ਜੀ-20 ਸਿਖਰ ਵਾਰਤਾ ਦੇ ਤਿੰਨ ਅਹਿਮ ਸੈਸ਼ਨਾਂ ’ਚ ਸ਼ਾਮਲ ਹੋਣਗੇ ਮੋਦੀ

ਜੀ-20 ਸਿਖਰ ਵਾਰਤਾ ਦੇ ਤਿੰਨ ਅਹਿਮ ਸੈਸ਼ਨਾਂ ’ਚ ਸ਼ਾਮਲ ਹੋਣਗੇ ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ ਦੇ ਬਾਲੀ ਵਿੱਚ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੀ ਜੀ-20 ਸਿਖਰ ਵਾਰਤਾ ਦੌਰਾਨ ਤਿੰਨ ਖੁਰਾਕ ਤੇ ਊਰਜਾ ਸੁਰੱਖਿਆ, ਡਿਜੀਟਲ ਟਰਾਂਸਫਰਮੇਸ਼ਨ ਅਤੇ ਸਿੱਖਿਆ ਬਾਰੇ ਤਿੰਨ ਅਹਿਮ ਸੈਸ਼ਨਾਂ-ਵਿੱਚ ਹਾਜ਼ਰੀ ਭਰਨਗੇ। ਪ੍ਰਧਾਨ ਮੰਤਰੀ ਇੰਡੋਨੇਸ਼ਿਆਈ ਸ਼ਹਿਰ ਦੇ ਤਿੰਨ ਰੋਜ਼ਾ ਦੌਰੇ ਲਈ ਸੋਮਵਾਰ ਨੂੰ ਰਵਾਨਾ ਹੋਣਗੇ। ਜੀ-20 ਵਾਰਤਾ ਦੌਰਾਨ ਮੈਂਬਰ ਮੁਲਕਾਂ ਦੇ ਆਗੂ ਯੂਕਰੇਨ ਟਕਰਾਅ ਤੇ ਇਸ ਦੇ ਪੈਣ ਵਾਲੇ ਅਸਰ ਸਣੇ ਆਲਮੀ ਚੁਣੌਤੀਆਂ ਬਾਰੇ ਵਿਆਪਕ ਵਿਚਾਰ ਚਰਚਾ ਹੋਣ ਦੀ ਸੰਭਾਵਨਾ ਹੈ। ਵਿਦੇਸ਼ ਸਕੱਤਰ ਵਿਨੈ ਕਵਾਤੜਾ ਨੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਦੌਰਾਨ ਕਿਹਾ ਕਿ ਸ੍ਰੀ ਮੋਦੀ ਤੇ ਹੋਰ ਆਗੂ ਆਲਮੀ ਅਰਥਚਾਰੇ, ਊਰਜਾ, ਵਾਤਾਵਰਨ, ਡਿਜੀਟਲ ਕਾਇਆਕਲਪ ਆਦਿ ਜਿਹੇ ਮੁੱਦਿਆਂ ’ਤੇ ਚਰਚਾ ਕਰਨਗੇ। ਸਿਖਰ ਵਾਰਤਾ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ, ਫਰਾਂਸ ਦੇ ਸਦਰ ਇਮੈਨੂਅਲ ਮੈਕਰੋਂ, ਜਰਮਨ ਚਾਂਸਲਰ ਓਲਫ਼ ਸ਼ੁਲਜ਼ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਸ਼ਾਮਲ ਹੋਣਗੇ। ਕਵਾਤੜਾ ਨੇ ਕਿਹਾ ਕਿ ਸ੍ਰੀ ਮੋਦੀ ਸਿਖਰ ਵਾਰਤਾ ਤੋਂ ਇਕਪਾਸੇ ਕੁਝ ਜੀ-20 ਆਗੂਆਂ ਨਾਲ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ। ਸ੍ਰੀ ਮੋਦੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦੇ ਸੱਦੇ ’ਤੇ ਵਾਰਤਾ ਵਿੱਚ ਸ਼ਾਮਲ ਹੋਣ ਲਈ ਬਾਲੀ ਜਾ ਰਹੇ ਹਨ। ਜੀ-20 ਦੀ ਮੌਜੂਦਾ ਚੇਅਰ ਇੰਡੋਨੇਸ਼ੀਆ ਕੋਲ ਹੈ ਤੇ ਪਹਿਲੀ ਦਸੰਬਰ ਤੋਂ ਭਾਰਤ ਰਸਮੀ ਤੌਰ ’ਤੇ ਜੀ-20 ਦੀ ਪ੍ਰਧਾਨਗੀ ਸਾਂਭ ਲਏਗਾ। ਜੀ-20 ਵਿਸ਼ਵ ਦੇ ਪ੍ਰਮੁੱਖ ਵਿਕਸਤ ਤੇ ਵਿਕਾਸਸ਼ੀਲ ਅਰਥਚਾਰਿਆਂ ਦਾ ਅੰਤਰ-ਸਰਕਾਰੀ ਮੰਚ ਹੈ।