ਜੀ-7 ਅਤੇ ਕੁਆਡ ਸਿਖਰ ਸੰਮੇਲਨਾਂ ਲਈ ਹੀਰੋਸ਼ੀਮਾ ਪੁੱਜੇ ਮੋਦੀ

ਜੀ-7 ਅਤੇ ਕੁਆਡ ਸਿਖਰ ਸੰਮੇਲਨਾਂ ਲਈ ਹੀਰੋਸ਼ੀਮਾ ਪੁੱਜੇ ਮੋਦੀ

ਪਾਪੂਆ ਨਿਊ ਗਿਨੀ ਅਤੇ ਆਸਟਰੇਲੀਆ ਦੇ ਦੌਰੇ ’ਤੇ ਵੀ ਜਾਣਗੇ ਪ੍ਰਧਾਨ ਮੰਤਰੀ
-ਹੀਰੋਸ਼ੀਮਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਮੁਲਕਾਂ ਦੇ ਸਿਖਰ ਸੰਮੇਲਨ ਅਤੇ ਕੁਆਡ ਆਗੂਆਂ ਦੀ ਮੀਟਿੰਗ ਲਈ ਅੱਜ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਪੁੱਜ ਗਏ ਹਨ। ਮੀਟਿੰਗਾਂ ਦੌਰਾਨ ਪ੍ਰਧਾਨ ਮੰਤਰੀ ਆਲਮੀ ਆਗੂਆਂ ਨਾਲ ਦੁਨੀਆ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਰਲ ਕੇ ਹੱਲ ਕੱਢਣ ਦੇ ਤਰੀਕਿਆਂ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਸ੍ਰੀ ਮੋਦੀ ਦੇ ਤਿੰਨ ਮੁਲਕਾਂ ਜਪਾਨ, ਪਾਪੂਆ ਨਿਊ ਗਿਨੀ ਅਤੇ ਆਸਟਰੇਲੀਆ ਦੇ ਦੌਰੇ ਦੌਰਾਨ 40 ਤੋਂ ਵੱਧ ਮੀਟਿੰਗਾਂ ’ਚ ਸ਼ਮੂਲੀਅਤ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਸੰਮੇਲਨਾਂ ਦੌਰਾਨ ਦੋ ਦਰਜਨ ਤੋਂ ਵੱਧ ਆਲਮੀ ਆਗੂਆਂ ਨਾਲ ਵਿਚਾਰ ਵਟਾਂਦਰੇ ਤੋਂ ਇਲਾਵਾ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ। ਜਪਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਦਿੱਤੇ ਬਿਆਨ ’ਚ ਸ੍ਰੀ ਮੋਦੀ ਨੇ ਕਿਹਾ,‘‘ਜੀ-7 ਮੁਲਕਾਂ ਅਤੇ ਹੋਰ ਮਹਿਮਾਨ ਆਗੂਆਂ ਨਾਲ ਮੈਂ ਦੁਨੀਆ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਰਲ ਕੇ ਕੱਢਣ ਬਾਰੇ ਵਿਚਾਰ ਵਟਾਂਦਰਾ ਕਰਾਂਗਾ। ਮੈਂ ਕੁਝ ਆਗੂਆਂ ਨਾਲ ਦੁਵੱਲੀ ਮੀਟਿੰਗਾਂ ਵੀ ਕਰਾਂਗਾ। ਜੀ-7 ਸਿਖਰ ਸੰਮੇਲਨ ’ਚ ਮੇਰੀ ਹਾਜ਼ਰੀ ਖਾਸ ਤੌਰ ’ਤੇ ਅਰਥ ਭਰਪੂਰ ਹੈ ਕਿਉਂਕਿ ਭਾਰਤ ਇਸ ਸਾਲ ਜੀ-20 ਮੀਟਿੰਗਾਂ ਦੀ ਮੇਜ਼ਬਾਨੀ ਕਰ ਰਿਹਾ ਹੈ।’’ ਪ੍ਰਧਾਨ ਮੰਤਰੀ ਦਾ ਹਵਾਈ ਅੱਡੇ ’ਤੇ ਜਪਾਨ ਅਤੇ ਭਾਰਤ ਦੇ ਸੀਨੀਅਰ ਅਧਿਕਾਰੀਆਂ ਨੇ ਸਵਾਗਤ ਕੀਤਾ। ਸ੍ਰੀ ਮੋਦੀ 19 ਤੋਂ 21 ਮਈ ਤੱਕ ਹੀਰੋਸ਼ੀਮਾ ਦੇ ਦੌਰੇ ’ਤੇ ਹਨ ਜਿਥੇ ਉਹ ਜੀ-7 ਦੇ ਸਾਲਾਨਾ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਖੁਰਾਕ, ਖਾਦਾਂ ਅਤੇ ਊਰਜਾ ਸੁਰੱਖਿਆ ਸਮੇਤ ਹੋਰ ਚੁਣੌਤੀਆਂ ਦਾ ਜ਼ਿਕਰ ਕਰ ਸਕਦੇ ਹਨ। ਜਪਾਨ ਤੋਂ ਬਾਅਦ ਸ੍ਰੀ ਮੋਦੀ ਪਾਪੂਆ ਨਿਊ ਗਿਨੀ ਜਾਣਗੇ ਜਿਥੇ ਉਹ 22 ਮਈ ਨੂੰ ਪ੍ਰਧਾਨ ਮੰਤਰੀ ਜੇਮਸ ਮਰਾਪੇ ਨਾਲ ਸਾਂਝੇ ਤੌਰ ’ਤੇ ਫੋਰਮ ਫਾਰ ਇੰਡੀਆ-ਪੈਸੇਫਿਕ ਆਈਲੈਂਡਸ ਕੋਆਪ੍ਰੇਸ਼ਨ (ਐੱਫਆਈਪੀਆਈਸੀ) ਦੇ ਤੀਜੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਗੇ। ਸ੍ਰੀ ਮੋਦੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ ਜੋ ਪਪੂਆ ਨਿਊ ਗਿਨੀ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਅਹਿਮ ਸੰਮੇਲਨ ਲਈ ਸੱਦਾ ਸਵੀਕਾਰ ਕਰਨ ਵਾਸਤੇ ਉਹ ਸਾਰੇ 14 ਪੈਸੇਫਿਕ ਆਈਲੈਂਡ ਮੁਲਕਾਂ ਦੇ ਸ਼ੁਕਰਗੁਜ਼ਾਰ ਹਨ। ਐੱਫਆਈਪੀਆਈਸੀ ਦਾ ਆਗਾਜ਼ ਸ੍ਰੀ ਮੋਦੀ ਦੇ 2014 ’ਚ ਫਿਜੀ ਦੌਰੇ ਸਮੇਂ ਹੋਇਆ ਸੀ। ਬਾਅਦ ’ਚ ਉਹ 22 ਤੋਂ 24 ਮਈ ਤੱਕ ਆਸਟਰੇਲੀਆ ਦਾ ਦੌਰਾ ਕਰਨਗੇ। ਕੁਆਡ ਸਿਖਰ ਸੰਮੇਲਨ ਸਿਡਨੀ ’ਚ ਹੋਣਾ ਸੀ ਪਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਆਸਟਰੇਲੀਆ ਦਾ ਦੌਰਾ ਮੁਲਤਵੀ ਕਰਨ ਕਰਕੇ ਹੁਣ ਇਹ ਹੀਰੋਸ਼ੀਮਾ ’ਚ ਹੋਵੇਗਾ।

ਮੋਦੀ ਅਤੇ ਜ਼ੈਲੇਂਸਕੀ ਵਿਚਕਾਰ ਹੋ ਸਕਦੀ ਹੈ ਦੁਵੱਲੀ ਮੀਟਿੰਗ

ਨਵੀਂ ਦਿੱਲੀ: ਭਾਰਤ ਅਤੇ ਯੂਕਰੇਨ ਦੇ ਸੀਨੀਅਰ ਕੂਟਨੀਤਕ ਹੀਰੋਸ਼ੀਮਾ ’ਚ ਜੀ-7 ਮੁਲਕਾਂ ਦੇ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਵਿਚਕਾਰ ਦੁਵੱਲੀ ਮੀਟਿੰਗ ਕਰਾਉਣ ਦੀ ਸੰਭਾਵਨਾ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਹਨ। ਜੇਕਰ ਦੋਵੇਂ ਆਗੂਆਂ ਵਿਚਕਾਰ ਮੀਟਿੰਗ ਹੋਈ ਤਾਂ ਪਿਛਲੇ ਸਾਲ ਯੂਕਰੇਨ ’ਤੇ ਰੂਸੀ ਹਮਲੇ ਮਗਰੋਂ ਮੋਦੀ ਅਤੇ ਜ਼ੈਲੇਂਸਕੀ ਵਿਚਕਾਰ ਇਹ ਪਹਿਲੀ ਵਾਰਤਾ ਹੋਵੇਗੀ। ਜਾਣਕਾਰਾਂ ਮੁਤਾਬਕ ਮੋਦੀ ਅਤੇ ਜ਼ੈਲੇਂਸਕੀ ਵਿਚਕਾਰ ਸ਼ਨਿਚਰਵਾਰ ਨੂੰ ਮੀਟਿੰਗ ਹੋ ਸਕਦੀ ਹੈ।