ਜੀ-20 ਸੰਮੇਲਨ ਦੀਆਂ ਤਿਆਰੀਆਂ – ਰੰਗ ਬਿਰੰਗੇ ਚਿੱਤਰਾਂ ਨਾਲ ਸਜਣ ਲੱਗੀਆਂ ਸ਼ਹਿਰ ਦੀਆਂ ਕੰਧਾਂ

ਜੀ-20 ਸੰਮੇਲਨ ਦੀਆਂ ਤਿਆਰੀਆਂ – ਰੰਗ ਬਿਰੰਗੇ ਚਿੱਤਰਾਂ ਨਾਲ ਸਜਣ ਲੱਗੀਆਂ ਸ਼ਹਿਰ ਦੀਆਂ ਕੰਧਾਂ

ਅੰਮ੍ਰਿਤਸਰ – ਜੀ-20 ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਸਰਕਾਰੀ ਇਮਾਰਤਾਂ ਦੀਆਂ ਕੰਧਾਂ ਤੇ ਕੰਧ ਕਲਾ ਕਰਵਾਈ ਜਾ ਰਹੀ ਹੈ । ਇਸ ਸਬੰਧ ਵਿੱਚ ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋਂ ਕਲਾਕਾਰ ਆਪਣੀਆਂ ਕੰਧ ਕਲਾਕ੍ਰਿਤਾਂ ਬਣਾਉਣ ਲਈ ਪੁੱਜੇ ਹਨ।

ਇਸ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਮੁਕਾਬਲਾ ਵੀ ਕਰਵਾਇਆ ਗਿਆ ਹੈ ਜਿਸ ਵਿਚ ਲਗਪਗ 200 ਟੀਮਾਂ ਦੇ ਨਾਮ ਦਰਜ ਕਰਾਏ ਹਨ। ਇਨ੍ਹਾਂ ਟੀਮਾਂ ਨੂੰ ਕੰਧ ਕਲਾ ਵਾਸਤੇ ਐਬਸਟਰੈਕਟ ਆਰਟ, ਪੰਜਾਬ ਦੀ ਵਿਰਾਸਤ ਅਤੇ ਸਭਿਆਚਾਰ, ਬੇਟੀ ਬਚਾਉ ਬੇਟੀ ਪੜਾਉ , ਸ਼ਹੀਦ ਜਾਂ ਸ਼ਹਿਰ ਦੀਆਂ ਨਾਮੀ ਹਸਤੀਆਂ ,ਸਿੱਖਿਆ ,ਕਿਰਤ, ਪੰਜਾਬੀ ਭਾਸ਼ਾ ਨੂੰ ਉਤਸ਼ਾਹਤ ਕਰਨ, ਸਮਾਜਿਕ ਮੁੱਦਿਆਂ ਬਾਰੇ ਕੰਧਾਂ ਤੇ ਕਲਾ-ਕਿਰਤਾਂ ਬਣਾਉਣ ਲਈ ਕਿਹਾ ਗਿਆ ਹੈ।

ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕਲਾਕਾਰਾਂ ਨੂੰ ਸ਼ਹਿਰ ਵਿਚ ਚੌਕ – ਚੁਰਾਹੇ ਅਤੇ ਸਰਕਾਰੀ ਇਮਾਰਤਾਂ ਦੀਆਂ ਕੰਧਾਂ ਤੇ ਰਸਤਿਆਂ ਦੀਆਂ ਕੰਧਾਂ ਤੇ ਕਲਾ-ਕਿਰਤਾਂ ਬਣਾਉਣ ਵਾਸਤੇ ਆਖਿਆ ਗਿਆ ਹੈ ਜਿਸ ਤਹਿਤ ਇਨ੍ਹਾਂ ਕਲਾਕਾਰਾਂ ਵੱਲੋਂ ਵੱਖ ਵੱਖ ਥਾਵਾਂ ਤੇ ਦੱਸੇ ਗਏ ਵਿਸ਼ਿਆਂ ਦੇ ਮੁਤਾਬਕ ਕਲਾਕ੍ਰਿਤਾਂ ਬਣਾਈਆਂ ਜਾ ਰਹੀਆਂ ਹਨ।

ਬੀਤੇ ਦਿਨ ਇਨ੍ਹਾਂ ਟੀਮਾਂ ਨੂੰ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਅਤੇ ਸਿਮਰਦੀਪ ਸਿੰਘ ਨੇ ਰੰਗ ਲਈ ਕਿੱਟਾਂ ਦੀ ਵੰਡ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਮੁਕਾਬਲੇ ਨਾਲ ਇਕ ਤਾਂ ਕਲਾਕਾਰਾਂ ਨੂੰ ਆਪਣੀ ਕਲਾ ਵਿਖਾਉਣ ਦਾ ਮੌਕਾ ਮਿਲੇਗਾ, ਦੂਸਰਾ ਸ਼ਹਿਰ ਵਿਚ ਪੈਂਦੇ ਚੌਕ ਅਤੇ ਕੰਧਾਂ ਇੰਨਾ ਦੀਆਂ ਕਲਾਕ੍ਰਿਤਾਂ ਨਾਲ ਸੱਜ ਜਾਣਗੀਆਂ।ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਇਸ ਮੁਕਾਬਲੇ ਦੇ ਜੇਤੂ ਪ੍ਰੋਫੈਸ਼ਨਲ ਕਲਾਕਾਰ ਨੂੰ ਇਕ ਲੱਖ ਰੁਪਏ, ਦੂਸਰੇ ਸਥਾਨ ਉਤੇ ਆਉਣ ਵਾਲੇ ਨੂੰ 50 ਹਜ਼ਾਰ ਰੁਪਏ (ਤਿੰਨ ਇਨਾਮ) ਅਤੇ ਤੀਸਰੇ ਸਥਾਨ ਉਤੇ ਆਉਣ ਵਾਲੇ 5 ਜੇਤੂਆਂ ਨੂੰ 25-25 ਹਜ਼ਾਰ ਰੁਪਏ ਦੇ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸੇ ਤਰਾਂ ਵਿਦਿਆਰਥੀਆਂ ਦੀ ਸ੍ਰੇਣੀ ਵਿਚ ਜੇਤੂ ਵਿਦਿਆਰਥੀ ਨੂੰ 10 ਹਜ਼ਾਰ ਰੁਪਏ, ਦੂਸਰੇ ਸਥਾਨ ਵਾਲੇ ਤਿੰਨ ਜੇਤੂ ਵਿਦਿਆਰਥੀਆਂ ਨੂੰ 7 ਹਜ਼ਾਰ ਰੁਪਏ ਹਰੇਕ ਨੂੰ ਇਨਾਮ ਦਿੱਤਾ ਜਾਵੇਗਾ। ਇਸ ਮੁਕਾਬਲੇ ਵਿਚ ਭਾਗ ਲੈਣ ਵਾਲਿਆਂ ਨੂੰ 50 ਤੋਂ 150 ਵਰਗ ਫੁੱਟ ਖੇਤਰ ਪੇਂਟ ਕਰਨ ਲਈ ਦਿੱਤਾ ਗਿਆ ਅਤੇ ਪੇਂਟਿੰਗ ਲਈ ਵਰਤਿਆ ਜਾਣ ਵਾਲਾ ਸਾਰਾ ਸਾਮਾਨ ਜਿਲ੍ਹਾ ਪ੍ਰਸ਼ਾਸਨ ਵਲੋਂ ਮੁਹੱਇਆ ਕਰਵਾਇਆ ਗਿਆ। ਜਿਲਾ ਸਮਾਜਿਕ ਸੁਰੱਖਿਆ ਅਧਿਕਾਰੀ ਅਸੀਸਇੰਦਰ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਲਈ ਪੇਂਟ ਕਰਨ ਵਾਸਤੇ 27 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ।