ਜੀ-7: ਜ਼ੈਲੇਂਸਕੀ ਵੱਲੋਂ ਵਿਸ਼ਵ ਭਰ ਦੇ ਆਗੂਆਂ ਨਾਲ ਮੁਲਾਕਾਤ

ਜੀ-7: ਜ਼ੈਲੇਂਸਕੀ ਵੱਲੋਂ ਵਿਸ਼ਵ ਭਰ ਦੇ ਆਗੂਆਂ ਨਾਲ ਮੁਲਾਕਾਤ

ਹੀਰੋਸ਼ੀਮਾ- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਇੱਥੇ ਜਾਰੀ ਜੀ7 ਸਿਖ਼ਰ ਸੰਮੇਲਨ ਦੌਰਾਨ ਵਿਸ਼ਵ ਦੇ ਕਈ ਆਗੂਆਂ ਨਾਲ ਮੁਲਾਕਾਤ ਕੀਤੀ ਹੈ ਜਿਨ੍ਹਾਂ ਵਿਚ ਉਨ੍ਹਾਂ ਦੇ ਕੁਝ ਸਭ ਤੋਂ ਵੱਡੇ ਹਮਾਇਤੀ ਵੀ ਸ਼ਾਮਲ ਹਨ। ਇਨ੍ਹਾਂ ਮੁਲਾਕਾਤਾਂ ਨਾਲ ਯੂਕਰੇਨ ਦੇ ਜੰਗੀ ਯਤਨਾਂ ਨੂੰ ਬਲ ਮਿਲਿਆ ਹੈ, ਜਦਕਿ ਦੂਜੇ ਪਾਸੇ ਰੂਸ ਜੰਗ ਦੇ ਮੈਦਾਨ ਵਿਚ ਪ੍ਰਤੀਕਾਤਮਕ ਜਿੱਤ ਦਾ ਦਾਅਵਾ ਕਰ ਰਿਹਾ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਵੈਗਨਰ ਪ੍ਰਾਈਵੇਟ ਸੈਨਾ ਨੇ ਬਖਮੁਤ ਸ਼ਹਿਰ ਉਤੇ ਕਬਜ਼ਾ ਕਰ ਲਿਆ ਹੈ। ਇਸ ਪ੍ਰਾਈਵੇਟ ਫ਼ੌਜ ਨੂੰ ਰੂਸੀ ਫ਼ੌਜ ਦੀ ਹਮਾਇਤ ਪ੍ਰਾਪਤ ਹੈ। ਪੂਰਬ ਵਿਚ ਪੈਂਦੇ ਇਸ ਸ਼ਹਿਰ ਲਈ ਅੱਠ ਮਹੀਨਿਆਂ ਤੋਂ ਲੜਾਈ ਚੱਲ ਰਹੀ ਸੀ। ਬਖਮੁਤ ਬਾਰੇ ਜ਼ੈਲੇਂਸਕੀ ਨੂੰ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ‘ਉੱਥੇ ਹੁਣ ਕੁਝ ਨਹੀਂ ਬਚਿਆ, ਸਭ ਕੁਝ ਤਬਾਹ ਹੋ ਚੁੱਕਾ ਹੈ, ਬਖਮੁਤ ਹੁਣ ਬਸ ਸਾਡੇ ਦਿਲਾਂ ਵਿਚ ਹੈ।’ ਜ਼ੈਲੇਂਸਕੀ ਦਾ ਜਪਾਨ ਦੌਰਾ ਜੀ7 ਸੰਮੇਲਨ ਦਾ ਕੇਂਦਰ ਬਿੰਦੂ ਬਣਿਆ ਰਿਹਾ, ਹਾਲਾਂਕਿ ਇਸ ਮੌਕੇ ਹੋਰ ਵੀ ਕਈ ਮੁੱਦੇ ਵਿਚਾਰੇ ਜਾਣੇ ਸਨ ਜਿਨ੍ਹਾਂ ’ਚ ਏਸ਼ੀਆ ਵਿਚ ਬਣੀਆਂ ਸੁਰੱਖਿਆ ਚੁਣੌਤੀਆਂ ਤੇ ਵਿਕਾਸਸ਼ੀਲ ਸੰਸਾਰ ਤੱਕ ਪਹੁੰਚ ਬਿਹਤਰ ਕਰਨਾ ਸ਼ਾਮਲ ਸੀ। ਜਪਾਨ, ਅਮਰੀਕਾ, ਯੂਕੇ, ਫਰਾਂਸ, ਜਰਮਨੀ, ਕੈਨੇਡਾ, ਇਟਲੀ ਦੇ ਯੂਰੋਪੀਅਨ ਯੂਨੀਅਨ ਦੇ ਆਗੂਆਂ ਨੇ ਇਸ ਮੌਕੇ ਜਲਵਾਯੂ ਤਬਦੀਲੀ ਉਤੇ ਬਣੀਆਂ ਚੁਣੌਤੀਆਂ, ਆਰਟੀਫੀਸ਼ੀਅਲ ਇੰਟੈਲੀਜੈਂਸ, ਗਰੀਬੀ, ਆਰਥਿਕ ਅਸਥਿਰਤਾ ਤੇ ਹੋਰ ਮੁੱਦਿਆਂ ਉਤੇ ਵੀ ਚਰਚਾ ਕੀਤੀ। ਜ਼ੈਲੇਂਸਕੀ ਨੇ ਪਹਿਲੀ ਮੀਟਿੰਗ ਜੀ7 ਆਗੂਆਂ ਤੇ ਦੂਜੀ ਸੰਮੇਲਨ ’ਚ ਸੱਦੇ ਗਏ ਮਹਿਮਾਨਾਂ ਨਾਲ ਕੀਤੀ। ਇਨ੍ਹਾਂ ਵਿਚ ਭਾਰਤ, ਦੱਖਣ ਕੋਰੀਆ ਤੇ ਬ੍ਰਾਜ਼ੀਲ ਸ਼ਾਮਲ ਸਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਲਈ ਫ਼ੌਜੀ ਮਦਦ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਅਸਲਾ ਤੇ ਫ਼ੌਜੀ ਵਾਹਨ ਉਪਲਬਧ ਕਰਵਾਏ ਜਾਣਗੇ।

ਦੱਸਣਯੋਗ ਹੈ ਕਿ ਅਮਰੀਕਾ ਨੇ ਐਫ-16 ਲੜਾਕੂ ਜਹਾਜ਼ਾਂ ਦੀ ਸਿਖ਼ਲਾਈ ਸਬੰਧੀ ਵੀ ਪ੍ਰਵਾਨਗੀ ਦਿੱਤੀ ਹੈ ਜਿਸ ਨਾਲ ਯੂਕਰੇਨ ਨੂੰ ਬਾਅਦ ’ਚ ਇਹ ਲੜਾਕੂ ਜਹਾਜ਼ ਮੁਹੱਈਆ ਕਰਵਾਏ ਜਾਣ ਦਾ ਮੁੱਢ ਬੱਝ ਗਿਆ ਹੈ। ਬਾਇਡਨ ਨੇ ਕਿਹਾ ਕਿ ਉਹ ਯੂਕਰੇਨ ਦੇ ਨਾਲ ਹਨ ਤੇ ਨਾਲ ਡਟੇ ਰਹਿਣਗੇ। ਜ਼ੈਲੇਂਸਕੀ ਦੇ ਜਪਾਨ ਪਹੁੰਚਣ ਤੋਂ ਪਹਿਲਾਂ ਹੀ ਜੀ7 ਮੁਲਕਾਂ ਨੇ ਮਾਸਕੋ ਉਤੇ ਕਈ ਹੋਰ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਜ਼ੈਲੇਂਸਕੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ ਜੋ ਕਿ ਜੰਗ ਲੱਗਣ ਤੋਂ ਬਾਅਦ ਦੋਵਾਂ ਆਗੂਆਂ ਵਿਚਾਲੇ ਆਹਮੋ-ਸਾਹਮਣੇ ਪਹਿਲਾ ਰਾਬਤਾ ਸੀ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸਿਖ਼ਰ ਸੰਮੇਲਨ ਵਿਚ ਚੀਨ ਤੇ ਰੂਸ ਨੂੰ ਅਲੱਗ-ਥਲੱਗ ਕਰਨ ਲਈ ਜੀ7 ਮੁਲਕਾਂ ਦੀ ਨਿਖੇਧੀ ਕੀਤੀ ਹੈ। ਜੀ7 ਮੁਲਕਾਂ ਦੇ ਆਗੂਆਂ ਨੇ ਯੂਕਰੇਨ ਉਤੇ ਰੂਸ ਦੇ ਹੱਲੇ ਨੂੰ ਪੂਰੇ ਸੰਸਾਰ ਲਈ ਖ਼ਤਰਾ ਕਰਾਰ ਦਿੱਤਾ ਹੈ। ਆਗੂਆਂ ਨੇ ਨਾਲ ਹੀ ਕਿਹਾ ਕਿ ਉਹ ਚੀਨ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਇਸ ਨਾਲ ‘ਉਸਾਰੂ ਤੇ ਸਥਿਰ ਰਿਸ਼ਤੇ’ ਚਾਹੁੰਦੇ ਹਨ।

ਬਖਮੁਤ ’ਤੇ ਰੂਸ ਦਾ ਕਬਜ਼ਾ ਨਹੀਂ ਹੋਇਆ : ਜ਼ੈਲੇਂਸਕੀ
ਹੀਰੋਸ਼ੀਮਾ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਰੂਸੀ ਫ਼ੌਜ ਦਾ ਬਖਮੁਤ ’ਤੇ ਕੋਈ ਕਬਜ਼ਾ ਨਹੀਂ ਹੋਇਆ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਮਾਸਕੋ ਦੇ ਦਾਅਵਿਆਂ ’ਤੇ ਸ਼ੱਕ ਪੈਦਾ ਹੋ ਗਿਆ ਹੈ ਜਿਸ ’ਚ ਰੂਸ ਨੇ ਕਿਹਾ ਸੀ ਕਿ ਉਨ੍ਹਾਂ ਯੂਕਰੇਨੀ ਇਲਾਕੇ ਬਖਮੁਤ ’ਤੇ ਕਬਜ਼ਾ ਕਰ ਲਿਆ ਹੈ। ਜੀ-7 ਮੁਲਕਾਂ ਦੇ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਉਚੇਚੇ ਤੌਰ ’ਤੇ ਪੁੱਜੇ ਜ਼ੈਲੇਂਸਕੀ ਤੋਂ ਜਦੋਂ ਇਕ ਪੱਤਰਕਾਰ ਨੇ ਬਖਮੁਤ ਦੀ ਸਥਿਤੀ ਬਾਰੇ ਸਵਾਲ ਪੁੱਛਿਆ ਤਾਂ ਜ਼ੈਲੇਂਸਕੀ ਨੇ ਕਿਹਾ,‘‘ਬਖਮੁਤ ’ਤੇ ਅਜੇ ਤੱਕ ਰੂਸੀ ਫੈਡਰੇਸ਼ਨ ਦਾ ਕਬਜ਼ਾ ਨਹੀਂ ਹੋਇਆ ਹੈ।’’ ਯੂਕਰੇਨੀ ਅਤੇ ਰੂਸੀ ਅਧਿਕਾਰੀਆਂ ਵੱਲੋਂ ਬਖਮੁਤ ’ਤੇ ਕਬਜ਼ੇ ਬਾਰੇ ਦਿੱਤੇ ਜਾ ਰਹੇ ਵੱਖੋ ਵੱਖਰੇ ਬਿਆਨਾਂ ਕਾਰਨ ਦੁਬਿਧਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਜ਼ੈਲੇਂਸਕੀ ਵੱਲੋਂ ਬਖਮੁਤ ਦੀ ਸਥਿਤੀ ਬਾਰੇ ਇਕ ਸਵਾਲ ਦਾ ਜਵਾਬ ਅੰਗਰੇਜ਼ੀ ’ਚ ਦਿੱਤੇ ਜਾਣ ਕਾਰਨ ਭੰਬਲਭੂਸਾ ਪੈਦਾ ਹੋ ਗਿਆ ਸੀ ਅਤੇ ਕਈਆਂ ਨੇ ਇਸ ਦਾ ਤਰਜਮਾ ਇਹ ਕੀਤਾ ਕਿ ਰੂਸੀ ਫ਼ੌਜ ਨੇ ਸ਼ਹਿਰ ’ਤੇ ਕਬਜ਼ਾ ਕਰ ਲਿਆ ਹੈ। ਆਪਣੇ ਪਹਿਲਾਂ ਦੇ ਬਿਆਨ ’ਚ ਜ਼ੈਲੇਂਸਕੀ ਨੇ ਕਿਹਾ ਸੀ,‘‘ਬਖਮੁਤ ਅੱਜ ਸਿਰਫ਼ ਸਾਡੇ ਦਿਲਾਂ ’ਚ ਵਸਦਾ ਹੈ। ਉਥੇ ਹੁਣ ਕੁਝ ਵੀ ਨਹੀਂ ਬਚਿਆ ਹੈ।’’ ਉਂਜ ਉਨ੍ਹਾਂ ਇਹ ਵੀ ਕਿਹਾ ਸੀ ਕਿ ਬਖਮੁਤ ’ਚ ਬਹੁਤ ਸਾਰੇ ਰੂਸੀ ਮਾਰੇ ਗਏ ਹਨ।