ਜੇਲ੍ਹ ਸੁਰੱਖਿਆ ਵਿੱਚ ਕੁਤਾਹੀ ਲਈ ਅਧਿਕਾਰੀ ਜ਼ਿੰਮੇਵਾਰ ਹੋਣਗੇ: ਭਗਵੰਤ ਮਾਨ

ਜੇਲ੍ਹ ਸੁਰੱਖਿਆ ਵਿੱਚ ਕੁਤਾਹੀ ਲਈ ਅਧਿਕਾਰੀ ਜ਼ਿੰਮੇਵਾਰ ਹੋਣਗੇ: ਭਗਵੰਤ ਮਾਨ

ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਚਾਨਕ ਨਾਭਾ ਜੇਲ੍ਹ ਪੁੱਜੇ ਮੁੱਖ ਮੰਤਰੀ
ਪਟਿਆਲਾ/ਨਾਭਾ- ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਜੇਲ੍ਹਾਂ ਦੇ ਹਾਲਾਤ ਸੁਧਾਰਨ ਲਈ ਵਿੱਢੀ ਮੁਹਿੰਮ ਦਾ ਜਾਇਜ਼ਾ ਲੈਣ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਭਾ ਸਥਿਤ ਨਵੀਂ ਜ਼ਿਲ੍ਹਾ ਜੇਲ੍ਹ ਦਾ ਅਚਾਨਕ ਮੁਆਇਨਾ ਕੀਤਾ। ਉਨ੍ਹਾਂ ਜਿਥੇ ਬੈਰਕਾਂ ਦਾ ਨਿਰੀਖਣ ਕੀਤਾ, ਉਥੇ ਹੀ ਕੈਦੀਆਂ ਨਾਲ ਗੱੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਆਖਿਆ ਕਿ ਸੂਬੇ ਭਰ ਦੀਆਂ ਜੇਲ੍ਹਾਂ ਦੀ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਲਈ ਸਬੰਧਤ ਜੇਲ੍ਹ ਅਧਿਕਾਰੀ ਅਤੇ ਸਟਾਫ਼ ਜ਼ਿੰਮੇਵਾਰ ਹੋਵੇਗਾ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸੂਬੇ ਭਰ ਦੀਆਂ ਜੇਲ੍ਹਾਂ ਵਿੱਚ ਵਿਗਿਆਨਕ ਲੀਹਾਂ ਦੇ ਆਧਾਰ ’ਤੇ ਪੁਖ਼ਤਾ ਸੁਰੱਖਿਆ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਜੇਲ੍ਹਾਂ ਵਿੱਚ ਸੁਰੱਖਿਆ ਤੰਤਰ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਸੂਬਾ ਸਰਕਾਰ ਨੇ ਵਿਭਾਗ ਨੂੰ ਵਾਹਨ ਮੁਹੱਈਆ ਕਰਨ ਦੇ ਨਾਲ-ਨਾਲ ਜੇਲ੍ਹਾਂ ਵਿੱਚ ਜੈਮਰ, ਡੋਰ ਮੈਟਲ ਡਿਟੈਕਟਰ ਅਤੇ ਹੋਰ ਉਪਕਰਨ ਪਹਿਲਾਂ ਹੀ ਲਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਅਤੇ ਨਸ਼ੇ ਮਿਲਣ ਦੇ ਰੁਝਾਨ ਨੂੰ ਮੁਕੰਮਲ ਰੂਪ ’ਚ ਠੱੱਲ੍ਹ ਪਾਉਣ ਲਈ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ ਤੇ ਜੇਲ੍ਹ ਸਟਾਫ਼ ਦੀ ਅਜਿਹੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿਹੜਾ ਅਧਿਕਾਰੀ ਇਸ ਤਰ੍ਹਾਂ ਦੀਆਂ ਕੁਤਾਹੀਆਂ ਲਈ ਜ਼ਿੰਮੇਵਾਰ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਜੇਲ੍ਹਾਂ ਵਿੱਚ ਨਸ਼ਿਆਂ ਅਤੇ ਮੋਬਾਈਲ ਫੋਨਾਂ ਦੀ ਸਪਲਾਈ ’ਤੇ ਸਖਤੀ ਨਾਲ ਨੱਥ ਪਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਇਸ ਗ਼ੈਰਕਾਨੂੰਨੀ ਕਵਾਇਦ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੇਲ੍ਹਾਂ ਦੀ ਸੁਰੱਖਿਆ ਨੂੰ ਸੂਬਾ ਸਰਕਾਰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਲ੍ਹ ਬੰਦੀਆਂ ਵਿਚਾਲੇ ਅਨੁਸ਼ਾਸਨਹੀਣਤਾ ਦੀਆਂ ਵਧਦੀਆਂ ਘਟਨਾਵਾਂ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ, ਉਨ੍ਹਾਂ ਕਿਹਾ ਕਿ ਅਧਿਕਾਰੀ ਢੁਕਵੇਂ ਕਦਮ ਚੁੱਕ ਕੇ ਇਸ ਰੁਝਾਨ ਨੂੰ ਨੱਥ ਪਾਉਣ।

ਇਸ ਦੌਰਾਨ ਮੁੱਖ ਮੰਤਰੀ ਨੇ ਘੰਟਾ ਭਰ ਜੇਲ੍ਹ ’ਚ ਬਿਤਾਇਆ। ਇਸ ਦੌਰਾਨ ਉਨ੍ਹਾਂ ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਅਤੇ ਹੋਰ ਜੇਲ੍ਹ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੀ ਇਹ ਜੇਲ੍ਹ ਫੇਰੀ ਪੂਰੀ ਤਰ੍ਹਾਂ ਗੁਪਤ ਰੱਖੀ ਗਈ। ਜੇਲ੍ਹ ਪ੍ਰਸ਼ਾਸਨ ਨੂੰ ਵੀ ਮੁੱਖ ਮੰਤਰੀ ਦੇ ਕਾਫਲੇ ਦੇ ਜੇਲ੍ਹ ਪੁੱਜਣ ’ਤੇ ਹੀ ਪਤਾ ਲੱਗਾ, ਜਿਸ ਕਰਕੇ ਜੇਲ੍ਹ ਸਟਾਫ਼ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਸਰਕਾਰ ਪਿੰਡਾਂ ’ਚੋਂ ਚੱਲਣ ਦੀ ਵਚਨਬੱਧਤਾ ਦੁਹਰਾਈ
ਨਾਭਾ : ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਦਫ਼ਤਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਦੁਹਰਾਇਆ ਕਿ ਸਰਕਾਰ ਪਿੰਡਾਂ ’ਚੋਂ ਚੱਲੇਗੀ ਜਿਸ ਤਹਿਤ ਅਧਿਕਾਰੀ ਹਫਤੇ ’ਚ ਤਿੰਨ ਦਿਨ ਪਿੰਡਾਂ ’ਚ ਜਾਣਗੇ ਤੇ ਉਥੇ ਹੀ ਲੋਕਾਂ ਦੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਅਧਿਕਾਰੀ ਆਪਣੇ ਟੂਰ ਪਲਾਨ ਸਬੰਧੀ ਰਿਪੋਰਟ ਸਿੱਧਾ ਮੁੱਖ ਮੰਤਰੀ ਦਫ਼ਤਰ ਨੂੰ ਕਰਨਗੇ ਤੇ ਪਿੰਡਾਂ ਦੀ ਸੱਥ ’ਚ ਬੈਠ ਕੇ ਲੋਕਾਂ ਦੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ‘ਸਰਕਾਰ ਲੋਕਾਂ ਦੇ ਦੁਆਰ’ ਦੇ ਨਾਅਰੇ ਤਹਿਤ ਲੋਕਾਂ ਨੂੰ ਇਹ ਅਨੁਭਵ ਕਰਵਾਏਗੀ ਕਿ ਅਧਿਕਾਰੀ ਲੋਕਾਂ ਦੇ ਮਾਲਕ ਨਹੀਂ ਸਗੋਂ ‘ਪਬਲਿਕ ਸਰਵੈਂਟ’ ਹਨ ਤੇ ਉਹ ਦਫਤਰਾਂ ’ਚ ਲੋਕਾਂ ਦੇ ਗੇੜੇ ਨਹੀਂ ਲਵਾ ਸਕਦੇ।