ਜੀ 20 ਸੰਮੇਲਨ ਵਿੱਚ ਹਿੱਸਾ ਲੈਣਗੇ 25 ਆਲਮੀ ਆਗੂ

ਜੀ 20 ਸੰਮੇਲਨ ਵਿੱਚ ਹਿੱਸਾ ਲੈਣਗੇ 25 ਆਲਮੀ ਆਗੂ

  • ਰੂਸੀ ਤੇ ਯੂਕਰੇਨੀ ਰਾਸ਼ਟਰਪਤੀ ਰਹਿਣਗੇ ਗ਼ੈਰਹਾਜ਼ਰ ਨਵੀਂ ਦਿੱਲੀ- ਇੱਥੇ ਅਗਲੇ ਮਹੀਨੇ ਹੋਣ ਵਾਲੇ ਜੀ 20 ਸੰਮੇਲਨ ਵਿੱਚ ਘੱਟੋ-ਘੱਟ 25 ਮੁਲਕਾਂ ਆਗੂ ਹਿੱਸਾ ਲੈਣਗੇ ਜਦਕਿ ਰੂਸ ਅਤੇ ਯੂਕਰੇਨ ਦੇ ਰਾਸ਼ਟਰਪਤੀ ਸ਼ਾਮਲ ਨਹੀਂ ਹੋਣਗੇ। ਜੀ 20 ਮੈਂਬਰ ਮੁਲਕਾਂ ਵਿੱਚੋਂ 18 ਆਗੂ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਸ ਸਮੂਹ ’ਚੋਂ ਗੈਰ-ਹਾਜ਼ਰ ਰਹਿਣ ਵਾਲੇ ਆਗੂਆਂ ’ਚ ਪੂਤਿਨ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਸ਼ਾਮਲ ਹਨ। ਸੂਤਰਾਂ ਮੁਤਾਬਕ ਹੁਣ ਤੱਕ ਸਾਊਦੀ ਅਰਬ, ਦੱਖਣੀ ਅਫ਼ਰੀਕਾ, ਤੁਰਕੀ, ਮੈਕਸੀਕੋ, ਜਪਾਨ, ਇਟਲੀ, ਜਰਮਨੀ, ਇੰਡੋਨੇਸ਼ੀਆ, ਬ੍ਰਾਜ਼ੀਲ ਅਤੇ ਅਰਜਨਟੀਨਾ ਵੱਲੋਂ ਹਾਜ਼ਰੀ ਸਬੰਧੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਨ੍ਹਾਂ ਮੁਲਕਾਂ ਵਿੱਚ ਕਾਰਜਸ਼ੀਲ ਭਾਰਤੀ ਮਿਸ਼ਨਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮੈਕਸੀਕੋ ਨੂੰ ਛੱਡਕੇ ਇਹ ਮੁਲਕ ਸੰਮੇਲਨ ਵਿੱਚ ਹਿੱਸਾ ਲੈਣਗੇ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਆਪਣੇ ਦੌਰੇ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਸੂਤਰਾਂ ਮੁਤਾਬਕ ਆਰਥਿਕ ਮੰਦੀ ਕਾਰਨ ਚੀਨ ਇਸ ਸਮਾਗਮ ਵਿੱਚ ਸ਼ਿਰਕਤ ਕਰੇਗਾ। ਇਸ ਤੋਂ ਇਲਾਵਾ ਕੁੱਲ ਨੌਂ ਅਬਜ਼ਰਬਰ ਮੁਲਕ ਸੰਮੇਲਨ ਵਿੱਚ ਸ਼ਿਰਕਤ ਕਰਨਗੇ, ਖਾਸ ਤੌਰ ’ਤੇ ਉਹ, ਜਿਨ੍ਹਾਂ ਨੂੰ ਭਾਰਤ ਵੱਲੋਂ ਸੱਦਾ ਦਿੱਤਾ ਗਿਆ ਹੈ। ਘੱਟੋ-ਘੱਟ ਦਸ ਕੌਮਾਂਤਰੀ ਸੰਸਥਾਵਾਂ ਦੇ ਮੁਖੀ ਵੀ ਇਸ ਸੰਮੇਲਨ ਵਿੱਚ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ, ਡਬਲਿਊਟੀਓ, ਏਸ਼ੀਅਨ, ਵਿਸ਼ਵ ਬੈਂਕ, ਬਰਿਕਸ ਤੇ ਐੱਸਸੀਓ ਸ਼ਾਮਲ ਹਨ।
    ਪੈਰਾਗਲਾਈਡਰਜ਼ ਤੇ ਏਅਰ ਬੈਲੂਨਾਂ ’ਤੇ ਪਾਬੰਦੀ

ਨਵੀਂ ਦਿੱਲੀ: ੲਿਥੇ 9 ਤੇ 10 ਸਤੰਬਰ ਨੂੰ ਹੋਣ ਵਾਲੀ ਜੀ-20 ਮੀਟਿੰਗ ਦੇ ਮੱਦੇਨਜ਼ਰ ਦਿੱਲੀ ਪੁਲੀਸ ਨੇ ਕੌਮੀ ਰਾਜਧਾਨੀ ਵਿੱਚ ਅੱਜ ਤੋਂ 12 ਸਤੰਬਰ ਤਕ ਪੈਰਾਗਲਾਈਡਰਜ਼, ਹੈਂਗ ਗਲਾਈਡਰਜ਼ ਤੇ ਹੋਟ ਏਅਰ ਬੈਲੂਨ (ਗਰਮ ਹਵਾ ਵਾਲੇ ਗੁਬਾਰੇ) ਉਡਾਉਣ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਦਿੱਲੀ ਪੁਲੀਸ ਕਮਿਸ਼ਨਰ ਸੰਜੈ ਅਰੋੜਾ ਵੱਲੋਂ ਅੱਜ ਜਾਰੀ ਕੀਤੇ ਗਏ ਹਨ। ਇਸੇ ਦੌਰਾਨ ਪੁਲੀਸ ਨੇ ਵਿਦੇਸ਼ ਤੋਂ ਆਉਣ ਵਾਲੇ ਡੈਲੀਗੇਟਾਂ ਤੇ ਸੈਲਾਨੀਆਂ ਲਈ ਟਰੈਫਿਕ ਹੈਲਪ ਡੈਸਕ ਕਾਇਮ ਕੀਤਾ ਹੈ।