ਜੇਕਰ ਅਕਾਲ ਤਖ਼ਤ ਸਾਹਿਬ ਸਮੇਤ ਸਾਰਾ ਪੰਥ ਫੜੇ ਗਏ ਸਿੰਘਾਂ ਦੀ ਪਿੱਠ ਪਿੱਛੇ ਖੜਦਾ, ਨਾ ਐਨਐਸਏ ਲੱਗਦੀ ’ਤੇ ਨਾ ਅਸਾਮ ਜਾਂਦੇ : ਪੰਜੋਲੀ

ਜੇਕਰ ਅਕਾਲ ਤਖ਼ਤ ਸਾਹਿਬ ਸਮੇਤ ਸਾਰਾ ਪੰਥ ਫੜੇ ਗਏ ਸਿੰਘਾਂ ਦੀ ਪਿੱਠ ਪਿੱਛੇ ਖੜਦਾ, ਨਾ ਐਨਐਸਏ ਲੱਗਦੀ ’ਤੇ ਨਾ ਅਸਾਮ ਜਾਂਦੇ : ਪੰਜੋਲੀ

ਸਿੰਘਾਂ ਨੇ ਦੇਸ਼ ਦਾ ਕਿਹੜਾ ਹਿੱਸਾ ਤੋੜਿਆ ਜਿਸ ਕਰਕੇ ਉਨ੍ਹਾਂ ਉਪਰ ਐਨਐਸਏ ਲਾਈ ਗਈ
ਨਵੀਂ ਦਿੱਲੀ : ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਦੱਸਿਆ ਜਾਏ ਕਿ ਪਪਲਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੇ ਦੇਸ਼ ਦਾ ਕਿਹੜਾ ਹਿੱਸਾ ਤੋੜ ਦਿੱਤਾ ਸੀ ਜਿਸ ਕਰਕੇ ਉਨ੍ਹਾਂ ਊੱਤੇ ਐਨਐਸਏ ਲਾਈ ਗਈ ਹੈ। ਹੁਣ ਪਪਲਪ੍ਰੀਤ ਸਿੰਘ ਉਪਰ ਐਨਐਸਏ ਲਗਾਕੇ ਅਸਾਮ ਦੀ ਡਿਬਰੂਗੜ ਜੇਲ ਭੇਜ ਦਿੱਤਾ ਗਿਆ ਹੈ। ਐਸਜੀਪੀਸੀ ਦੇ ਸਾਬਕਾ ਸਕੱਤਰ ਅਤੇ ਮੈਂਬਰ ਭਾਈ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਪਲਪ੍ਰੀਤ ਸਿੰਘ ਕੁੱਝ ਦਿਨ ਪਹਿਲਾਂ ਤੋਂ ਹੀ ਪੁਲੀਸ ਕਸਟੱਡੀ ਵਿੱਚ ਸੀ। ਪੁਲੀਸ ਨੇ ਊਸ ਤੋ ਸੱਭ ਕੁੱਝ ਪੁੱਛ ਪੁੱਛਾਕੇ ਹੀ ਕੱਲ ਗ੍ਰਿਫਤਾਰੀ ਦਾ ਡਰਾਮਾ ਕੀਤਾ ਲੱਗਦਾ ਹੈ। ਉਨ੍ਹਾਂ ਦਸਿਆ ਕਿ ਮੇਰੀ ਅੱਜ ਸਵੇਰੇ ਪਪਲਪ੍ਰੀਤ ਸਿੰਘ ਜੀ ਦੀ ਮਾਤਾ ਨਾਲ ਗੱਲ ਹੋਈ ਸੀ। ਜਿਹਨਾਂ ਦੇ ਦੱਸਣ ਮੁਤਾਬਿਕ ਪਪਲਪ੍ਰੀਤ ਸਿੰਘ ਨੁੰ ਉਨ੍ਹਾਂ ਦਾ ਮਾਮਾ ਕੱਪੜੇ ਅਤੇ ਹੋਰ ਜਰੂਰੀ ਸਮਾਨ ਦੇ ਕੇ ਆਇਆ ਹੈ ਅਤੇ ਉਨ੍ਹਾਂ ਮੁਤਾਬਿਕ ਪਪਲਪ੍ਰੀਤ ਸਿੰਘ ਪੂਰੀ ਤਰਾਂ ਚੜ੍ਹਦੀਆਂ ਕਲਾ ਵਿੱਚ ਹੈ। ਉਨ੍ਹਾਂ ਕਿਹਾ ਕਿ ਅਜ ਮਸਲਾ ਇਹ ਨਹੀਂ ਕਿ ਪਪਲਪ੍ਰੀਤ ਸਿੰਘ ਪੇਸ਼ ਹੋਇਆ ਜਾ ਫੜਿਆ ਗਿਆ ਹੈ, ਮਸਲਾ ਇਹ ਹੈ ਕਿ ਸਿੱਖਾਂ ਨੁੰ ਅਤਿਵਾਦੀ, ਵੱਖਵਾਦੀ ਅਤੇ ਦਹਿਸ਼ਤਗਰਦ ਗਰਦਾਨ ਕੇ ਅੰਤਰਰਾਸ਼ਟਰੀ ਪੱਧਰ ਉੱਤੇ ਬਦਨਾਮ ਕਰਨ ਦੀ ਜੋ ਸਰਕਾਰ ਨੇ ਲਹਿਰ ਚਲਾਈ ਹੈ, ਉਸ ਦਾ ਪੰਥ ਨੂੰ ਵਿਰੋਧ ਕਰਨਾ ਚਾਹੀਦਾ ਹੈ। ਜਿਸ ਮਨੁੱਖ ਦੇ ਪਿੱਛੇ ਪੁਲਿਸ ਲੱਗੀ ਹੋਵੇ ਉਸ ਨੇ ਕਿਤੇ ਨਾ ਕਿਤੇ ਪਨਾਹ ਵੀ ਲੈਣੀ ਹੈ ਤੇ ਨਾਲ ਹੀ ਵੇਲੇ ਅਨੁਸਾਰ ਗ੍ਰਿਫਤਾਰ ਹੋਣਾ ਜਾ ਫਿਰ ਸਰੰਡਰ ਵੀ ਕਰਨਾ ਹੀ ਪੈਂਦਾ ਹੈ। ਕਿਸੇ ਦੀ ਗ੍ਰਿਫਤਾਰੀ ਨੂੰ ਜਾ ਸਰੰਡਰ ਕਰਨ ਦੇ ਕਾਰਨ ਕਰਕੇ ਇਹ ਐਲਾਨ ਕਰਨੇ ਕਿ ਇਹ ਤਾਂ ਸਰਕਾਰ ਦਾ ਹੀ ਬੰਦਾ ਹੈ ਜਾਂ ਸਰਕਾਰੀ ਏਜੰਟ ਹੈ ਇਹ ਪੱਖ ਬਹੁਤ ਦੁਖਦਾਇਕ ਹੈ। ਉਨ੍ਹਾਂ ਕਿਹਾ ਕਿ ਵਿਰੋਧ ਇਸ ਗੱਲ ਦਾ ਹੋਣਾ ਚਾਹੀਦਾ ਹੈ ਕਿ ਸਰਕਾਰ ਦੱਸੇ ਕਿ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਦੇਸ ਦਾ ਕਿਹੜਾ ਹਿੱਸਾ ਤੋੜ ਦਿੱਤਾ ਜਿਸ ਨਾਲ ਉਹਨਾਂ ਉਪਰ ਐਨਐਸਏ ਲੱਗਾ ਕੇ ਪੰਜਾਬ ਤੋਂ 2500 ਕਿਲੋਮੀਟਰ ਦੂਰ ਅਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਦੁੱਖ ਇਸ ਗੱਲ ਦਾ ਹੈ ਕਿ ਇਸ ਧੱਕੇਸ਼ਾਹੀ ਦੇ ਖਿਲਾਫ ਪੰਥ ਨੇ ਇੱਕ ਅਵਾਜ਼ ਹੋ ਕੇ ਇਹਨਾਂ ਸਿੰਘਾ ਦੇ ਹੱਕ ਵਿੱਚ ਹਾਅ ਦਾ ਨਾਹਰਾ ਨਹੀਂ ਮਾਰਿਆ। ਇਹਨਾਂ ਨੂੰ ਨਿਹੱਥੇ ਛੱਡ ਦਿੱਤਾ ਗਿਆ ਅਤੇ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਸੁਨੇਹਾ ਹੀ ਦਿੱਤਾ ਗਿਆ ਕਿ ਅਸੀਂ ਇਨ੍ਹਾਂ ਨਾਲ ਨਹੀਂ ਹਾਂ ਤੁਸੀਂ ਜੋ ਮਰਜ਼ੀ ਇਨ੍ਹਾਂ ਨਾਲ ਕਰੋ। ਉਨ੍ਹਾਂ ਕਿਹਾ ਕਿ ਜੇ ਅਕਾਲ ਤਖ਼ਤ ਸਾਹਿਬ ਸਮੇਤ ਸਾਰਾ ਪੰਥ ਇਨ੍ਹਾਂ ਦੀ ਪਿੱਠ ਪਿੱਛੇ ਖੜ੍ਹਦਾ ਤਾਂ ਨਾ ਇਨ੍ਹਾਂ ਉਪਰ ਐਨਐਸਏ ਲੱਗਦੀ ਅਤੇ ਨਾ ਹੀ ਇਨ੍ਹਾਂ ਨੁੰ ਸਰਕਾਰ ਅਸਾਮ ਭੇਜਦੀ, ਪੰਥ ਨੂੰ ਸਹੇ ਦਾ ਨਹੀਂ ਰਹੇ ਦੀ ਚਿੰਤਾ ਕਰਨੀ ਚਾਹੀਦੀ ਹੈ।