ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੀ ਟੀਸ ਸਾਡੇ ਦਿਲਾਂ ’ਚ ਹਮੇਸ਼ਾ ਰਹੇਗੀ : ਜਥੇਦਾਰ ਗਿ. ਹਰਪ੍ਰੀਤ ਸਿੰਘ

ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੀ ਟੀਸ ਸਾਡੇ ਦਿਲਾਂ ’ਚ ਹਮੇਸ਼ਾ ਰਹੇਗੀ : ਜਥੇਦਾਰ ਗਿ. ਹਰਪ੍ਰੀਤ ਸਿੰਘ

ਅੰਮ੍ਰਿਤਸਰ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਹਮਲੇ ਦੀ ਟੀਸ ਸਾਡੇ ਦਿਲਾਂ ਵਿਚ ਹਮੇਸ਼ਾ ਰਹੇਗੀ। ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕਥਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਬੇਸ਼ੱਕ ਇਸ ਹਮਲੇ ਨੂੰ 40 ਸਾਲ ਬੀਤ ਚੁੱਕੇ ਹਨ, ਇਸ ਹਮਲੇ ਦੀ ਟੀਸ ਸਾਡੇ ਦਿਲਾਂ ਵਿਚ ਹਮੇਸ਼ਾਂ ਬਰਕਰਾਰ ਰਹੇਗੀ, ਇਹ ਜ਼ਖ਼ਮ ਸਾਡੇ ਦਿਲਾਂ ਵਿਚ ਹਮੇਸ਼ਾ ਤਾਜ਼ਾ ਰਹਿਣਗੇ। ਜਥੇਦਾਰ ਨੇ ਕਿਹਾ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਅੰਮ੍ਰਿਤਸਰ ਵਿਚ ਬਹੁਤ ਕਹਿਰ ਵਰਤਿਆ ਸੀ। ਇਹ 6 ਦਿਨ ਸਿੱਖ ਕੌਮ ਲਈ ਬਹੁਤ ਅਸਹਿ ਤੇ ਅਕਹਿ ਹਨ। ਇਨ੍ਹਾਂ ਦਿਨਾਂ ਵਿਚ ਹੀ ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕੀਤਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਸ਼ਹੀਦ ਕੀਤਾ। ਹਜ਼ਾਰਾਂ ਸਿੱਖ, ਬੱਚੇ, ਬੀਬੀਆਂ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇਕੱਠੇ ਹੋਏ ਸਨ, ਨੂੰ ਬਹੁਤ ਜ਼ਾਲਮਾਨਾਂ ਢੰਗ ਨਾਲ ਸ਼ਹੀਦ ਕੀਤਾ ਸੀ। ਅਸੀਂ ਹਮੇਸ਼ਾ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਰਹਾਂਗੇ।
ਡੇਰਾ ਸਿਰਸਾ ਮੁਖੀ ਨੂੰ ਅਦਾਲਤ ਵੱਲੋਂ ਰਿਹਾਅ ਕੀਤੇ ਜਾਣ ’ਤੇ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਜਿਸ ਦੀ ਸਰਕਾਰ ਨਾਲ ਸੈਟਲਮੈਂਟ ਹੋ ਜਾਂਦੀ ਹੈ ਉਹ ਗੁਨਾਹਗਾਰ ਹੋਣ ਦੇ ਬਾਵਜੂਦ ਵੀ ਰਿਹਾਅ ਹੋ ਜਾਂਦਾ ਹੈ ਅਤੇ ਜਿਨ੍ਹਾਂ ਦੀ ਸਰਕਾਰ ਨਾਲ ਨਹੀਂ ਬਣਦੀ ਉਹ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿਚ ਬੰਦ ਰਹਿ ਜਾਂਦੇ ਹਨ। ਸ਼ੱਕ ਹੈ ਕਿ ਇਹ ਰਿਹਾਈ ਸਰਕਾਰੀ ਸੈਟਲਮੈਂਟ ਕਾਰਨ ਹੀ ਹੋਈ ਹੈ। ਇਸ ਤੋਂ ਪਹਿਲਾਂ ਕਥਾ ਦੌਰਾਨ ਵੀ ਜਥੇਦਾਰ ਨੇ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਜੂਨ 1984 ਦੇ ਹਮਲੇ ਬਾਰੇ ਹੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।