ਜੀ-20 ਸੰਮੇਲਨ – ਖੋਜ ਤੇ ਨਵੀਨਤਮ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ

ਜੀ-20 ਸੰਮੇਲਨ – ਖੋਜ ਤੇ ਨਵੀਨਤਮ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ

ਸੰਮੇਲਨ ਨੂੰ ਹੁਨਰ ਵਿਕਾਸ ਭਾਈਵਾਲੀ ਤੇ ਸਿੱਖਿਆ ਸਹਿਯੋਗ ਲਈ ਢੁਕਵਾਂ ਮੰਚ ਦੱਸਿਆ
ਅੰਮ੍ਰਿਤਸਰ- ਜੀ-20 ਸਮਾਗਮ ਦੌਰਾਨ ਦੱਖਣੀ ਅਫਰੀਕਾ ਦੇ ਡੈਲੀਗੇਟਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਸਿੱਖਿਆ ਬਾਰੇ ਜੀ-20 ਸੰਮੇਲਨ ਦੋਵਾਂ ਵਿਕਾਸਸ਼ੀਲ ਦੇਸ਼ਾਂ ਦਰਮਿਆਨ ਅਕਾਦਮਿਕ ਅਤੇ ਹੁਨਰ ਵਿਕਾਸ ਭਾਈਵਾਲੀ ਤੇ ਆਪਸੀ ਦੁਵੱਲੇ ਸਿੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਢੁਕਵਾਂ ਮੰਚ ਸਾਬਤ ਹੋਵੇਗਾ। ਇਸ ਦੌਰਾਨ ਅੱਜ ਜੀ-20 ਸੰਮੇਲਨ ਦੇ ਦੂਜੇ ਦਿਨ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਵਿੱਚ ਆਪਸੀ ਸਹਿਯੋਗ ਰਾਹੀਂ ਖੋਜ ਨੂੰ ਮਜ਼ਬੂਤ ਕਰਨ ਅਤੇ ਨਵੀਨਤਮ ਢੰਗਾਂ ਨੂੰ ਉਤਸ਼ਾਹਤ ਕਰਨ, ਕੰਮ ਦੇ ਸੰਦਰਭ ਵਿਚ ਜੀਵਨ ਭਰ ਸਿਖਲਾਈ ਨੂੰ ਉਤਸ਼ਾਹਤ ਕਰਨ ਅਤੇ ਬੁਨਿਆਦੀ ਸਾਖ਼ਰਤਾ ਨੂੰ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਉਚੇਰੀ ਸਿੱਖਿਆ ਮੰਤਰਾਲੇ ਦੇ ਸਕੱਤਰ ਕੇ ਸੰਜੈ ਮੂਰਤੀ ਨੇ ਕੀਤੀ। ਜੀ-20 ਦੇਸ਼ਾਂ ਦੇ ਮੈਂਬਰਾਂ ਵੱਲੋਂ ਮੀਟਿੰਗ ਦੇ ਪਹਿਲੇ ਸੈਸ਼ਨ ਵਿਚ ਵਿਸ਼ਵ-ਵਿਆਪੀ ਚੁਣੌਤੀਆਂ ਦੇ ਹੱਲ ਲਈ ਗਿਆਨ ਦੀ ਵੰਡ ਅਤੇ ਸਹਿਯੋਗ ਦੀ ਮਹੱਤਤਾ ’ਤੇ ਚਰਚਾ ਕੀਤੀ ਗਈ। ਇਸ ਦੌਰਾਨ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਖੋਜਕਰਤਾਵਾਂ ਅਤੇ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ, ਅੰਤਰਰਾਸ਼ਟਰੀ ਖੋਜਾਂ ਨੂੰ ਸਾਂਝਾ ਕਰਨ ਅਤੇ ਸਾਂਝੇ ਸਹਿਯੋਗ ਲਈ ਇੱਕ ਢਾਂਚਾ ਵਿਕਸਤ ਕਰਨ ਦਾ ਮੁੱਦਾ ਵੀ ਵਿਚਾਰਿਆ ਗਿਆ। ਮੀਟਿੰਗ ਦੇ ਦੂਜੇ ਅਤੇ ਤੀਜੇ ਸੈਸ਼ਨ ਵਿਚ ਬੁਨਿਆਦੀ ਸਾਖਰਤਾ, ਸਿਖਲਾਈ ਸਮੱਗਰੀ ਅਤੇ ਹੁਨਰ ਵਿਕਾਸ ਫਰੇਮਵਰਕ ਦੇ ਵਿਕਾਸ ਨਾਲ ਕਲਾਸਰੂਮ ਵਿੱਚ ਰਚਨਾਤਮਕ ਕਿਰਿਆ ਨੂੰ ਪ੍ਰੇਰਿਤ ਕਰਨ ਲਈ ਅਧਿਆਪਕ ਸਿਖਲਾਈ ਦੀ ਮਹੱਤਤਾ ’ਤੇ ਚਰਚਾ ਹੋਈ। ਮੀਟਿੰਗ ਵਿਚ ਸਾਂਝੀ ਕਾਰਵਾਈ ਲਈ ਕੁਝ ਤਰਜੀਹੀ ਮੁੱਦੇ ਵੀ ਵਿਚਾਰੇ ਗਏ ਜਿਨ੍ਹਾਂ ਵਿੱਚ ਪਾਠਕ੍ਰਮ ਮੁਲਾਂਕਣ ਅਤੇ ਸਿੱਖਿਆ ਸ਼ਾਸਤਰੀ ਅਭਿਆਸ ਨੂੰ ਵਿਕਸਤ ਕਰਨ, ਬਰਾਬਰ ਦੇ ਮੌਕੇ ਪ੍ਰਦਾਨ ਕਰਨ, ਪੱਛੜੇ ਭਾਈਚਾਰਿਆਂ ਨੂੰ ਸਹਾਇਤਾ ਪ੍ਰਦਾਨ ਕਰਨਾ ਆਦਿ ਸ਼ਾਮਲ ਸਨ।

ਇਸ ਦੌਰਾਨ ਦੱਖਣੀ ਅਫਰੀਕਾ ਦੇ ਉਚੇਰੀ ਸਿੱਖਿਆ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਰੀਨੇਥ ਮਗੀਬਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਸਿੱਖਿਆ ਦਾ ਦ੍ਰਿਸ਼ਟੀਕੋਣ ਇੱਕੋ ਜਿਹਾ ਹੈ। ਦੋਵਾਂ ਦੇਸ਼ਾਂ ਦੇ ਸਿਖਰਲੇ ਦਰਜੇ ਦੀਆਂ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਦਾ ਆਪਸੀ ਸਹਿਯੋਗ ਅਤੇ ਸਾਂਝੀ ਖੋਜ ਨਾਲ ਦੋਹਾਂ ਦੇਸ਼ਾਂ ਵਿਚਾਲੇ ਸਿੱਖਿਆ ਦੀ ਸਥਿਤੀ ਬਿਹਤਰ ਹੋ ਸਕਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵੱਧ ਤੋਂ ਵੱਧ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਆਦਾਨ-ਪ੍ਰਦਾਨ , ਵਿਦਿਆਰਥੀਆਂ ਦੇ ਦਾਖਲੇ, ਫੈਕਲਟੀ ਵਿਕਾਸ ਅਤੇ ਸਕਾਲਰਸ਼ਿਪ ਪ੍ਰੋਗਰਾਮ ਸ਼ੁਰੂ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਉਚੇਰੀ ਸਿੱਖਿਆ ਹਾਸਲ ਕਰਨ ਦੀ ਇੱਛਾ ਰੱਖਣ ਵਾਲੇ ਦੱਖਣੀ ਅਫਰੀਕੀ ਵਿਦਿਆਰਥੀਆਂ ਲਈ ਭਾਰਤ ਸਿਖਰਲੇ ਪੰਜ ਦੇਸ਼ਾਂ ਵਿੱਚੋਂ ਸ਼ੁਮਾਰ ਹੈ।

ਪੰਜਾਬੀਆਂ ਦੀ ਮਹਿਮਾਨਨਿਵਾਜ਼ੀ ਨੇ ਜਿੱਤਿਆ ਵਿਦੇਸ਼ੀ ਮਹਿਮਾਨਾਂ ਦਾ ਦਿਲ

ਜੀ-20 ਸੰਮੇਲਨ ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਆਏ ਨੁਮਾਇੰਦਿਆਂ ਵੱਲੋਂ ਸਿੱਖਿਆ ਖੇਤਰ ਨੂੰ ਹੋਰ ਬਿਹਤਰ ਬਣਾਉਣ ਸਬੰਧੀ ਵਿਚਾਰ-ਚਰਚਾ ਕੀਤੀ ਜਾ ਰਹੀ ਹੈ। ਇਸ ਦੌਰਾਨ ਇਨ੍ਹਾਂ ਵਿਦੇਸ਼ੀ ਮਹਿਮਾਨਾਂ ਨੂੰ ਪੰਜਾਬੀਆਂ ਦੀ ਮਹਿਮਾਨਨਿਵਾਜ਼ੀ, ਪੰਜਾਬੀ ਸੱਭਿਆਚਾਰ ਤੇ ਸਵਾਦਲੇ ਪਕਵਾਨਾਂ ਦਾ ਆਨੰਦ ਵੀ ਮਾਨਣ ਨੂੰ ਮਿਲ ਰਿਹਾ ਹੈ। ਬੀਤੀ ਸ਼ਾਮ ਦੂਜੇ ਐਜੂਕੇਸ਼ਨ ਵਰਕਿੰਗ ਗਰੁੱਪ ਦੇ ਸੈਮੀਨਾਰ ਮਗਰੋਂ ਹੋਟਲ ਦੇ ਵਿਹੜੇ ਵਿੱਚ ਵਿਦੇਸ਼ੀ ਮਹਿਮਾਨਾਂ ਦੀ ਆਓ-ਭਗਤ ਲਈ ਪੰਡਾਲ ਸਜਾਇਆ ਗਿਆ ਸੀ, ਜਿਸ ਵਿੱਚ ਕਲਾਕਾਰਾਂ ਨੇ ਲੋਕ ਸਾਜ਼ਾਂ ਤੇ ਲੋਕ ਗੀਤਾਂ ਦੀਆਂ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜੇ ਕਲਾਕਾਰਾਂ ਨੇ ਪੰਜਾਬੀ ਲੋਕ ਸਾਜ਼ ਤੂੰਬੀ, ਅਲਗੋਜ਼ੇ, ਸਾਰੰਗੀ, ਢੋਲ, ਨਗਾਰਾ, ਬੀਨ, ਬੰਸਰੀ, ਚਿਮਟਾ, ਬੁਗਚੂ, ਛੈਣੇ ਆਦਿ ਨਾਲ ਪੰਜਾਬੀ ਲੋਕ ਗਾਇਕੀ ਦੇ ਖੂਬਸੂਰਤ ਰੰਗ ਪੇਸ਼ ਕੀਤੇ। ਢੋਲ ਦੀ ਥਾਪ ਤੇ ਵੱਖ-ਵੱਖ ਸਾਜ਼ਾਂ ਦੀਆਂ ਮਨਮੋਹਕ ਧੁਨਾਂ ਨੇ ਵਿਦੇਸ਼ੀ ਮਹਿਮਾਨਾਂ ਨੂੰ ਭੰਗੜਾ ਪਾਉਣ ਤੇ ਨੱਚਣ ਲਈ ਮਜਬੂਰ ਕਰ ਦਿੱਤਾ। ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ ਭੰਗੜੇ ਤੇ ਗਿੱਧੇ ਨੇ ਦੁਨੀਆਂ ਦੇ ਕੋਨੇ ਕੋਨੇ ’ਤੋਂ ਆਏ ਮਹਿਮਾਨਾਂ ਨੂੰ ਕੀਲ ਲਿਆ। ਇਸ ਮੌਕੇ ਮਹਿਮਾਨਾਂ ਨੇ ਪੰਜਾਬੀ ਪਕਵਾਨਾਂ ਦੇ ਜ਼ਾਇਕੇ ਦਾ ਵੀ ਆਨੰਦ ਮਾਣਿਆ। ਦੱਖਣੀ ਅਫ਼ਰੀਕਾ ਦੀ ਪ੍ਰਤੀਨਿਧਤਾ ਕਰ ਰਹੇ ਇੰਸਟੀਚਿਊਸ਼ਨਲ ਫੰਡਿੰਗ ਦੇ ਡਾਇਰੈਕਟਰ ਐਲਫਰਡ ਮੈਕਾਗਤੋ ਨੇ ਪੰਜਾਬ ਦੀ ਮਹਿਮਾਨਨਿਵਾਜ਼ੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਸ ਨੇ ਪੰਜਾਬ ਤੇ ਪੰਜਾਬੀਆਂ ਦੀ ਖੁੱਲ੍ਹਦਿਲੀ ਬਾਰੇ ਬਹੁਤ ਸੁਣਿਆ ਸੀ ਤੇ ਅੱਜ ਉਸ ਨੂੰ ਇਥੋਂ ਦੇ ਅਮੀਰ ਸਭਿਆਚਾਰ ਨੂੰ ਮਾਨਣ ਦਾ ਮੌਕਾ ਮਿਲਿਆ ਹੈ। ਚੀਨ ਦੀ ਰਾਜਧਾਨੀ ਪੇਈਚਿੰਗ ਤੋਂ ਪਹੁੰਚੇ ਗਰੈਜੂਏਟ ਸਕੂਲ ਆਫ ਐਜੂਕੇਸ਼ਨ ਦੇ ਡਿਪਟੀ ਡੀਨ ਡਿਊਂਗ ਯੁਆਨ ਨੇ ਵੀ ਪੰਜਾਬੀ ਲੋਕ ਨਾਚ ਅਤੇ ਪੰਜਾਬੀ ਖਾਣੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀਆਂ ਦੀ ਮਹਿਮਾਨਨਿਵਾਜ਼ੀ ਦੀ ਕੋਈ ਰੀਸ ਨਹੀਂ ਤੇ ਇਥੋਂ ਦੇ ਵਸਨੀਕਾਂ ਦਾ ਮਿਲਾਪੜਾ ਸੁਭਾਅ ਅਤੇ ਮਹਿਮਾਨਨਿਵਾਜ਼ੀ ਨੇ ਉਸ ਦਾ ਦਿਲ ਜਿੱਤ ਲਿਆ ਹੈ।