ਜੀ-20 ਵਿੱਚ ਭਾਰਤ ਨੇ ਆਪਣੀ ਅਗਵਾਈ ਦਾ ਲੋਹਾ ਮਨਵਾਇਆ: ਮੋਦੀ

ਜੀ-20 ਵਿੱਚ ਭਾਰਤ ਨੇ ਆਪਣੀ ਅਗਵਾਈ ਦਾ ਲੋਹਾ ਮਨਵਾਇਆ: ਮੋਦੀ

‘ਮਨ ਕੀ ਬਾਤ’ ਦੌਰਾਨ ‘ਭਾਰਤ-ਪੱਛਮੀ ਏਸ਼ੀਆ-ਯੂਰੋਪ ਆਰਥਿਕ ਗਲਿਆਰੇ’ ਬਾਰੇ ਭਾਰਤ ਦੇ ਸੁਝਾਅ ਤੇ ਚੰਦਰਯਾਨ-3 ਦੀ ਸਫ਼ਲਤਾ ਦਾ ਜ਼ਿਕਰ ਕੀਤਾ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੇ ਜੀ-20 ਸਿਖਰ ਵਾਰਤਾ ਦੌਰਾਨ ਅਫਰੀਕੀ ਸੰਘ ਨੂੰ ਇਸ ਸਮੂਹ ਦਾ ਸਥਾਈ ਮੈਂਬਰ ਬਣਾ ਕੇ ਆਪਣਾ ਲੋਹਾ ਮਨਵਾਇਆ ਹੈ। ਸ੍ਰੀ ਮੋਦੀ ਨੇ ਆਕਾਸ਼ਵਾਣੀ ਦੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 105ਵੀਂ ਲੜੀ ਵਿੱਚ ਦੇਸ਼ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਜੀ20 ਵਿੱਚ ‘ਭਾਰਤ-ਪੱਛਮੀ ਏਸ਼ੀਆ-ਯੂਰੋਪ ਆਰਥਿਕ ਗਲਿਆਰਾ’ ਬਣਾਏ ਜਾਣ ਦੇ ਭਾਰਤ ਦੇ ਸੁਝਾਅ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸੈਂਕੜੇ ਸਾਲਾਂ ਤੱਕ ਇਹ ਵਿਸ਼ਵ ਵਪਾਰ ਦਾ ਆਧਾਰ ਬਣੇਗਾ ਤੇ ਇਤਿਹਾਸ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੇਗਾ ਕਿ ਇਸ ਦੀ ਸ਼ੁਰੂਆਤ ਭਾਰਤ ਦੀ ਧਰਤੀ ਤੋਂ ਹੋਈ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਚੰਦਰਯਾਨ-3 ਦੀ ਸਫ਼ਲਤਾ ਤੇ ਕੌਮੀ ਰਾਜਧਾਨੀ ਦਿੱਲੀ ਵਿੱਚ ਜੀ-20 ਦੀ ਸਫ਼ਲ ਮੇਜ਼ਬਾਨੀ ਲਈ ਦੇਸ਼ ਦੇ ਹਰ ਹਿੱਸੇ ਤੇ ਸਮਾਜ ਦੇ ਹਰ ਵਰਗ ਤੇ ਉਮਰ ਦੇ ਲੋਕਾਂ ਦੀਆਂ ‘ਅਣਗਿਣਤ’ ਚਿੱਠੀਆਂ ਮਿਲੀਆਂ। ਉਨ੍ਹਾਂ ਕਿਹਾ ਕਿ ਚੰਦਰਯਾਨ-3 ਦੇ ਲੈਂਡਰ ਵਿਕਰਮ ਦੀ ਚੰਦ ਦੀ ਸਤਹਿ ’ਤੇ ਸਾਫਟ ਲੈਂਡਿੰਗ ਦੇ ਕਰੋੜਾਂ ਲੋਕ ਵੱਖ ਵੱਖ ਮਾਧਿਅਮਾਂ ਰਾਹੀਂ ਗਵਾਹ ਬਣੇ। ਉਨ੍ਹਾਂ ਕਿਹਾ, ‘‘ਭਾਰਤ ਨੇ ਅਫਰੀਕੀ ਸੰਘ ਨੂੰ ਜੀ-20 ਦਾ ਪੂਰਨ ਮੈਂਬਰ ਬਣਾ ਕੇ ਇਸ ਸੰਮੇਲਨ ’ਚ ਆਪਣੀ ਅਗਵਾਈ ਸਾਬਤ ਕੀਤੀ ਹੈ। ਉਸ ਸਮੇਂ, ਜਦੋਂ ਭਾਰਤ ਬਹੁਤ ਖੁਸ਼ਹਾਲ ਸੀ, ਸਾਡੇ ਦੇਸ਼ ਅਤੇ ਦੁਨੀਆ ਵਿਚ ‘ਸਿਲਕ ਰੂਟ’ ਦੀ ਬਹੁਤ ਚਰਚਾ ਸੀ। ਇਹ ਸਿਲਕ ਰੂਟ, ਵਪਾਰ ਅਤੇ ਕਾਰੋਬਾਰ ਦਾ ਇੱਕ ਪ੍ਰਮੁੱਖ ਜ਼ਰੀਆ ਸੀ।’’ ਉਨ੍ਹਾਂ ਕਿਹਾ, ‘‘ਆਧੁਨਿਕ ਯੁੱਗ ਵਿੱਚ ਭਾਰਤ ਨੇ ਜੀ-20 ਨੂੰ ‘ਭਾਰਤ ਪੱਛਮੀ ਏਸ਼ੀਆ ਯੂਰਪ ਆਰਥਿਕ ਗਲਿਆਰੇ ਦਾ ਸੁਝਾਅ ਦਿੱਤਾ। ਇਹ ਗਲਿਆਰਾ ਆਉਣ ਵਾਲੇ ਸੈਂਕੜੇ ਸਾਲਾਂ ਤੱਕ ਵਿਸ਼ਵ ਵਪਾਰ ਦਾ ਆਧਾਰ ਬਣੇਗਾ।’’

ਜੀ-20 ਕਰਾਉਣ ਵਿੱਚ ਭਾਰਤ ਦੀ ਨੌਜਵਾਨ ਸ਼ਕਤੀ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਸਾਲ ਭਰ ਦੇਸ਼ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਕਈ ਪ੍ਰੋਗਰਾਮ ਹੋਏ ਅਤੇ ਇਸੇ ਲੜੀ ਤਹਿਤ ਦਿੱਲੀ ਵਿੱਚ ਇੱਕ ਹੋਰ ਸ਼ਾਨਦਾਰ ਪ੍ਰੋਗਰਾਮ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ‘ਜੀ20-ਯੂਨੀਵਰਸਿਟੀ ਕੁਨੈਕਟ ਪ੍ਰੋਗਰਾਮ’ ਰਾਹੀਂ ਦੇਸ਼ ਭਰ ਦੇ ਲੱਖਾਂ ਵਿਦਿਆਰਥੀ ਇੱਕ-ਦੂਜੇ ਨਾਲ ਜੁੜਨਗੇ ਅਤੇ ਇਸ ਵਿੱਚ ਆਈਆਈਟੀ, ਆਈਆਈਐੱਮ ਜਿਹੀਆਂ ਕਈ ਵੱਕਾਰੀ ਸੰਸਥਾਵਾਂ ਦੇ ਵਿਦਿਆਰਥੀ ਹਿੱਸਾ ਲੈਣਗੇ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਨਾਲ ਜੋੜਨ ਦੀ ਅਪੀਲ ਕੀਤੀ। ਆਉਂਦੇ 27 ਸਤੰਬਰ ਨੂੰ ਮਨਾਏ ਜਾਣ ਵਾਲੇ ਵਿਸ਼ਵ ਸੈਰ ਸਪਾਟਾ ਦਿਵਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਰੁਜ਼ਗਾਰ ਦੇ ਮੌਕਿਆਂ ਲਈ ਸੈਰ ਸਪਾਟਾ ਵੱਡਾ ਪੱਖ ਹੈ ਅਤੇ ਇਹ ਖੇਤਰ ਘੱਟ ਤੋਂ ਘੱਟ ਨਿਵੇਸ਼ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ।

ਹਾਲ ਹੀ ਵਿੱਚ ਸ਼ਾਂਤੀ ਨਿਕੇਤਨ ਤੇ ਕਰਨਾਟਕ ਦੇ ਹੋਯਸਲਾ ਮੰਦਰ ਦੇ ਵਿਸ਼ਵ ਵਿਰਾਸਤ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਵਿਸ਼ਵ ਵਿਰਾਸਤ ਥਾਵਾਂ ਦੀ ਗਿਣਤੀ ਹੁਣ 42 ਹੋ ਗਈ ਹੈ।