ਜੇਤੂ ਰੈਲੀ ਨਾਲ ਕਿਸਾਨਾਂ ਦਾ ਭਗਵੰਤ ਮਾਨ ਦੀ ਕੋਠੀ ਅੱਗਿਓਂ ਪੱਕਾ ਮੋਰਚਾ ਸਮਾਪਤ

ਜੇਤੂ ਰੈਲੀ ਨਾਲ ਕਿਸਾਨਾਂ ਦਾ ਭਗਵੰਤ ਮਾਨ ਦੀ ਕੋਠੀ ਅੱਗਿਓਂ ਪੱਕਾ ਮੋਰਚਾ ਸਮਾਪਤ

ਉਗਰਾਹਾਂ ਵੱਲੋਂ ਕੇਂਦਰ ਤੋਂ ਮੰਗਾਂ ਮੰਨਵਾਉਣ ਖਾਤਰ ਘੋਲ ਲਈ ਤਿਆਰ ਰਹਿਣਾ ਦਾ ਸੱਦਾ
ਸੰਗਰੂਰ- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਚੱਲ ਰਿਹਾ ਪੱਕਾ ਮੋਰਚਾ ਅੱਜ 21ਵੇਂ ਦਿਨ ਸੂਬਾ ਪੱਧਰੀ ਵਿਸ਼ਾਲ ਜੇਤੂ ਰੈਲੀ ਨਾਲ ਸਮਾਪਤ ਹੋ ਗਿਆ ਹੈ। ਜੇਤੂ ਰੈਲੀ ਦੌਰਾਨ ਅੱਜ ਐੱਸਡੀਐੱਮ ਸੰਗਰੂਰ ਨਵਰੀਤ ਕੌਰ ਸੇਖੋਂ ਸਟੇਜ ’ਤੇ ਪੁੱਜੇ ਤੇ ਪੰਜਾਬ ਸਰਕਾਰ ਵੱਲੋਂ ਸੰਬੋਧਨ ਕਰਦਿਆਂ ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਸਮਾਂ-ਬੱਧ ਢੰਗ ਨਾਲ ਲਾਗੂ ਕੀਤਾ ਜਾਵੇਗਾ। ਇਸ ਸਬੰਧੀ ਉਨ੍ਹਾਂ ਇੱਕ ਪੱਤਰ ਵੀ ਜਥੇਬੰਦੀ ਨੂੰ ਸੌਂਪਿਆ। ਜਥੇਬੰਦੀ ਦੇ ਆਗੂਆਂ ਨੂੰ ਮੋਰਚੇ ਦੌਰਾਨ ਸ਼ਹੀਦ ਹੋਏ ਦੋ ਕਿਸਾਨਾਂ ਦੇ ਵਾਰਸਾਂ ਲਈ ਮੁਆਵਜ਼ੇ ਦਾ ਚੈੱਕ ਵੀ ਸੌਂਪਿਆ ਗਿਆ। ਜੇਤੂ ਰੈਲੀ ਦੀ ਸਮਾਪਤੀ ਮੌਕੇ ਅੱਜ ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ, ਉਥੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੇਂਦਰ ਨਾਲ ਸਬੰਧਤ ਮੰਗਾਂ ਦੀ ਪ੍ਰਾਪਤੀ ਲਈ ਮੁਲਕ ਵਿਆਪੀ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ। ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ’ਚ ਕਿਸਾਨਾਂ ਦੇ ਸਮੁੱਚੇ ਝੋਨੇ ਦਾ ਦਾਣਾ ਦਾਣਾ ਐੱਮਐੱਸਪੀ ’ਤੇ ਖਰੀਦਣਾ ਯਕੀਨੀ ਬਣਾਉਣ, ਐੱਮਐੱਸਪੀ ਤੋਂ ਘੱਟ ਰੇਟ ’ਤੇ ਖਰੀਦੀ ਮੂੰਗੀ ਦੀ ਫ਼ਸਲ ਦੀ ਰਹਿੰਦੀ ਅਦਾਇਗੀ 15 ਦਿਨਾਂ ’ਚ ਕਰਨ, ਕੁਦਰਤੀ ਆਫ਼ਤਾਂ ਤੇ ਬਿਮਾਰੀਆਂ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਸਮੁੱਚਾ ਮੁਆਵਜ਼ਾ 30 ਨਵੰਬਰ ਤੱਕ ਵੰਡਣ, ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਪ੍ਰਤੀ ਸਖ਼ਤੀ ਨਾ ਵਰਤਣ ਅਤੇ ਪਿਛਲੇ ਸਾਲਾਂ ਦੌਰਾਨ ਦਰਜ ਕੀਤੇ ਗਏ ਕੇਸ ਵਾਪਸ ਲੈਣ, ਮੋਰਚੇ ਦੌਰਾਨ ਸ਼ਹੀਦ ਹੋਏ ਦੋ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਤੇ ਪਰਿਵਾਰਕ ਜੀਅ ਨੂੰ ਪੱਕੀ ਨੌਕਰੀ ਸਣੇ ਸਾਰਾ ਕਰਜ਼ਾ ਮੁਆਫ਼ ਸਣੇ ਕਿਸਾਨ ਮੋਰਚੇ ਦੀਆਂ ਕਈ ਹੋਰ ਅਹਿਮ ਮੰਗਾਂ ਸਮਾਂ-ਬੱਧ ਢੰਗ ਨਾਲ ਲਾਗੂ ਕਰਨ ਦਾ ਲਿਖਤੀ ਭਰੋਸਾ ਦਿੱਤਾ ਗਿਆ ਹੈ। ਜੇਤੂ ਰੈਲੀ ’ਚ ਵਹੀਰਾਂ ਘੱਤ ਕੇ ਪੁੱਜੇ ਹਜ਼ਾਰਾਂ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਘਰਸ਼ ਦੀ ਜਿੱਤ ਤੋਂ ਉਤਸ਼ਾਹ ਤੇ ਪ੍ਰੇਰਣਾ ਲੈ ਕੇ ਕੇਂਦਰ ਨਾਲ ਸਬੰਧਤ ਮੰਗਾਂ ਦੀ ਪ੍ਰਾਪਤੀ ਲਈ ਆਉਂਦੇ ਸਮੇਂ ਵਿੱਚ ਮੁਲਕ ਵਿਆਪੀ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਮਹਿਲਾ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਨੇ ਸੰਗਰੂਰ ਮੋਰਚੇ ’ਚ ਦਿੱਲੀ ਮੋਰਚੇ ਵਾਂਗ ਔਰਤਾਂ ਦੀ ਵਿਸ਼ਾਲ ਸ਼ਮੂਲੀਅਤ ’ਤੇ ਤਸੱਲੀ ਜ਼ਾਹਿਰ ਕਰਦਿਆਂ ਖੇਤੀ ਬਚਾਉਣ ਲਈ ਸੰਘਰਸ਼ਾਂ ਵਿੱਚ ਔਰਤਾਂ ਦੀ ਹਰ ਪੱਧਰ ’ਤੇ ਸ਼ਮੂਲੀਅਤ ਯਕੀਨੀ ਬਣਾਉਣ ਦਾ ਸੱਦਾ ਦਿੱਤਾ। ਜੇਤੂ ਰੈਲੀ ਨੂੰ ਯੂਨੀਅਨ ਦੇ ਸੂਬਾਈ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਵੀ ਸੰਬੋਧਨ ਕੀਤਾ।