕਰਨ ਵਾਸਤੇ ਹੰਕਾਰੀ ਅਧਿਕਾਰੀਆਂ ਵਲੋਂ ਦਿੱਤੇ ਜਾਣ ਵਾਲੇ ਕਸ਼ਟ ਤੇ ਤਸੀਹੇ ਨਿਮਰਤਾ ਦੀ ਭਾਵਨਾ ਨਾਲ ਝੱਲਣੇ।
    ਸੂਬੇ ਦੇ ਬਰਤਾਨਵੀ ਅਧਿਕਾਰੀਆਂ, ਜਿਹੜੇ ਅਕਾਲੀ ਆਗੂਆਂ ਦੀ ਵਧ ਰਹੀ ਤਾਕਤ ਤੇ ਸਾਖ਼ ਨੂੰ ਵਡੇਰੀ ਚਿੰਤਾ ਨਾਲ ਵੇਖ ਰਹੇ ਸਨ, ਨੇ ਵੇਖਿਆ ਕਿ ਇਸ ਨਾਲ ਗ਼ੈਰ-ਅਕਾਲੀ ਸਿੱਖਾਂ ਨੂੰ ਪ੍ਰਭਾਵਿਤ ਕਰਨ ਵਿਚ ਸ਼?ਰੋਮਣੀ ਕਮੇਟੀ ਦੀ ਇਸ ਅਪੀਲ ਦੀ ਸਫਲਤਾ ਵਿਚ ਵਾਧਾ ਹੋ ਰਿਹਾ ਹੈ ਕਿ ਇਹ ਨਿਰੋਲ ਧਾਰਮਿਕ ਪ੍ਰੋਗਰਾਮ ਹੈ। ਅਧਿਕਾਰੀਆਂ ਨੂੰ ਖਾਸ ਚਿੰਤਾ ਇਸ ਗੱਲ ਦੀ ਸੀ ਕਿ ਅਕਾਲੀ ਜਥਿਆਂ ਦੀ ਜੈਤੋ ਵੱਲ ਯਾਤਰਾ ਇਕ ਜੇਤੂ ਜਲੂਸ ਵਰਗੀ ਹੋਵੇਗੀ, ਜਿਸ ਨਾਲ ਅਕਾਲੀਆਂ ਦੇ ਵਕਾਰ ਵਿਚ ਹੋਰ ਵਾਧਾ ਹੋਵੇਗਾ। ਉਚੇਰੇ ਅਧਿਕਾਰੀਆਂ ਦਾ ਸੁਝਾਓ ਸੀ ਕਿ ਸਮੇਂ ਸਿਰ ਕੀਤੀ ਕਾਰਵਾਈ ਨਾਲ ਅਕਾਲੀ ਸਰਗਰਮੀਆਂ ਨੂੰ ਠੱਲ੍ਹ ਹੀ ਨਹੀਂ ਪਵੇਗੀ, ਸਗੋਂ ਨੌਕਰ-ਸ਼ਾਹੀ ਦਾ ਵਕਾਰ ਵੀ ਬਹਾਲ ਹੋਵੇਗਾ। ਸੂਬੇ ਦੇ ਕੁਝ ਬਰਤਾਨਵੀ ਅਧਿਕਾਰੀ ਅਜਿਹੇ ਸਨ ਜਿਹੜੇ ਸਾਰੇ ਪ੍ਰਬੰਧਕਾਂ ਨੂੰ ਸ਼ਹਿ ਦੇਣ ਵਾਲੇ (ਅਕਾਲੀ ਲਹਿਰ ਦੇ) ਅਪਰਾਧੀਆਂ ਵਜੋਂ ਗ੍ਰਿਫ਼ਤਾਰ ਕਰਕੇ ਤੇ ਸਜ਼ਾਵਾਂ ਦੇ ਕੇ ਅਕਾਲੀ ਕਾਰਵਾਈਆਂ ਨੂੰ ਕਾਰਗਰ ਢੰਗ ਨਾਲ ਬੰਦ ਕਰਨ ਦੀ ’ਸੈਕਟਰੀ ਆਫ ਸਟੇਟ ਦੀ ਸਲਾਹ ਨੂੰ ਅਮਲੀ ਰੂਪ ਦੇਣ ਲਈ ’ਉਚਿਤ ਸਬੂਤ’ ਦੀ ਉਡੀਕ ਵਿਚ ਸਨ। ਨਾਭੇ ਵੱਲ ਅਕਾਲੀ ਜਥਿਆਂ ਦੇ ਕੂਚ ਨੇ ਇਕ ਚੰਗਾ ਮੌਕਾ ਮੁਹੱਈਆ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਦੂਜੀਆਂ ਸੰਬੰਧਿਤ ਜਥੇਬੰਦੀਆਂ ਨੂੰ ’ਗ਼ੈਰ-ਕਾਨੂੰਨੀ ਸੰਸਥਾਵਾਂ’ ਘੋਸ਼ਤ ਕੀਤਾ ਜਾ ਸਕੇ।
    ਪਰੰਤੂ, 25 ਮੈਂਬਰੀ ਛੋਟੇ-ਛੋਟੇ ਜਥੇ ਜੈਤੋ ਭੇਜਣ ਅਤੇ ਨਾਭਾ ਰਿਆਸਤ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲੈਣ ਦੇ ਕੋਈ ਨਿੱਗਰ ਨਤੀਜੇ ਨਾ ਨਿਕਲੇ। ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ, ਸ਼੍ਰੋਮਣੀ ਕਮੇਟੀ ਨੇ ਫ਼ੈਸਲਾ ਕੀਤਾ ਕਿ 21 ਫਰਵਰੀ, 1924 ਨੂੰ ਨਨਕਾਣੇ ਦੇ ਸਾਕੇ ਦੀ ਤੀਜੀ ਵਰ੍ਹੇਗੰਢ ਦੇ ਅਵਸਰ ’ਤੇ 500 ਅਕਾਲੀਆਂ ਦਾ ਇਕ ਵਡੇਰਾ ਸ਼ਹੀਦੀ ਜਥਾ ਜੈਤੋ ਪਹੁੰਚਣਾ ਚਾਹੀਦਾ ਹੈ। ਮੁਢਲੇ ਬੰਦੋਬਸਤ ਕਰਨ ਮਗਰੋਂ ਸ਼੍ਰੋਮਣੀ ਕਮੇਟੀ ਨੇ ਜਥਾ 9 ਫਰਵਰੀ, 1924 ਨੂੰ ਭੇਜਣ ਦਾ ਨਿਰਣਾ ਕਰ ਲਿਆ। ਇਸ ਜਥੇ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਵੱਖ-ਵੱਖ ਪੇਸ਼ਿਆਂ ਤੇ ਵਰਗਾਂ ਦੇ ਬੰਦੇ ਸ਼ਾਮਿਲ ਸਨ। ਜਥੇ ਦੀ ਰਵਾਨਗੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਨੇ ‘ਕਰਨੀ, ਕਥਨੀ ਤੇ ਚਿੰਤਨ ਵਿਚ ਪੂਰੀ ਤਰ੍ਹਾਂ ਸ਼ਾਂਤ ਰਹਿਣ’ ਲਈ ਸਾਵਧਾਨ ਕੀਤਾ’। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਰਿਪੋਰਟ ਅਨੁਸਾਰ, ਜਥੇ ਵਿਚ ਸ਼ਾਮਿਲ ਹੋਣ ਵਾਲੇ ਬਾਕਾਇਦਾ ਦਰਬਾਰ ਸਾਹਿਬ ਆਉਣ ਵਾਲੇ ਹੀ ਨਹੀਂ ਸਗੋਂ ਅਸਲ ਜਨੂੰਨੀ ਵੀ ਸਨ। ਬਾਅਦ ਵਿਚ ਡਾ. ਸੈਫੁਦ-ਦੀਨ ਕਿਚਲੂ, ਪੰਡਿਤ ਦੀਨਾ ਨਾਥ ਅਤੇ ਕਾਂਗਰਸ ਪਾਰਟੀ ਦੇ ਕੁਝ ਹੋਰ ਮੈਂਬਰ ਵੀ ਜਥੇ ਵਿਚ ਸ਼ਾਮਿਲ ਹੋਏ। ਸਰਕਾਰੀ ਰਿਪੋਰਟਾਂ ਅਨੁਸਾਰ ਅੰਮ੍ਰਿਤਸਰ ਦੇ ਘੰਟਾ ਘਰ ਤੋਂ ਕੋਈ 30,000 ਲੋਕਾਂ ਨੇ ਜਥਾ ਤੁਰਦਿਆਂ ਅੱਖੀਂ ਦੇਖਿਆ।
    ਵੱਖ-ਵੱਖ ਪਿੰਡਾਂ ਵਿਚੋਂ ਦੀ ਲੰਘਦਾ ਅਤੇ ਮਾਲਵੇ ਦੀ ਸਿੱਖ ਕਿਸਾਨੀ ਵਲੋਂ ਭਰਵਾਂ ਹੁੰਗਾਰਾ ਪ੍ਰਾਪਤ ਕਰਦਾ ਜਥਾ, 20 ਫਰਵਰੀ ਨੂੰ ਬੜੇ ਜੋਸ਼-ਖ਼ਰੋਸ਼ ਨਾਲ ਬਰਗਾੜੀ ਪਹੁੰਚਾ। ਇਹ ਪਿੰਡ ਜੈਤੋ ਤੋਂ ਕੋਈ 15 ਕਿਲੋਮੀਟਰ ਦੂਰ ਨਾਭਾ ਤੇ ਫਰੀਦਕੋਟ ਦੀ ਸਰਹੱਦ ਉਤੇ ਹੈ। 21 ਫਰਵਰੀ ਦੁਪਹਿਰੇ ਜਥਾ ਆਪਣੀ ਮੰਜ਼ਿਲ, ਜੈਤੋ ਦੇ ਗੁਰਦੁਆਰਾ ਗੰਗਸਰ ਲਈ ਰਵਾਨਾ ਹੋਇਆ। ਇਥੇ ਨਿਊਯਾਰਕ ਟਾਈਮਜ਼ ਦਾ ਪੱਤਰ ਪ੍ਰੇਰਕ ਮਿਸਟਰ ਜ਼ਿੰਮਡ ਵੀ ਜਥੇ ਵਿਚ ਸ਼ਾਮਿਲ ਹੋ ਗਿਆ। ਮਿਸਟਰ ਜ਼ਿੰਮਡ ਸਮੇਤ ਬਹੁਤ ਸਾਰੇ ਸੁਤੰਤਰ ਨਿਰੀਖਿਅਕਾਂ ਅਨੁਸਾਰ ਜਥਾ ਬਿਲਕੁਲ ਜ਼ਾਬਤੇ ਵਿਚ ਅਤੇ ਸ਼ਾਂਤਮਈ ਰਹਿ ਕੇ ਅੱਗੇ ਵਧ ਰਿਹਾ ਸੀ ਅਤੇ ਉਸ ਦੇ ਸੱਜੇ ਖੱਬੇ ਲੋਕਾਂ ਦੀਆਂ ਭੀੜਾਂ ਸਨ। ਅੱਗੇ ਪੰਜ ਨਿਸ਼ਾਨ ਸਾਹਿਬ ਸਨ ਅਤੇ ਅੱਧ-ਵਿਚਾਲੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ।
    ਜਦੋਂ ਜਥਾ ਗੁਰਦੁਆਰਾ ਟਿੱਬੀ ਸਾਹਿਬ ਤੋਂ ਕੋਈ 150 ਮੀਟਰ ਦੇ ਫਾਸਲੇ ’ਤੇ ਆ ਗਿਆ ਤਾਂ ਨਾਭੇ ਦੇ ਪ੍ਰਸ਼ਾਸਕ ਮਿਸਟਰ ਵਿਲਸਨ ਜੌਨਸਟੋਨ ਨੇ ਆ ਕੇ ਇਸ ਨੂੰ ਰੋਕਣ ਦਾ ਹੁਕਮ ਦਿੱਤਾ। ਪਰ ਜਥੇ ਨੇ ਗੁਰਦੁਆਰਾ ਟਿੱਬੀ ਸਾਹਿਬ ਵੱਲ ਕੂਚ ਕਰਨਾ ਜਾਰੀ ਰੱਖਿਆ, ਕਿਉਂਕਿ ਉਸਨੇ ਅਕਾਲ ਤਖ਼ਤ ਦੇ ਸਾਹਮਣੇ ਖੰਡਿਤ ਅਖੰਡ ਪਾਠ ਨੂੰ ਹਰ ਹਾਲਤ ਵਿਚ ਮੁੜ ਆਰੰਭ ਕਰਨ ਦਾ ਪ੍ਰਣ ਲਿਆ ਹੋਇਆ ਸੀ ਅਤੇ ਉਹ ਆਪਣੇ ਨਿਸ਼ਾਨੇ ਦੀ ਪੂਰਤੀ ਬਿਨਾਂ ਵਾਪਸ ਨਾ ਜਾਣ ਲਈ ਦ੍ਰਿੜ੍ਹ ਸੀ। ਮਿਸਟਰ ਵਿਲਸਨ ਜੌਨਸਟੋਨ ਨੇ ਗੋਲੀ ਚਲਾਉਣ ਦਾ ਇਸ਼ਾਰਾ ਕਰ ਦਿੱਤਾ। ਮਿਸਟਰ ਜ਼ਿਮੰਡ ਅਨੁਸਾਰ:
    ਦੁਪਹਿਰ ਦੇ 2 ਵੱਜ ਕੇ 25 ਮਿੰਟ ਹੋਏ ਸਨ, ਜਦੋਂ ਗੋਲੀ ਚਲਣੀ ਸ਼ੁਰੂ ਹੋਈ। ਗੋਲੀਆਂ ਦੀ ਬਾਕਾਇਦਾ ਬੁਛਾੜ ਹੁੰਦੀ ਰਹੀ ਅਤੇ ਇਕ ਵੀ ਗੋਲੀ ਨਿਸ਼ਾਨੇ ਤੋਂ ਨਹੀਂ ਖੁੰਝੀ। ਗੋਲੀਆਂ ਦਾ ਪਹਿਲਾ ਗੇੜ ਪੂਰੇ ਦੋ ਮਿੰਟ ਭਾਵ 2.45 ਤੋਂ 2.47 ਤੱਕ ਜਾਰੀ ਰਿਹਾ। ਦੂਜਾ ਗੇੜ 2.55 ’ਤੇ ਸ਼ੁਰੂ ਹੋਇਆ ਤੇ ਪੂਰੇ ਤਿੰਨ ਮਿੰਟ ਜਾਰੀ ਰਿਹਾ। ਜਥਾ ਜਿਸ ਨੂੰ ਸ਼ੁਰੂ ਤੋਂ ਹੀ ਇਹ ਪਤਾ ਸੀ ਕਿ ਜੈਤੋ ਵੱਲ ਕੂਚ ਕਰਨਾ ਜਾਨ ਜੋਖ਼ਮ ਵਿਚ ਪਾਉਣਾ ਹੈ ਅਤੇ ਜਿਹੜਾ ਸ਼ਹੀਦੀ ਪਾਉਣ ਲਈ ਤਿਆਰ ਸੀ, ਗੋਲੀਆਂ ਦੇ ਵਰ੍ਹਦੇ ਮੀਂਹ ਤੋਂ ਰੁਕਿਆ ਨਹੀਂ, ਸਗੋਂ ਅੱਗੇ ਵਧਦਾ ਗਿਆ। ਜਥੇ ਵਿਚੋਂ ਕਈ ਮੌਤ ਦੀ ਝੋਲੀ ਜਾ ਪਏ ਤੇ ਕਈ ਜ਼ਖ਼ਮੀ ਹੋਏ ਪਰ ਉਨ੍ਹਾਂ ਨੂੰ ਚੁੱਕ ਕੇ ਬਾਕੀ ਦਾ ਜਥਾ ਸਿੱਧਾ ਟਿੱਬੀ ਸਾਹਿਬ ਵੱਲ ਵਧਦਾ ਗਿਆ।
    ਜਿਸ ਵੇਲੇ ਜੈਤੋ ਦੇ ਗੋਲੀ ਕਾਂਡ ਦੀ ਸੁਤੰਤਰ ਪੜਤਾਲ ਦੀ ਮੰਗ ਕੀਤੀ ਜਾ ਰਹੀ ਸੀ, ਉਸ ਵੇਲੇ ਅਕਾਲੀ ਆਗੂ ਹੋਰ ਜਥੇ ਜੈਤੋ ਭੇਜ ਰਹੇ ਸਨ, ਭਾਵੇਂ ਕੁਝ ਰਾਸ਼ਟਰੀ ਆਗੂਆਂ ਨੇ ਉਨ੍ਹਾਂ ਨੂੰ ਆਪਣੀ ਲਹਿਰ ਮੁਲਤਵੀ ਕਰਨ ਦੀ ਸਲਾਹ ਦਿੱਤੀ ਸੀ, ਤਾਂ ਜੋ ਹਾਲਾਤ ਦਾ ਨਵੇਂ ਸਿਰੇ ਤੋਂ ਜਾਇਜ਼ਾ ਲਿਆ ਜਾ ਸਕੇ ਅਤੇ ਸਰਕਾਰ ਨੂੰ ਮਸਲੇ ’ਤੇ ਮੁੜ ਵਿਚਾਰ ਕਰਨ ਦਾ ਸਮਾਂ ਦਿੱਤਾ ਜਾ ਸਕੇ।
    ਜੈਤੋ ਜਾਣ ਵਾਲੇ ਜਥਿਆਂ ਦੇ ਪ੍ਰੋਗਰਾਮ ਨੂੰ ਮੁਲਤਵੀ ਨਾ ਕਰਨ ਦੇ ਅਕਾਲੀ ਆਗੂਆਂ ਦੇ ਫ਼ੈਸਲੇ ਦੇ ਫਲਸਰੂਪ ਅਕਾਲੀ ਕੈਦੀਆਂ ਦੀ ਵਧ ਰਹੀ ਗਿਣਤੀ ਕਾਰਨ ਪੰਜਾਬ ਦੀ ਸਰਕਾਰ ਵੀ ਤੰਗ ਆਈ ਬੈਠੀ ਸੀ। ਅਕਾਲੀ ਕੈਦੀਆਂ ਦੀ ਵਧ ਰਹੀ ਗਿਣਤੀ ਨੂੰ ਸੰਭਾਲਣ ਦੀਆਂ ਵਿਹਾਰਕ ਮੁਸ਼ਕਿਲਾਂ ਤੋਂ ਇਲਾਵਾ, ਓਨੀਆਂ ਹੀ ਅਹਿਮ ਰਾਜਨੀਤਕ ਮਸਲਹਿਤਾਂ ਸਨ, ਜੋ ਪੰਜਾਬ ਸਰਕਾਰ ਨੂੰ ਜੈਤੋ ਦੇ ਮਸਲੇ ਦਾ ਹੱਲ ਲੱਭਣ ਲਈ ਮਜਬੂਰ ਕਰ ਰਹੀਆਂ ਸਨ। ਜੈਤੋ ਦੀ ਸਰਕਾਰੀ ਕਾਰਵਾਈ ਅਤੇ ਨਾਭਾ ਰਿਆਸਤ ਵਿਚ ਬਰਤਾਨਵੀ ਪਰਜਾ ਦੀ ਵੱਡੀ ਗਿਣਤੀ ਦੀ ਗ੍ਰਿਫ਼ਤਾਰੀ ਤੇ ਹਿਰਾਸਤ, ਉਹ ਵੀ ਬਿਨਾਂ ਮੁਕੱਦਮੇ ਚਲਾਇਆਂ, ਤੋਂ ਭਾਰਤੀ ਵਿਧਾਨ ਸਭਾ ਦੇ ਰਾਸ਼ਟਰਵਾਦੀ ਮੈਂਬਰਾਂ ਅਤੇ ਸਰਕਾਰ ਦੇ ਦੂਜੇ ਨੁਕਤਾਚੀਨਾਂ ਨੂੰ ਇਹ ਮੌਕਾ ਮਿਲ ਗਿਆ ਕਿ ਉਹ ਸਰਕਾਰੀ ਨੀਤੀ ਦੀਆਂ ਧੱਜੀਆਂ ਉਡਾ ਸਕਣ। ਅਕਾਲੀ ਸਮੱਸਿਆ ਦਾ ਹੱਲ ਲੱਭਣ ਵਿਚ ਅਤੇ ਇਸ ਮਨੋਰਥ ਲਈ ਬਿੱਲ ਪਾਸ ਕਰਾਉਣ ਦੀ ਸਹਿਮਤੀ ਹਾਸਿਲ ਕਰਨ ਵਿਚ ਸਰਕਾਰ ਦੀ ਅਸਫਲਤਾ ਤੋਂ ਕੇਂਦਰੀ ਵਿਧਾਨ ਸਭਾ ਵਿਚ ਗੁਰਦੁਆਰਾ ਬਿੱਲ ਪੇਸ਼ ਕਰਾਉਣ ਲਈ ਮੁਹੰਮਦ ਅਲੀ ਜਿਨਾਹ ਤੇ ਮਦਨ ਮੋਹਨ ਮਾਲਵੀਆ ਦੀਆਂ ਕੋਸ਼ਿਸ਼ਾਂ ਨੂੰ ਸ਼ਕਤੀ ਮਿਲੀ।
    ਇਨ੍ਹਾਂ ਹਾਲਤਾਂ ਵਿਚ ਅਕਾਲੀ ਆਗੂਆਂ ਤੇ ਬਰਤਾਨਵੀ ਅਧਿਕਾਰੀਆਂ ਨੇ ਜੈਤੋ ਦੀ ਸਮੱਸਿਆ ਹੱਲ ਕਰਨ ਲਈ ਨਵੇਂ ਸਿਰੇ ਤੋਂ ਯਤਨ ਸ਼ੁਰੂ ਕੀਤੇ। ਜਿਥੇ ਹੁਣ ਸਰਕਾਰ ਪੰਡਿਤ ਮਦਨ ਮੋਹਨ ਮਾਲਵੀਆ ਤੇ ਭਾਈ ਜੋਧ ਸਿੰਘ ਰਾਹੀਂ ਅਕਾਲੀ ਆਗੂਆਂ ਨਾਲ ਸਮਝੌਤਾ ਕਰਨ ਲਈ ਤਿਆਰ ਸੀ, ਉਥੇ ਨਾਭੇ ਦੇ ਮਹਾਰਾਜਾ ਬਾਰੇ ਅਕਾਲੀ ਨੀਤੀ ਮੁੱਖ ਰੁਕਾਵਟ ਬਣੀ ਹੋਈ ਸੀ। ਜਿਥੇ ਸਰਕਾਰ ਨਿਸਚਿਤ ਸ਼ਰਤਾਂ ਉਤੇ ਖੰਡਿਤ ਅਖੰਡ ਪਾਠ ਸੰਪੂਰਨ ਕਰਨ ਲਈ ਅਕਾਲੀਆਂ ਨੂੰ ਆਗਿਆ ਦੇਣ ਲਈ ਰਾਜ਼ੀ ਸੀ, ਉਥੇ ਉਹ ਇਸ ਗੱਲ ’ਤੇ ਅੜੀ ਹੋਈ ਸੀ ਕਿ ਅਕਾਲੀ ਆਗੂ ਮਹਾਰਾਜੇ ਦੀ ਬਹਾਲੀ ਦੇ ਸਵਾਲ ਨੂੰ ਮੂਲੋਂ ਹੀ ਛੱਡ ਦੇਣ। ਅਕਾਲੀ ਆਗੂ ਇਸ ਪੜਾਅ ਉਤੇ ਇੰਜ ਕਰਨ ਲਈ ਤਿਆਰ ਨਹੀਂ ਸਨ। ਦੂਜੀ ਮੁਸ਼ਕਿਲ ਸੀ ਜੈਤੋ ਵਿਖੇ ਅਖੰਡ ਪਾਠ ਸੰਪੂਰਨ ਕਰਨ ਵਾਸਤੇ ਲੋੜੀਂਦਾ ਸਮਾਂ ਅਤੇ ਇਸ ਮਨੋਰਥ ਲਈ ਗੁਰਦੁਆਰੇ ਦੀ ਹਦੂਦ ਵਿਚ ਦਾਖ਼ਲੇ ਦੀ ਆਗਿਆ ਪ੍ਰਾਪਤ ਕਰਨ ਵਾਲੇ ਬੰਦਿਆਂ ਦੀ ਗਿਣਤੀ। ਜਿਥੇ ਪ੍ਰਸ਼ਾਸਨ ਵਧ ਤੋਂ ਵੱਧ ਇਕ ਹਜ਼ਾਰ ਬੰਦਿਆਂ ਨੂੰ ਨਾਭੇ ਵਿਚ ਦਾਖ਼ਲ ਹੋਣ ਦੀ ਆਗਿਆ ਦੇਣ ਲਈ ਰਜ਼ਾਮੰਦ ਸੀ, ਉਥੇ ਉਹ ਇਹ ਮਹਿਸੂਸ ਕਰਦਾ ਸੀ ਕਿ 101 ਅਖੰਡ ਪਾਠ ਸੰਪੂਰਨ ਕਰਨ ਲਈ ਰਾਜਨੀਤਕ ਆਧਾਰ ਉਤੇ ਦਸ ਮਹੀਨਿਆਂ ਦੇ ਲੰਮੇ ਸਮੇਂ ਦੀ ਆਗਿਆ ਨਹੀਂ ਸੀ ਦਿੱਤੀ ਜਾ ਸਕਦੀ।
    ਇਧਰ ਨਾਭੇ ਦੇ ਅਧਿਕਾਰੀ ਅਤੇ ਅਕਾਲੀ ਆਗੂ ਵੱਖ-ਵੱਖ ਮਸਲਿਆਂ ਉਤੇ ਗੱਲਬਾਤ ਕਰਨ ਵਿਚ ਰੁੱਝੇ ਹੋਏ ਸਨ ਤੇ ਉਧਰ ਸਿੱਖ ਗੁਰਦੁਆਰਿਆਂ ਤੇ ਧਰਮ-ਅਸਥਾਨਾਂ ਬਾਰੇ ਬਿੱਲ ਪਾਸ ਹੋ ਜਾਣ ਨਾਲ ਜੈਤੋ ਤੇ ਦੂਜੇ ਮਸਲੇ ਆਪਣੇ ਆਪ ਹੀ ਨਜਿੱਠੇ ਗਏ।
    *ਨਾਮੀ ਇਤਿਹਾਸਕਾਰ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਦੇ ਡਾਇਰੈਕਟਰ
    ਡਾ. ਮਹਿੰਦਰ ਸਿੰਘ ਨੇ 1976 ਵਿਚ ਅਕਾਲੀ ਲਹਿਰ ’ਤੇ ਖੋਜ ਨਿਬੰਧ ਲਿਖਿਆ ਜਿਹੜਾ ਬਾਅਦ ਵਿਚ ਮੈਕਮਿਲਨ ਨੇ 1978 ਵਿਚ “he 1kali Movement ਸਿਰਲੇਖ ਹੇਠ ਪੁਸਤਕ ਰੂਪ ’ਚ ਛਾਪਿਆ। ਇਸ ਪ੍ਰਮਾਣਿਕ ਤੇ ਹਰਮਨ ਪਿਆਰੀ ਪੁਸਤਕ ਨੂੰ 2015 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੰਜਾਬੀ ਤੇ ਅੰਗਰੇਜ਼ੀ ਵਿਚ ਅਤੇ ਨੈਸ਼ਨਲ ਬੁੱਕ ਟਰਸਟ ਨੇ ਇਸ ਦਾ ਸੰਖਿਪਤ ਰੂਪ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਵਿਚ ਕਈ ਜਿਲਦਾਂ ਵਿਚ ਪ੍ਰਕਾਸ਼ਿਤ ਕੀਤਾ।