ਜੇਲ੍ਹ ’ਚੋਂ ਬਿਸ਼ਨੋਈ ਦੀ ਵੀਡੀਓ ਮੁੜ ਵਾਇਰਲ ਹੋਣ ’ਤੇ ਮੂਸੇਵਾਲਾ ਦੇ ਪਿਤਾ ਖਫ਼ਾ

ਜੇਲ੍ਹ ’ਚੋਂ ਬਿਸ਼ਨੋਈ ਦੀ ਵੀਡੀਓ ਮੁੜ ਵਾਇਰਲ ਹੋਣ ’ਤੇ ਮੂਸੇਵਾਲਾ ਦੇ ਪਿਤਾ ਖਫ਼ਾ

ਮਾਨਸਾ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਰਕਾਰ ਦਾ ਸਾਰਾ ਸਿਸਟਮ ਖਰੀਦ ਲਿਆ ਹੈ ਅਤੇ ਇਹੋ ਕਾਰਨ ਹੈ ਕਿ ਲਾਰੈਂਸ ਦੀਆਂ ਜੇਲ੍ਹ ਵਿੱਚੋਂ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਹੁਣ ਖੁੱਲ੍ਹੇਆਮ ਫੋਨ ਕਾਲਾਂ ਹੋਣ ਦੇ ਤੱਥ ਸਾਹਮਣੇ ਆਉਣ ’ਤੇ ਸਰਕਾਰ ਦਾ ਕੋਈ ਵੀ ਨੁਮਇੰਦਾ, ਆਗੂ ਅਤੇ ਨਾ ਹੀ ਵਿਰੋਧੀ ਧਿਰ ਦਾ ਕੋਈ ਆਗੂ ਪੰਜਾਬ ਦੇ ਪ੍ਰਬੰਧ ’ਤੇ ਬੋਲ ਰਿਹਾ ਹੈ। ਉਨ੍ਹਾਂ ਅੱਜ ਪਿੰਡ ਮੂਸਾ ਵਿਚ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਇਸ ਮਾਮਲੇ ’ਤੇ ਮੁੱਖ ਮੰਤਰੀ ਜਵਾਬ ਦੇਣ ਕਿ ਜੇਲ੍ਹ ਵਿੱਚ ਬੈਠਾ ਬਿਸ਼ਨੋਈ ਇਸ ਤਰ੍ਹਾਂ ਫੋਨ ’ਤੇ ਬਾਹਰ ਸੰਪਰਕ ਬਣਾ ਕੇ ਫ਼ਿਰੌਤੀਆਂ ਮੰਗ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਕਿਸੇ ਦਾ ਕਤਲ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੂੰ ਛੱਡ ਕੇ ਬਾਕੀ ‘ਆਪ’ ਸਰਕਾਰ ਦੇ ਵਿਧਾਇਕ ਗੈਂਗਸਟਰਵਾਦ ਨੂੰ ਹੁਲਾਰਾ ਦੇ ਰਹੇ ਹਨ, ਜਿਸ ਕਾਰਨ ਕੋਈ ਵੀ ਜ਼ੁਬਾਨ ਨਹੀਂ ਖੋਲ੍ਹ ਰਿਹਾ। ਉਨ੍ਹਾਂ ਆਗੂਆਂ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਤੁਲਨਾ ਪੰਜਾਬ ਵਿੱਚ ਹੁੰਦੇ ਆਮ ਕਤਲਾਂ ਨਾਲ ਕੀਤੇ ਜਾਣ ’ਤੇ ਸਖ਼ਤ ਇਤਰਾਜ਼ ਜ਼ਾਹਿਰ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਦੁਨੀਆਂ ਦਾ ਸੈਲੀਬ੍ਰਿਟੀ ਸੀ, ਉਸ ਦਾ ਕਤਲ ਕੋਈ ਆਮ ਗੱਲ ਨਹੀਂ ਹੈ ਅਤੇ ਸਰਕਾਰ ਨੂੰ ਇਹ ਹੀ ਆਮ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਾਂ ਕਾਰਨ ਸਹਿਮ ਦਾ ਮਾਹੌਲ ਹੈ ਜਿਨ੍ਹਾਂ ਤੋਂ ਡਰਦੇ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਤੇਜ਼ੀ ਨਾਲ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ।