ਜੀ-20 ਦੀ ਮੇਜ਼ਬਾਨੀ ਰਾਹੀਂ ਆਲਮੀ ਕਲਿਆਣ ਦੀ ਗੱਲ ਕਰਾਂਗੇ: ਮੋਦੀ

ਜੀ-20 ਦੀ ਮੇਜ਼ਬਾਨੀ ਰਾਹੀਂ ਆਲਮੀ ਕਲਿਆਣ ਦੀ ਗੱਲ ਕਰਾਂਗੇ: ਮੋਦੀ

ਦੁਨੀਆ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਭਾਰਤ ਕੋਲ ਹੋਣ ਦਾ ਕੀਤਾ ਦਾਅਵਾ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਮਿਲਣਾ ਵੱਡਾ ਮੌਕਾ ਹੈ ਅਤੇ ਦੇਸ਼ ਇਸ ਦਾ ਪੂਰਾ ਲਾਹਾ ਲੈਂਦਿਆਂ ਆਲਮੀ ਕਲਿਆਣ ’ਤੇ ਧਿਆਨ ਕੇਂਦਰਿਤ ਕਰੇਗਾ। ਆਕਾਸ਼ਵਾਣੀ ਦੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 95ਵੀਂ ਲੜੀ ’ਚ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸ਼ਾਂਤੀ, ਏਕਤਾ, ਵਾਤਾਵਰਨ ਅਤੇ ਸਥਾਈ ਵਿਕਾਸ ਨਾਲ ਸਬੰਧਤ ਚੁਣੌਤੀਆਂ ਦਾ ਭਾਰਤ ਕੋਲ ਹੱਲ ਹੈ। ਭਾਰਤ ਪਹਿਲੀ ਦਸੰਬਰ ਨੂੰ ਸਰਕਾਰੀ ਤੌਰ ’ਤੇ ਜੀ-20 ਦੀ ਪ੍ਰਧਾਨਗੀ ਸੰਭਾਲੇਗਾ। ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆ ਦੀ ਆਬਾਦੀ ’ਚ ਜੀ-20 ਦੀ ਦੋ ਤਿਹਾਈ, ਵਿਸ਼ਵ ਵਪਾਰ ’ਚ ਤਿੰਨ ਚੌਥਾਈ ਅਤੇ ਜੀਡੀਪੀ ’ਚ 85 ਫ਼ੀਸਦ ਹਿੱਸੇਦਾਰੀ ਹੈ। ਉਨ੍ਹਾਂ ਕਿਹਾ,‘‘ਅਸੀਂ ਇਕ ਪ੍ਰਿਥਵੀ, ਇਕ ਪਰਿਵਾਰ, ਇਕ ਭਵਿੱਖ ਦਾ ਜਿਹੜਾ ਨਾਅਰਾ ਦਿੱਤਾ ਹੈ, ਉਹ ‘ਵਸੂਧੈਵ ਕੁਟੁੰਬਕਮ’ ਦੇ ਸਾਡੇ ਸੰਕਲਪ ਨੂੰ ਪ੍ਰਦਰਸ਼ਿਤ ਕਰਦਾ ਹੈ।’’ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਜੀ-20 ਨਾਲ ਜੁੜੇ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਦੁਨੀਆ ਦੇ ਵੱਖ ਵੱਖ ਹਿੱਸਿਆਂ ਦੇ ਲੋਕ ਉਥੋਂ ਦੇ ਰੰਗ ਦੇਖਣਗੇ। ਉਨ੍ਹਾਂ ਲੋਕਾਂ ਦੇ ਨਾਲ ਨਾਲ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਅਦਾਰਿਆਂ ’ਚ ਜੀ-20 ਵਿਸ਼ੇ ’ਤੇ ਬਹਿਸ ਅਤੇ ਮੁਕਾਬਲੇ ਕਰਾਉਣ। ਪ੍ਰਧਾਨ ਮੰਤਰੀ ਨੇ ਤਿਲੰਗਾਨਾ ਦੇ ਹਰੀਪ੍ਰਸਾਦ ਵੱਲੋਂ ਆਪਣੇ ਹੱਥਾਂ ਨਾਲ ਬੁਣ ਕੇ ਭੇਜੇ ਜੀ-20 ਪ੍ਰਤੀਕ ਚਿੰਨ੍ਹ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਆਪਣੇ ਸੰਬੋਧਨ ’ਚ ਮੁਲਕ ਦੇ ਪਹਿਲੇ ਨਿੱਜੀ ਰਾਕੇਟ ‘ਵਿਕਰਮ-ਐੱਸ’ ਦੇ ਸਫ਼ਲ ਪ੍ਰੀਖਣ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਨਵੇਂ ਯੁੱਗ ਦਾ ਉਭਾਰ ਹੈ। ਉਨ੍ਹਾਂ ਕਿਹਾ, ‘‘ਜਿਹੜੇ ਬੱਚੇ ਕਦੇ ਹੱਥ ਨਾਲ ਕਾਗਜ਼ ਦਾ ਹਵਾਈ ਜਹਾਜ਼ ਬਣਾ ਕੇ ਉਡਾਇਆ ਕਰਦੇ ਸਨ, ਉਨ੍ਹਾਂ ਨੂੰ ਹੁਣ ਭਾਰਤ ’ਚ ਹੀ ਹਵਾਈ ਜਹਾਜ਼ ਬਣਾਉਣ ਦਾ ਮੌਕਾ ਮਿਲ ਰਿਹਾ ਹੈ।’’ ਉਨ੍ਹਾਂ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ’ਚ ਡਰੋਨ ਰਾਹੀਂ ਸੇਬ ਲਿਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਵਾਸੀ ਆਪਣੀਆਂ ਕਾਢਾਂ ਰਾਹੀਂ ਉਨ੍ਹਾਂ ਗੱਲਾਂ ਨੂੰ ਸੰਭਵ ਬਣਾ ਰਹੇ ਹਨ, ਜਿਨ੍ਹਾਂ ਬਾਰੇ ਪਹਿਲਾਂ ਕਦੇ ਸੋਚਿਆ ਨਹੀਂ ਜਾ ਸਕਦਾ ਸੀ।