ਜੇਲ੍ਹ ਵਿੱਚੋਂ ਲਾਰੈਂਸ ਬਿਸ਼ਨੋਈ ਦਾ ਦੂਜਾ ਇੰਟਰਵਿਊ ਸਾਹਮਣੇ ਆਇਆ

ਜੇਲ੍ਹ ਵਿੱਚੋਂ ਲਾਰੈਂਸ ਬਿਸ਼ਨੋਈ ਦਾ ਦੂਜਾ ਇੰਟਰਵਿਊ ਸਾਹਮਣੇ ਆਇਆ

ਚੰਡੀਗੜ੍ਹ,- ਪੰਜਾਬ ਦੇ ਮਸ਼ਹੂਰ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਸਣੇ ਕਈ ਲੁੱਟ-ਖੋਹ ਤੇ ਫਿਰੌਤੀ ਦੀਆਂ ਘਟਨਾਵਾਂ ’ਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜੇਲ੍ਹ ਵਿੱਚੋਂ ਦੂਜਾ ਇੰਟਰਵਿਊ ਸਾਹਮਣੇ ਆਇਆ ਹੈ। ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਲਗਾਤਾਰ ਚਾਰ ਦਿਨਾਂ ਵਿੱਚ ਟੀਵੀ ਚੈਨਲ ਨੂੰ ਦਿੱਤੇ ਦੂਜੇ ਇੰਟਰਵਿਊ ਨੇ ਪੁਲੀਸ ਤੇ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਇੰਟਰਵਿਊ ਵਿੱਚ ਲਾਰੈਂਸ ਬਿਸ਼ਨੋਈ ਉਨ੍ਹਾਂ ਕੱਪੜਿਆਂ ਵਿੱਚ ਨਜ਼ਰ ਆ ਰਿਹਾ ਹੈ, ਜਿਸ ਦੀ ਤਸਵੀਰ ਡੀਜੀਪੀ ਗੌਰਵ ਯਾਦਵ ਨੇ ਲੰਘੇ ਦਿਨ ਜਾਰੀ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਪਹਿਲੀ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ’ਚ ਨਹੀਂ ਹੋਈ। ਡੀਜੀਪੀ ਦਾ ਕਹਿਣਾ ਸੀ ਕਿ ਇਹ ਤਸਵੀਰ 16 ਮਾਰਚ ਨੂੰ ਬਠਿੰਡਾ ਜੇਲ੍ਹ ਵਿੱਚ ਲਈ ਗਈ ਹੈ।

ਇਸ ਇੰਟਰਵਿਊ ਵਿੱਚ ਲਾਰੈਂਸ ਬਿਸ਼ਨੋਈ ਛੋਟੇ ਵਾਲਾਂ ਅਤੇ ਕੱਟੀ ਹੋਈ ਦਾੜ੍ਹੀ ਵਿੱਚ ਨਜ਼ਰ ਆ ਰਿਹਾ ਹੈ ਅਤੇ ਉਹ ਇੰਟਰਵਿਊ ਦੌਰਾਨ ਜੇਲ੍ਹ ਦੀ ਬੈਰਕ ਵੀ ਦਿਖਾ ਰਿਹਾ ਹੈ। ਉਹ ਇੰਟਰਵਿਊ ਵਿੱਚ ਹੱਸਦੇ ਹੋਏ ਦਿਖਾਈ ਦੇ ਰਿਹਾ ਹੈ, ਜਿਸ ਨੇ ਮੰਨਿਆ ਕਿ ਜੇਲ੍ਹ ਵਿੱਚ ਮੋਬਾਈਲ ਫੋਨ ਆਸਾਨੀ ਨਾਲ ਮਿਲ ਜਾਂਦਾ ਹੈ। ਲਾਰੈਂਸ ਬਿਸ਼ਨੋਈ ਨੇ 37 ਮਿੰਟ ਤੋਂ ਵੱਧ ਸਮੇਂ ਦੇ ਇੰਟਰਵਿਊ ’ਚ ਮੰਨਿਆ ਕਿ ਉਸ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਕਿਸੇ ਕਿਸਮ ਦੀਆਂ ਧਮਕੀਆਂ ਨਹੀਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਉਸ ਨੇ ਧਮਕੀਆ ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨਾਲ ਕੋਈ ਸਬੰਧ ਹੋਣ ਦੀ ਗੱਲ ਵੀ ਨਕਾਰੀ। ਉਸ ਨੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਕੇ ਆਪਣਾ ਬਦਲਾ ਪੂਰਾ ਕਰ ਲਿਆ ਹੈ। ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਉਹ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਹੈ, ਜਿਸ ਨੇ ਹਿਰਨ ਦਾ ਸ਼ਿਕਾਰ ਕਰ ਕੇ ਉਨ੍ਹਾਂ ਸਮਾਜ ਨੂੰ ਨੀਵਾਂ ਦਿਖਾਇਆ ਹੈ, ਜਦੋਂ ਤੱਕ ਉਹ ਮੁਆਫੀ ਨਹੀਂ ਮੰਗਦਾ, ਉੱਦੋਂ ਤੱਕ ਸਲਮਾਨ ਖਾਨ ਨੂੰ ਮੁਆਫ ਨਹੀਂ ਕੀਤਾ ਜਾਵੇਗਾ। ਉਸ ਨੇ ਮੰਨਿਆ ਕਿ ਲਾਰੈਂਸ ਗੈਂਗ ਦਾ ਮੁੱਖ ਸਰਗਨਾ ਗੋਲਡੀ ਬਰਾੜ ਵਿਦੇਸ਼ ਵਿੱਚ ਬੈਠਾ ਹੈ, ਜਿਸ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਯੋਜਨਾ ਬਣਾਈ ਸੀ। ਬਿਸ਼ਨੋਈ ਨੇ ਇਸ ਇੰਟਰਵਿਊ ਵਿੱਚ ਗੋਇੰਦਵਾਲ ਜੇਲ੍ਹ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਹਮਲੇ ਦਾ ਜਵਾਬ ਦਿੰਦਿਆ ਦੋ ਜਣਿਆਂ ਦਾ ਕਤਲ ਕੀਤਾ ਹੈ। ਇਸ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਨੇ ਆਪਣੇ ਇੰਟਰਵਿਊ ਵਿੱਚ ਵੱਖ-ਵੱਖ ਗੈਂਗਾਂ ਨਾਲ ਸਬੰਧਿਤ ਮੁੱਦਿਆਂ ’ਤੇ ਗੱਲਬਾਤ ਕੀਤੀ। ਗੌਰਤਲਬ ਹੈ ਕਿ ਲਾਰੈਂਸ ਬਿਸ਼ਨੋਈ ਪਿਛਲੇ ਲੰਬੇ ਸਮੇਂ ਤੋਂ ਬਠਿੰਡਾ ਦੀ ਜੇਲ੍ਹ ਵਿੱਚ ਬੰਦ ਹੈ, ਜਿੱਥੋਂ ਮੁੜ ਮੋਬਾਈਲ ਫੋਨ ਰਾਹੀਂ ਲਾਈਵ ਹੋ ਕੇ ਇੰਟਰਵਿਊ ਦੇਣ ਦੇ ਮਾਮਲੇ ਨੇ ਪੰਜਾਬ ’ਚ ਸਿਆਸੀ ਮਾਹੌਲ ਭਖਾ ਦਿੱਤਾ ਹੈ।

ਮਾਨ ਨਹੀਂ, ਲਾਰੈਂਸ ਚਲਾ ਰਿਹੈ ਸਰਕਾਰ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਨਹੀਂ, ਲਾਰੈਂਸ ਬਿਸ਼ਨੋਈ ਸਰਕਾਰ ਚਲਾ ਰਿਹਾ ਹੈ, ਜੋ ਕਿਸੇ ਦੇ ਵੀ ਜਿਊਣ ਜਾਂ ਮਰਨ ਦਾ ਫੈਸਲਾ ਕਰ ਰਿਹਾ ਹੈ। ਇਹੋ ਜਿਹੇ ਹਾਲਾਤ ਵਿੱਚ ਪੰਜਾਬ ’ਚ ਆਮ ਆਦਮੀ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਲਾਰੈਂਸ ਬਿਸ਼ਨੋਈ ਦੇ ਦੂਜੇ ਇੰਟਰਵਿਊ ਬਾਰੇ ਸਥਿਤੀ ਸਪਸ਼ਟ ਕਰੇ।