ਜੀ-20 ਹਾਲੇ ਵੀ ਆਪਣੇ ਅਹਿਮ ਮੁੱਦਿਆਂ ਦਾ ਹੱਲ ਲੱਭ ਸਕਦੈ: ਬਾਇਡਨ

ਜੀ-20 ਹਾਲੇ ਵੀ ਆਪਣੇ ਅਹਿਮ ਮੁੱਦਿਆਂ ਦਾ ਹੱਲ ਲੱਭ ਸਕਦੈ: ਬਾਇਡਨ

ਅਮਰੀਕਾ ਦੇ ਰਾਸ਼ਟਰਪਤੀ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਮਗਰੋਂ ਵੀਅਤਨਾਮ ਪਹੁੰਚੇ
ਨਵੀਂ ਦਿੱਲੀ/ਹਾਨੋਈ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਇੱਥੇ ਕਿਹਾ ਕਿ ਇਸ ਸਾਲ ਦੇ ਜੀ-20 ਸਿਖਰ ਸੰਮੇਲਨ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਗਰੁੱਪ ਹਾਲੇ ਵੀ ਆਪਣੇ ਸਭ ਤੋਂ ਅਹਿਮ ਮੁੱਦਿਆਂ ਦਾ ਹੱਲ ਲੱਭ ਸਕਦਾ ਹੈ। ਬਾਇਡਨ ਨੇ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਦਾ ਵੀਅਤਨਾਮ ਦੌਰਾ ਚੀਨ ਨਾਲ ‘ਠੰਢੀ ਜੰਗ’ ਸ਼ੁਰੂ ਕਰਨ ਦੀ ਕੋਸ਼ਿਸ਼ ਨਹੀਂ ਹੈ ਤੇ ਉਨ੍ਹਾਂ ਦਾ ਉਦੇਸ਼ ਵੀਅਤਨਾਮ ਤੇ ਹੋਰਨਾਂ ਏਸ਼ਿਆਈ ਮੁਲਕਾਂ ਨਾਲ ਸਬੰਧ ਮਜ਼ਬੂਤ ਬਣਾ ਕੇ ਦੁਨੀਆ ’ਚ ਸਥਿਰਤਾ ਲਿਆਉਣਾ ਹੈ।

ਸਿਖਰ ਸੰਮਲੇਨ ’ਚ ਹਿੱਸਾ ਲੈਣ ਆਏ ਬਾਇਡਨ ਅੱਜ ਸਵੇਰੇ ਮਹਾਤਮਾ ਗਾਂਧੀ ਦੀ ਸਮਾਧ ਰਾਜਘਾਟ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਵੀਅਤਨਾਮ ਰਵਾਨਾ ਹੋ ਗਏ ਸਨ। ਉਨ੍ਹਾਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ, ‘‘ਅਜਿਹੇ ਸਮੇਂ ’ਚ ਜਦੋਂ ਆਲਮੀ ਅਰਥਵਿਵਸਥਾ ਜਲਵਾਯੂ ਸੰਕਟ, ਨਾਜ਼ੁਕ ਹਾਲਾਤ ਅਤੇ ਸੰਘਰਸ਼ ਨਾਲ ਜੂਝ ਰਹੀ ਹੈ, ਇਸ ਸਾਲ ਦੇ ਸਿਖਰ ਸੰਮੇਲਨ ਨੇ ਸਾਬਤ ਕਰ ਦਿੱਤਾ ਹੈ ਕਿ ਜੀ-20 ਹਾਲੇ ਵੀ ਸਾਡੇ ਸਭ ਤੋਂ ਅਹਿਮ ਮੁੱਦਿਆਂ ਦਾ ਹੱਲ ਕੱਢ ਸਕਦਾ ਹੈ।’’ ਅਮਰੀਕੀ ਰਾਸ਼ਟਰਪਤੀ ਵਜੋਂ ਭਾਰਤ ਦੀ ਆਪਣੀ ਪਹਿਲੇ ਫੇਰੀ ਤਹਿਤ ਬਾਇਡਨ ਦੋ ਰੋਜ਼ਾ ਜੀ-20 ਸੰਮੇਲਨ ’ਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ ਕੌਮੀ ਰਾਜਧਾਨੀ ਪਹੁੰਚੇ ਸਨ ਅਤੇ ਉਸੇ ਦਿਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕੀਤੀ ਸੀ। ਆਪਣੀ 50 ਮਿੰਟ ਤੋਂ ਵੱਧ ਦੀ ਗੱਲਬਾਤ ਵਿੱਚ ਮੋਦੀ ਅਤੇ ਬਾਇਡਨ ਨੇ ਦੁਵੱਲੀ ਰੱਖਿਆ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਭਿੰਨਤਾ ਲਿਆਉਣ ਦਾ ਸੰਕਲਪ ਲਿਆ। ਉਨ੍ਹਾਂ ਨੇ ਭਾਰਤ ਵੱਲੋਂ 31 ਡਰੋਨਾਂ ਦੀ ਖਰੀਦ ਅਤੇ ਜੈੱਟ ਇੰਜਣ ਮਿਲ ਕੇ ਵਿਕਸਤ ਕਰਨ ਦੀ ਦਿਸ਼ਾ ’ਚ ਅੱਗੇ ਵਧਣ ਦਾ ਵੀ ਸਵਾਗਤ ਕੀਤਾ। ਬਾਇਡਨ ਨੇ ਸ਼ਨਿਚਰਵਾਰ ਨੂੰ ਜੀ-20 ਸਿਖਰ ਸੰਮੇਲਨ ਦੇ ਮੁੱਖ ਸੈਸ਼ਨਾਂ ਵਿੱਚ ਵੀ ਹਿੱਸਾ ਲਿਆ ਸੀ। ਰਾਸ਼ਟਰਪਤੀ ਬਾਇਡਨ ਨੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ। ਅੱਜ ਦੁਪਹਿਰ ਵੀਅਤਨਾਮ ਪਹੁੰਚੇ ਰਾਸ਼ਟਰਪਤੀ ਜੋਅ ਬਾਇਡਨ ਨੇ ਦੇਸ਼ ਦੀ ਲੀਡਰਸ਼ਿਪ ਨੂੰ ਕਿਹਾ ਕਿ ਦੋਹਾਂ ਦੇਸ਼ਾਂ ਕੋਲ ਆਉਣ ਵਾਲੇ ਦਹਾਕਿਆਂ ਤੱਕ ਹਿੰਦ-ਪ੍ਰਸ਼ਾਂਤ ਨੂੰ ਰੂਪ ਦੇਣ ਦਾ ਮੌਕਾ ਹੈ। ਬਾਇਡਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਇਸ 24 ਘੰਟੇ ਦੀ ਫੇਰੀ ਦੌਰਾਨ ਜਲਵਾਯੂ, ਆਰਥਿਕਤਾ ਅਤੇ ਹੋਰ ਮੁੱਦਿਆਂ ’ਤੇ ਗੱਲਬਾਤ ਅੱਗੇ ਵਧਾਈ ਜਾ ਸਕਦੀ ਹੈ। ਇੱਥੇ ਪਾਰਟੀ ਹੈੱਡਕੁਆਰਟਰ ਵਿੱਚ ਵੀਅਤਨਾਮ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਨਗੁਯੇਨ ਫੂ ਤ੍ਰੋਂਗ ਨਾਲ ਮੀਟਿੰਗ ਦੌਰਾਨ ਬਾਇਡਨ ਨੇ ਕਿਹਾ, ‘‘ਵੀਅਤਨਾਮ ਅਤੇ ਅਮਰੀਕਾ ਇਸ ਨਾਜ਼ੁਕ ਦੌਰ ਵਿੱਚ ਅਹਿਮ ਭਾਈਵਾਲ ਹਨ।’’ ਤ੍ਰੋਂਗ ਨੇ ਸਹਿਮਤੀ ਪ੍ਰਗਟਾਈ ਕਿ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਇਹ ਸ਼ਾਨਦਾਰ ਮੌਕਾ ਹੈ।