ਜੂਨ 1984 ਦੇ ਘੱਲੂਘਾਰੇ ਸਮੇਂ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਪਾਵਨ ਸਰੂਪ ਨੂੰ ਸੰਗਤ ਦੇ ਦਰਸ਼ਨਾਂ ਲਈ ਕੀਤਾ ਸੁਸ਼ੋਭਿਤ

ਜੂਨ 1984 ਦੇ ਘੱਲੂਘਾਰੇ ਸਮੇਂ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਪਾਵਨ ਸਰੂਪ ਨੂੰ ਸੰਗਤ ਦੇ ਦਰਸ਼ਨਾਂ ਲਈ ਕੀਤਾ ਸੁਸ਼ੋਭਿਤ

’84 ਘੱਲੂਘਾਰੇ ਦੌਰਾਨ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਪਾਵਨ ਸਰੂਪ ਦੇ ਸੰਗਤ ਨੂੰ ਕਰਵਾਏ ਦਰਸ਼ਨ

ਅੰਮ੍ਰਿਤਸਰ : ਜੂਨ 1984 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ’ਤੇ ਤਤਕਾਲੀ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਸੰਗਤ ਨੂੰ ਦਰਸ਼ਨ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨਜ਼ਦੀਕ ਗੁ: ਸ਼ਹੀਦ ਗੰਜ ਬਾਬਾ ਗੁਰਬਖ਼ਸ਼ ਸਿੰਘ ਵਿਖੇ ਸੁਸ਼ੋਭਿਤ ਕੀਤੇ ਗਏ। ਇਸ ਪਾਵਨ ਸਰੂਪ ਦੇ ਸੰਗਤਾਂ 6 ਜੂਨ ਤੱਕ ਰੋਜ਼ਾਨਾ ਸਵੇਰ ਤੋਂ ਸ਼ਾਮ ਤੱਕ ਦਰਸ਼ਨ ਕਰ ਸਕਣਗੀਆਂ। ਇਸ ਪਾਵਨ ਸਰੂਪ ਦੇ ਨਾਲ ਇਸ ਵਿਚ ਲੱਗੀ ਗੋਲੀ ਵੀ ਸੰਗਤ ਨੂੰ ਦਿਖਾਈ ਜਾ ਰਹੀ ਹੈ। ਇਸਦੇ ਨਾਲ ਹੀ ਹਮਲੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੁਕਸਾਨੀ ਇਮਾਰਤ ਦਾ ਮਾਡਲ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸੁਸ਼ੋਭਿਤ ਕੀਤਾ ਗਿਆ ਹੈ। ਜ਼ਖ਼ਮੀ ਹੋਏ ਪਾਵਨ ਸਰੂਪ ਗੁ: ਸਾਹਿਬ ਵਿਖੇ ਸੁਸ਼ੋਭਿਤ ਕਰਨ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਸੇਵਾ ਨਿਭਾਈ, ਜਦਕਿ ਇਸ ਬਾਰੇ ਸੰਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜੂਨ 1984 ਵਿਚ ਕੇਂਦਰ ਦੀ ਕਾਂਗਰਸ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਫ਼ੌਜੀ ਹਮਲਾ ਕਰਕੇ ਜੋ ਵਹਿਸ਼ੀਆਨਾ ਕਾਰਾ ਕੀਤਾ ਸੀ, ਸਿੱਖ ਕੌਮ ਉਸ ਨੂੰ ਕਦੇ ਵੀ ਭੁੱਲ ਨਹੀਂ ਸਕਦੀ ਤੇ ਨਾ ਹੀ ਇਸਦੇ ਗੁਨਾਹਗਾਰਾਂ ਨੂੰ ਬਖ਼ਸ਼ਿਆ ਜਾ ਸਕਦਾ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਘੱਲੂਘਾਰਾ ਹਫ਼ਤੇ ਦੌਰਾਨ ਜੂਨ 1984 ਦੇ ਸ਼ਹੀਦਾਂ ਨੂੰ ਸਤਿਕਾਰ ਦੇਣ ਲਈ ਹਰ ਗੁਰਦੁਆਰਾ ਸਾਹਿਬਾਨ ਅੰਦਰ ਗੁਰਮਤਿ ਸਮਾਗਮ ਕਰਕੇ ਤਤਕਾਲੀ ਸਰਕਾਰ ਦੇ ਇਸ ਘਿਨੌਣੇ ਕਾਰੇ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ ਜਾਵੇ। ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵਲੋਂ ਕੀਰਤਨ ਕੀਤਾ ਗਿਆ ਤੇ ਅਰਦਾਸ ਭਾਈ ਪ੍ਰੇਮ ਸਿੰਘ ਨੇ ਕੀਤੀ। ਇਸ ਮੌਕੇ ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਭਾਈ ਅਜਾਇਬ ਸਿੰਘ ਅਭਿਆਸੀ, ਮੈਨੇਜਰ ਭਗਵੰਤ ਸਿੰਘ ਧੰਗੇੜਾ, ਨਰਿੰਦਰ ਸਿੰਘ, ਵਧੀਕ ਮੈਨੇਜਰ ਗੁਰਪ੍ਰੀਤ ਸਿੰਘ, ਪ੍ਰਚਾਰਕ ਭਾਈ ਤਰਸੇਮ ਸਿੰਘ, ਭਾਈ ਸਤਵੰਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਬਲਕਾਰ ਸਿੰਘ ਤੇ ਸੰਗਤਾਂ ਮੌਜੂਦ ਸਨ।
ਜੂਨ 1984 ਦੇ ਦੁਖਾਂਤ ਨੂੰ ਬਿਆਨ ਕਰਦੀਆਂ ਤਸਵੀਰਾਂ ਦੀ ਲਗਾਈ ਪ੍ਰਦਰਸ਼ਨੀ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ਾਂ ਤਹਿਤ ਸ਼੍ਰੋਮਣੀ ਕਮੇਟੀ ਵਲੋਂ ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਢਹਿ-ਢੇਰੀ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵਾਪਰੇ ਦੁਖਾਂਤ ਨੂੰ ਬਿਆਨ ਕਰਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਗੁ: ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰਵਾਰ ਲਗਾਈ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ 6 ਜੂਨ ਤੱਕ ਜਾਰੀ ਰਹੇਗੀ, ਜਿਸਨੂੰ ਸੰਗਤਾਂ ਸਵੇਰ ਤੋਂ ਸ਼ਾਮ ਤੱਕ ਦੇਖ ਸਕਣਗੀਆਂ ੍ਟ ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਦਾ ਮੰਤਵ ਸੰਗਤਾਂ ਤੇ ਖ਼ਾਸਕਰ ਨੌਜਵਾਨਾਂ ਨੂੰ ਜੂਨ 1984 ਵੇਲੇ ਸਮੇਂ ਦੀ ਕਾਂਗਰਸ ਸਰਕਾਰ ਵਲੋਂ ਸਿੱਖ ਕੌਮ ’ਤੇ ਕੀਤੇ ਹਮਲੇ ਤੋਂ ਜਾਣੂ ਕਰਵਾਉਣਾ ਹੈ।