ਜੀ20: ਨਵੀਂ ਦਿੱਲੀ ਐਲਾਨਨਾਮਾ ਸਰਬਸੰਮਤੀ ਨਾਲ ਪ੍ਰਵਾਨ

ਜੀ20: ਨਵੀਂ ਦਿੱਲੀ ਐਲਾਨਨਾਮਾ ਸਰਬਸੰਮਤੀ ਨਾਲ ਪ੍ਰਵਾਨ

J ਵਿਸ਼ਵ ਬੈਂਕ ਦੇ ਮੁਖੀ ਸ੍ਰ. ਅਜੈਪਾਲ ਸਿੰਘ ਬੰਗਾ ਵਲੋਂ ਭਾਰਤ ਲੀਡਰਸ਼ਿਪ ਅਤੇ ਜੀ-20 ਨੇਤਾਵਾਂ ਦੀ ਤਾਰੀਫ਼ J ਯੂਕਰੇਨ ਜੰਗ ਸਣੇ ਪੇਸ਼ ਸਾਰੇ ਮਤਿਆਂ ਨੂੰ ਦਿੱਤੀ ਪ੍ਰਵਾਨਗੀ

ਨਵੀਂ ਦਿੱਲੀ : ਜੀ-20 ਸਿਖਰ ਸੰਮੇਲਨ ’ਚ ਭਾਰਤ ਨੂੰ ਅੱਜ ਇੱਕ ਵੱਡੀ ਕੂਟਨੀਤਕ ਕਾਮਯਾਬੀ ਹਾਸਲ ਹੋਈ ਜਦੋਂ ਰੂਸ-ਯੂਕਰੇਨ ਜੰਗ ’ਤੇ ਵਖਰੇਵਿਆਂ ਦੇ ਬਾਵਜੂਦ ਇਸ ਪ੍ਰਭਾਵਸ਼ਾਲੀ ਸਮੂਹ ਦੇ ਮੈਂਬਰ ਮੁਲਕਾਂ ਨੇ ਐਲਾਨਨਾਮੇ (ਨਵੀਂ ਦਿੱਲੀ ਲੀਡਰਜ਼ ਸਮਿਟ ਡੈਕਲੇਰੇਸ਼ਨ) ਨੂੰ ਸਰਬ ਸਹਿਮਤੀ ਨਾਲ ਪ੍ਰਵਾਨ ਕਰ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਵੀ ਕੀਤਾ ਕਿ ਅਫਰੀਕਨ ਯੂਨੀਅਨ ਨੂੰ ਜੀ-20 ਦਾ ਸਥਾਈ ਮੈਂਬਰ ਬਣਾ ਲਿਆ ਗਿਆ ਹੈ। ਇਹ ਕਹਿੰਦਿਆਂ ਕਿ ‘ਅੱਜ ਦਾ ਯੁੱਗ ਜੰਗ ਦਾ ਨਹੀਂ ਹੋਣਾ ਚਾਹੀਦਾ’ ਭਾਰਤ ਦੀ ਅਗਵਾਈ ਹੇਠ ਨਵੀਂ ਦਿੱਲੀ ਜੀ-20 ਸਿਖਰ ਸੰਮੇਲਨ ਦੇ ਆਗੂਆਂ ਨੇ ਸਾਰੇ ਰਾਜਾਂ ਨੂੰ ਖੇਤਰੀ ਅਖੰਡਤਾ ਤੇ ਪ੍ਰਭੂਸੱਤਾ ਸਮੇਤ ਕੌਮਾਂਤਰੀ ਕਾਨੂੰਨ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ ਅਤੇ ਯੂਕਰੇਨ ’ਚ ਸਥਾਈ ਸ਼ਾਂਤੀ ਦੀ ਵਕਾਲਤ ਕੀਤੀ। ਇਸ 37 ਸਫ਼ਿਆਂ ਦੇ ਐਲਾਨਨਾਮੇ ’ਤੇ ਸਹਿਮਤੀ ਬਣਨ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਇਸ ਐਲਾਨਨਾਮੇ ’ਚ ਯੂਕਰੇਨ ਜੰਗ ਤੋਂ ਇਲਾਵਾ ਅਤਿਵਾਦ ਤੇ ਮਨੀ ਲਾਂਡਰਿੰਗ ਖ਼ਿਲਾਫ਼ ਜੰਗ, ਆਰਥਿਕਤਾ ਤੇ ਵਾਤਾਵਰਣ, ਆਲਮੀ ਵਿਕਾਸ, ਬਹੁਪਰਤੀ ਵਿਕਾਸ ਬੈਂਕਾਂ, ਸਰਹੱਦ ਪਾਰੋਂ ਹੋਣ ਵਾਲੀਆਂ ਅਦਾਇਗੀਆਂ, ਸਿੱਖਿਆ, ਖੇਤੀਬਾੜੀ, ਧਰਮ ਅਤੇ ਭ੍ਰਿਸ਼ਟਾਚਾਰ ਸਬੰਧੀ ਮਤੇ ਸ਼ਾਮਲ ਕੀਤੇ ਗਏ ਸਨ ਜਿਨ੍ਹਾਂ ਨੂੰ ਜੀ-20 ਸਮੂਹ ਦੇ ਸਾਰੇ ਮੈਂਬਰ ਮੁਲਕਾਂ ਨੇ ਸਵੀਕਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਲਾਨ ਕੀਤਾ ਕਿ ਮੈਂਬਰ ਮੁਲਕਾਂ ਵਿਚਾਲੇ ਸਹਿਮਤੀ ਨਾਲ ਜੀ-20 ਨੇ ਐਲਾਨਨਾਮਾ (ਨਵੀਂ ਦਿੱਲੀ ਲੀਡਰਜ਼ ਸਮਿਟ ਡੈਕਲੇਰੇਸ਼ਨ) ਨੂੰ ਅਪਣਾ ਲਿਆ ਗਿਆ ਹੈ। ਯੂਕਰੇਨ ਸੰਘਰਸ਼ ’ਤੇ ਵਧਦੇ ਤਣਾਅ ਅਤੇ ਵੱਖ ਵੱਖ ਵਿਚਾਰਾਂ ਵਿਚਾਲੇ ਭਾਰਤ ਦੀ ਜੀ-20 ਪ੍ਰਧਾਨਗੀ ਹੇਠ ਇਹ ਅਹਿਮ ਕਾਮਯਾਬੀ ਹੈ। ਐਲਾਨਨਾਮੇ ’ਤੇ ਸਰਬ-ਸਹਿਮਤੀ ਅਤੇ ਉਸ ਮਗਰੋਂ ਇਸ ਨੂੰ ਅਪਣਾਉਣ ਦਾ ਐਲਾਨ ਭਾਰਤ ਵੱਲੋਂ ਯੂਕਰੇਨ ਜੰਗ ਦਾ ਜ਼ਿਕਰ ਕਰਨ ਲਈ ਜੀ-20 ਮੁਲਕਾਂ ਨੂੰ ਇੱਕ ਨਵਾਂ ਪਾਠ ਵੰਡਣ ਤੋਂ ਕੁਝ ਘੰਟੇ ਬਾਅਦ ਹੋਇਆ। ਪ੍ਰਧਾਨ ਮੰਤਰੀ ਮੋਦੀ ਨੇ ਸਿਖਰ ਸੰਮੇਲਨ ਦੇ ਆਗੂਆਂ ਨੂੰ ਕਿਹਾ, ‘ਹੁਣੇ ਹੁਣੇ ਚੰਗੀ ਖ਼ਬਰ ਮਿਲੀ ਹੈ ਕਿ ਸਾਡੀ ਟੀਮ ਦੀ ਸਖਤ ਮਿਹਨਤ ਤੇ ਤੁਹਾਡੇ ਸਹਿਯੋਗ ਨਾਲ ਨਵੀਂ ਦਿੱਲੀ ਜੀ-20 ਲੀਡਰਜ਼ ਸਮਿਟ ਡੈਕਲੇਰੇਸ਼ਨ ’ਤੇ ਆਮ ਸਹਿਮਤੀ ਬਣ ਗਈ ਹੈ।’ ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ ਐਲਾਨ ਕਰਦਾ ਹਾਂ ਕਿ ਇਸ ਐਲਾਨਨਾਮੇ ਨੂੰ ਪ੍ਰਵਾਨ ਕਰ ਲਿਆ ਗਿਆ ਹੈ।’ ਮੋਦੀ ਨੇ ਕਿਹਾ, ‘ਇਸ ਮੌਕੇ ਮੈਂ ਆਪਣੇ ਮੰਤਰੀਆਂ, ਸ਼ੇਰਪਾ ਅਤੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਆਪਣੀ ਸਖਤ ਮਿਹਨਤ ਨਾਲ ਇਸ ਨੂੰ ਸੰਭਵ ਬਣਾਇਆ।’
ਇਸ ਤੋਂ ਪਹਿਲਾਂ ਜੀ-20 ਦੇਸ਼ਾਂ ਦੇ ‘ਨਵੀਂ ਦਿੱਲੀ ਡੈਕਲੇਰੇਸ਼ਨ ਆਫ ਜੀ-20’ ਵਿੱਚ ਅੱਜ ਕਿਹਾ ਗਿਆ ਕਿ ਅੱਜ ਦਾ ਯੁੱਗ ਯੁੱਧ ਦਾ ਯੁੱਗ ਨਹੀਂ ਹੈ ਅਤੇ ਇਸ ਦੇ ਮੱਦੇਨਜ਼ਰ ਐਲਾਨਨਾਮੇ ’ਚ ਸਾਰੇ ਦੇਸ਼ਾਂ ਨੂੰ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਸਮੇਤ ਕੌਮਾਂਤਰੀ ਕਾਨੂੰਨ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਕਿ ਸੰਘਰਸ਼ਾਂ ਦੇ ਸ਼ਾਂਤੀਪੂਰਨ ਹੱਲ ਦੇ ਨਾਲ-ਨਾਲ ਕੂਟਨੀਤੀ ਅਤੇ ਸੰਵਾਦ ਵੀ ਜ਼ਰੂਰੀ ਹੈ। ਇਸ ਦੌਰਾਨ ਯੂਕਰੇਨ ਵਿੱਚ ਜੰਗ ਸਬੰਧੀ ਬਾਲੀ ’ਚ ਹੋਈ ਚਰਚਾ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਤੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਪਾਸ ਕੀਤੇ ਗਏ ਮਤਿਆਂ ਨੂੰ ਦੁਹਰਾਇਆ ਗਿਆ। ਇਸ ਵਿੱਚ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਾਰੇ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਦੇ ਚਾਰਟਰ ਅਨੁਸਾਰ ਸਾਰੇ ਦੇਸ਼ਾਂ ਨੂੰ ਕਿਸੇ ਵੀ ਦੇਸ਼ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਜਾਂ ਰਾਜਨੀਤਿਕ ਸੁਤੰਤਰਤਾ ਖ਼ਿਲਾਫ਼ ਚਿਤਾਵਨੀ ਜਾਂ ਤਾਕਤ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ’ਚ ਕਿਹਾ ਗਿਆ, ‘‘ਪਰਮਾਣੂ ਹਥਿਆਰਾਂ ਦੀ ਵਰਤੋਂ ਜਾਂ ਵਰਤੋਂ ਦੀ ਧਮਕੀ ਸਵੀਕਾਰ ਕਰਨ ਯੋਗ ਨਹੀਂ ਹੈ।’’