ਜੇ ਮੈਂ ਕਿਸੇ ਖਿਡਾਰੀ ਤੋਂ ਪੈਸੇ ਮੰਗੇ ਹੋਣ ਤਾਂ ਮੇਰਾ ਕੱਖ ਨਾ ਰਹੇ: ਚੰਨੀ

ਜੇ ਮੈਂ ਕਿਸੇ ਖਿਡਾਰੀ ਤੋਂ ਪੈਸੇ ਮੰਗੇ ਹੋਣ ਤਾਂ ਮੇਰਾ ਕੱਖ ਨਾ ਰਹੇ: ਚੰਨੀ

ਚਮਕੌਰ ਸਾਹਿਬ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੰਘੇ ਦਿਨ ਇਥੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਪੁੱਜੇ ਤੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਖਿਡਾਰੀ ਨੂੰ ਨੌਕਰੀ ਦੇਣ ਲਈ ਦੋ ਕਰੋੜ ਰੁਪਏ ਮੰਗਣ ਦੇ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਕਿ ਉਨ੍ਹਾਂ ਨੂੰ ਅੱਜ ਤੱਕ ਜੋ ਵੀ ਮਿਲਿਆ ਹੈ ਉਹ ਚਮਕੌਰ ਸਾਹਿਬ ਦੇ ਸ਼ਹੀਦਾਂ ਦੇ ਆਸ਼ੀਰਵਾਦ ਅਤੇ ਹਲਕੇ ਦੇ ਲੋਕਾਂ ਦੇ ਪਿਆਰ ਸਤਿਕਾਰ ਸਦਕਾ ਹੀ ਮਿਲਿਆ ਹੈ। ਉਨ੍ਹਾਂ ਅਰਦਾਸ ਕਰਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਏ ਦੋਸ਼ਾਂ ਵਿੱਚ ਸਚਾਈ ਹੈ ਤਾਂ ਉਨ੍ਹਾਂ ਦਾ ਕੱਖ ਨਾ ਰਹੇ।
ਅਰਦਾਸ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ ਬਹੁਤ ਸਾਰੇ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਹਨ ਜੇ ਉਨ੍ਹਾਂ ਵਿੱਚੋਂ ਕੋਈ ਵੀ ਕਹਿ ਦੇਵੇ ਕਿ ਇਸ ਨੌਕਰੀ ਜਾਂ ਕਿਸੇ ਦੀ ਬਦਲੀ ਦੇ ਉਨ੍ਹਾਂ ਨੇ ਕਿਸੇ ਕੋਲੋਂ ਪੈਸੇ ਲਏ ਹਨ ਤਾਂ ਉਹ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਲਈ ਤਿਆਰ ਹਨ। ਉਨ੍ਹਾਂ ਭਗਵੰਤ ਮਾਨ ’ਤੇ ਵਿਜੀਲੈਂਸ ਰਾਹੀਂ ਉਨ੍ਹਾਂ ਨੂੰ ਬਦਨਾਮ ਕਰਨ ਦੇ ਦੋਸ਼ ਲਾਏ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਖਰੜ ਵਿਚ ਕਾਫੀ ਜ਼ਮੀਨ ਹੋਣ ਦੇ ਮੌਜੂਦਾ ਵਿਧਾਇਕ ਵਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਖਰੜ ਵਿਚ ਕੋਈ ਵੀ ਜ਼ਮੀਨ ਨਹੀਂ ਹੈ।

ਲੋੜ ਪਈ ਤਾਂ ਖਿਡਾਰੀ ਨੂੰ ਸਾਹਮਣੇ ਲਿਆਵਾਂਗੇ: ਭਗਵੰਤ ਮਾਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ-ਭਾਣਜੇ ’ਤੇ ਖਿਡਾਰੀ ਕੋਲੋਂ ਪੈਸੇ ਮੰਗਣ ਦੇ ਮੁੜ ਦੋਸ਼ ਲਾਉਂਦਿਆਂ ਕਿਹਾ ਕਿ ਉਹ (ਚੰਨੀ) ਇਕ ਦੋ ਦਿਨਾਂ ’ਚ ਪੜਤਾਲ ਕਰ ਲੈਣ, ਕਿਉਂਕਿ ਹੋ ਸਕਦੈ ਉਨ੍ਹਾਂ ਨੂੰ ਬਿਨਾਂ ਦੱਸੇ ਪੈਸੇ ਮੰਗੇ ਹੋਣ। ਉਨ੍ਹਾਂ ਕਿਹਾ ਕਿ ਉਹ ਖਿਡਾਰੀ ਦਾ ਨਾਮ ਨਹੀਂ ਦੱਸਣਗੇ ਪਰ ਜੇਕਰ ਲੋੜ ਪਈ ਤਾਂ ਉਹ ਖਿਡਾਰੀ ਨੂੰ ਸਾਹਮਣੇ ਲੈ ਕੇ ਆਉਣਗੇ।

ਚੰਨੀ ਸਹੁੰ ਖਾਣ ਅਤੇ ਮੁੱਕਰਨ ਦੇ ਆਦੀ: ਡਾ. ਚਰਨਜੀਤ ਸਿੰਘ
ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਵੀ ਗੱਲ ਕਹਿੰਦੇ ਹਨ ਉਹ ਠੋਸ ਸਬੂਤਾਂ ਅਤੇ ਤੱਥਾਂ ’ਤੇ ਆਧਾਰਿਤ ਹੁੰਦੀ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਸਹੁੰ ਖਾ ਕੇ ਮੁਕਰਨ ਦੇ ਆਦੀ ਦੱਸਦਿਆਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂਰਪੁਰ ਬੇਦੀ ਵਿਚ ਸਹੁੰ ਖਾਧੀ ਸੀ ਕਿ ਜੇਕਰ ਤਤਕਾਲੀ ਚੋਣਾਂ ਵਿੱਚ ਹਲਕਾ ਰੂਪਨਗਰ ਤੋਂ ਵਿਜੈ ਕੁਮਾਰ ਟਿੰਕੂ ਨੂੰ ਟਿਕਟ ਨਾ ਮਿਲੀ ਤਾਂ ਉਹ ਚਮਕੌਰ ਸਾਹਿਬ ਤੋਂ ਪਾਰਟੀ ਦੀ ਟਿਕਟ ’ਤੇ ਚੋਣ ਨਹੀਂ ਲੜਨਗੇ ਪਰ ਉਹ ਬਾਅਦ ਵਿੱਚ ਮੁੱਕਰ ਗਏ। ਹਲਕਾ ਵਿਧਾਇਕ ਨੇ ਕਿਹਾ ਕਿ ਅੱਜ ਸ੍ਰੀ ਚੰਨੀ ਪਾਕ ਦਾਮਨ ਹੋਣ ਦੀਆਂ ਕਸਮਾਂ ਕਿਵੇਂ ਖਾ ਰਹੇ ਹਨ ਜਦੋਂ ਕਿ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਕਰੋੜਾਂ ਰੁਪਏ ਤਫਤੀਸ਼ੀ ਏਜੰਸੀਆਂ ਵੱਲੋਂ ਬਰਾਮਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਖਰੜ ਅਤੇ ਚਮਕੌਰ ਸਾਹਿਬ ਤੋਂ ਸਾਬਕਾ ਮੁੱਖ ਮੰਤਰੀ ਦੇ ਕਰੀਬੀਆਂ ਦੀ ਜਾਇਦਾਦ ਦੀ ਜਾਂਚ ਲਈ ਵੀ ਵਿਜੀਲੈਂਸ ਨੂੰ ਲਿਖਣਗੇ।