ਜੇਕਰ ਸਿੱਖਾਂ ਦੀਆਂ ਸ਼ਹਾਦਤਾ ਨਾ ਹੁੰਦੀਆਂ ਤਾਂ ਬਚਿਆ ਖੁਚਿਆ ਭਾਰਤ ਵੀ ਭਾਰਤ ਨਾ ਹੁੰਦਾ : ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ

ਜੇਕਰ ਸਿੱਖਾਂ ਦੀਆਂ ਸ਼ਹਾਦਤਾ ਨਾ ਹੁੰਦੀਆਂ ਤਾਂ ਬਚਿਆ ਖੁਚਿਆ ਭਾਰਤ ਵੀ ਭਾਰਤ ਨਾ ਹੁੰਦਾ : ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ

ਭਾਰਤ ਦੇ ਉਘੇ ਸਿੱਖ ਆਗੂਆ ਵਲੋਂ ਗ੍ਰਹਿ ਮੰਤਰੀ ਦਾ ਸ਼੍ਰੀ ਸਾਹਿਬ ਅਤੇ ਸਿਰੋਪਾਉ ਨਾਲ ਸਨਮਾਨ

ਨਵੀਂ ਦਿੱਲੀ : (ਸਾਡੇ ਲੋਕ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਾ ਪੀੜਤਾਂ ਨੂੰ ਨਿਆਂ ਸਾਲ 2014 ਵਿੱਚ ਮੋਦੀ ਸਰਕਾਰ ਦੇ ਸੱਤਾ ’ਚ ਆਉਣ ਮਗਰੋਂ ਹੀ ਸ਼ੁਰੂ ਹੋਇਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਇੱਕ ਸਮਾਗਮ ਦੌਰਾਨ ਸ੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ‘ਸਿਟ’ ਬਣਾਈ ਤੇ ਦੰਗਿਆਂ ਨਾਲ ਸਬੰਧਤ 300 ਕੇਸ ਮੁੜ ਖੋਲ੍ਹ ਕੇ ਕਥਿਤ ਦੋਸ਼ੀਆਂ ਨੂੰ ਜੇਲ੍ਹ ਭੇਜਣ ਦੀ ਕਵਾਇਦ ਸ਼ੁਰੂ ਕੀਤੀ ਤੇ ਹਰ ਪੀੜਤ ਦੇ ਪਰਿਵਾਰ ਨੂੰ ਸਾਲ 2014 ਮਗਰੋਂ ਪੰਜ ਲੱਖ ਰੁਪਏ (3,328 ਪੀੜਤ ਪਰਿਵਾਰਾਂ) ਮੁਆਵਜ਼ਾ ਦਿੱਤਾ ਗਿਆ। ਸਮਾਗਮ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤ ਸਮਾਜ ਦੇ ਜਥਿਆਂ ਨੇ ਸ੍ਰੀ ਸ਼ਾਹ ਨੂੰ ਸ੍ਰੀ ਸਾਹਿਬ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਵੇਂ ਦੇਸ਼ ਦੀ ਆਜ਼ਾਦੀ ਦੀ ਗੱਲ ਹੋਵੇ ਜਾਂ ਮੁਗਲਾਂ ਤੇ ਅੰਗਰੇਜ਼ਾਂ ਖਿਲਾਫ਼ ਲੜਾਈ ਜਾਂ ਦੇਸ਼ ਵੰਡ ਹੋਵੇ ਤੇ ਦੇਸ਼ ਵਾਸਤੇ ਸ਼ਹਾਦਤ ਦੇਣ ਦੀ ਗੱਲ ਹੋਵੇ, ਸਿੱਖ ਕੌਮ ਹਮੇਸ਼ਾ ਨੰਬਰ ਇੱਕ ’ਤੇ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਰੀ ਦੁਨੀਆ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਰਹੀ ਹੈ ਜਿਨ੍ਹਾਂ ਉਸ ਵੇਲੇ ਲੋਕਾਂ ਨੂੰ ਰਾਹ ਦਿਖਾਇਆ ਜਦੋਂ ਸਾਰੇ ਧਰਮ ਆਪਸ ਵਿੱਚ ਲੜ ਰਹੇ ਸਨ। ਉਨ੍ਹਾਂ ਸਿੱਖ ਕੌਮ ਵੱਲੋਂ ‘ਧਰਮ ਤੇ ਕਰਮ’ ਦੋਵਾਂ ਵਾਸਤੇ ਬਰਾਬਰ ਕੰਮ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੀਏਏ ਤਹਿਤ ਪ੍ਰਧਾਨ ਮੰਤਰੀ ਸ੍ਰੀ ਮੋਦੀ ਉਨ੍ਹਾਂ ਸਿੱਖ ਭਰਾਵਾਂ ਨੂੰ ਨਾਗਰਿਕਤਾ ਦੇਣੀ ਚਾਹੁੰਦੇ ਸਨ ਜੋ ਅਫ਼ਗਾਨਿਸਤਾਨ, ਬੰਗਲਾਦੇਸ਼ ਜਾਂ ਪਾਕਿਸਤਾਨ ਤੋਂ ਆਏ ਹੋਣ।
ਸ੍ਰੀ ਸ਼ਾਹ ਨੇ ਕਿਹਾ ਕਿ ਇਹ ਸਿਰਫ਼ ਸਿੱਖ ਪੰਥ ਹੀ ਹੈ ਜਿਸਦੇ ਪਹਿਲੇ ਗੁਰੂ ਨਾਨਕ ਦੇਵ ਤੋਂ ਲੈ ਕੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਸਮਾਜਿਕ ਅਨਿਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਤੇ ਸ਼ਹਾਦਤਾਂ ਦਿੱਤੀਆਂ। ਇਤਿਹਾਸ ਵਿੱਚ ਸਿੱਖ ਗੁਰੂਆਂ ਦੀਆਂ ਸ਼ਹਾਦਤਾਂ ਦੀ ਕੋਈ ਬਰਾਬਰੀ ਨਹੀਂ ਹੈ। ਜੇਕਰ ਸਿੱਖਾਂ ਦੀਆ ਸ਼ਹਾਦਤਾ ਨਾ ਹੁੰਦੀਆ ਤਾਂ ਬਚਿਆ ਖੁਚਿਆ ਭਾਰਤ ਵੀ ਭਾਰਤ ਨਾ ਹੁੰਦਾ ਅਸੀ ਗੁਰੁ ਸਾਹਿਬਾਨ ਅਤੇ ਮਹਾਨ ਸਿੱਖ ਸ਼ਹੀਦਾ ਨੂੰ ਪ੍ਰਣਾਮ ਕਰਦੇ ਹਾ। ਇਸ ਦੌਰਾਨ ਸ੍ਰੀ ਸਿਰਸਾ ਨੇ ਦੱਸਿਆ ਕਿ ਪੰਜ ਮੁੱਖ ਸਿੱਖਾਂ ਨੂੰ ਕੇਂਦਰੀ ਯੂਨੀਵਰਸਿਟੀਆਂ ਦੇ ਚਾਂਸਲਰ ਤੇ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ। ਗੁਰੂ ਅੰਗਦ ਦੇਵ ਟੀਚਰ ਟਰੇਨਿੰਗ ਇੰਸਟੀਚਿਊਟ ਖੋਲ੍ਹਿਆ ਗਿਆ ਜਿਸ ਵਿੱਚ ਹੁਣ ਤੱਕ 80 ਹਜ਼ਾਰ ਤੋਂ ਜ਼ਿਆਦਾ ਅਧਿਆਪਕ ਸਿਖਲਾਈ ਲੈ ਚੁੱਕੇ ਹਨ। ਇਸ ਦੌਰਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਹਰਿਆਣਾ ਵਿੱਚ 18 ਲੱਖ, ਰਾਜਸਥਾਨ ਵਿੱਚ 16 ਲੱਖ, ਦਿੱਲੀ ਵਿੱਚ 9 ਲੱਖ ਅਤੇ ਯੂ ਪੀ ਵਿੱਚ 5 ਲੱਖ ਸਿੱਖ ਰਹਿੰਦੇ ਹਨ। ਹਰਮੀਤ ਸਿੰਘ ਕਾਲਕਾ ਨੇ ਮਤਾ ਪੇਸ਼ ਕੀਤਾ ਜਿਸ ਵਿੱਚ ਵੱਖਵਾਦੀ ਤਾਕਤਾਂ ਦੀ ਨਿਖੇਧੀ ਕਰਦਿਆਂ ਇਹ ਸਪੱਸ਼ਟ ਕਿਹਾ ਗਿਆ ਕਿ ਸਿੱਖ ਕੌਮ ਹਮੇਸ਼ਾ ਦੇਸ਼ ਨਾਲ ਡੱਟ ਕੇ ਖੜ੍ਹੀ ਹੈ। ਸਮਾਗਮ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਅਤੇ ਪ੍ਰਸ਼ਾਸਕ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਪ੍ਰਬੰਧਕੀ ਬੋਰਡ ਵਿਜੇ ਸਤਿਬੀਰ ਸਿੰਘ ਨੇ ਵੀ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਸ਼ਾਹ ਦਾ ਸਨਮਾਨ ਕੀਤਾ।