ਜੀ. ਐਚ. ਜੀ. ਅਕੈਡਮੀ ਫਰਿਜ਼ਨੋ ਵੱਲੋਂ ਬੱਚਿਆਂ ਦਾ ਗਿੱਧਾ-ਭੰਗੜਾ ਸਿਖਲਾਈ ਕੈਂਪ ਸੁਰੂ

ਜੀ. ਐਚ. ਜੀ. ਅਕੈਡਮੀ ਫਰਿਜ਼ਨੋ ਵੱਲੋਂ ਬੱਚਿਆਂ ਦਾ ਗਿੱਧਾ-ਭੰਗੜਾ ਸਿਖਲਾਈ ਕੈਂਪ ਸੁਰੂ

27 ਜੁਲਾਈ ਨੂੰ ਹੋਵੇਗਾ ਅੰਤਰ-ਰਾਸ਼ਟਰੀ ਯੁਵਕ ਮੇਲਾ”

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਜੀ. ਐਚ. ਜੀ. ਅਕੈਡਮੀਂ ਫਰਿਜ਼ਨੋ ਵੱਲੋਂ ਹਰ ਸਾਲ ਦੀ ਤਰਾਂ ਬੱਚਿਆਂ ਨੂੰ ਛੁੱਟੀਆਂ ਦੌਰਾਨ ਸ਼ੋਸ਼ਲ ਮੀਡੀਏ ਤੋਂ ਕੁਝ ਸਮਾਂ ਦੂਰ ਰੱਖਣ ਅਤੇ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਕੱਢਦੇ ਹੋਏ ਸੱਭਿਆਚਾਰ ਵਿਰਸੇ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਬੱਚਿਆਂ ਦੇ ਗਿੱਧੇ-ਭੰਗੜੇ ਦੇ ਕੈਂਪ ਦੀ ਸੁਰੂਆਤ ਫਰਿਜ਼ਨੋ ਦੇ ਹਾਲੈਂਡ ਪਾਰਕ ਵਿੱਚ ਹੋ ਚੁੱਕੀ ਹੈ। ਰੋਜਾਨਾਂ ਕੈਂਪ ਦੀ ਸੁਰੂਆਤ ਅਰਦਾਸ ਅਤੇ ਮੂਲ-ਮੰਤਰ ਜਾਪ ਕਰਨ ਉਪਰੰਤ ਕੀਤੀ ਜਾਂਦੀ ਹੈ। ਜਿੱਥੇ ਵੱਖ-ਵੱਖ ਗਰੁੱਪਾ ਵਿੱਚ ਪ੍ਰਬੰਧਕਾਂ ਅਨੁਸਾਰ 500 ਦੇ ਕਰੀਬ ਬੱਚੇ ਹਿੱਸਾ ਲੈ ਰਹੇ ਹਨ। ਬੱਚਿਆਂ ਨੂੰ ਇਹ ਸਿਖਲਾਈ ਮਾਹਰ ਕੋਚਾਂ ਦੁਆਰਾ ਦਿੱਤੀ ਜਾ ਰਹੀ ਹੈ।
ਇਸ ਕੈਂਪ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਇੱਥੇ ਬੱਚੇ ਜਿੱਥੇ ਗਿੱਧੇ-ਭੰਗੜੇ ਦੀ ਸਿਖਲਾਈ ਪ੍ਰਾਪਤ ਕਰਦੇ ਹਨ, ਉੱਥੇ ਰੋਜ਼ਾਨਾ ਉਨ੍ਹਾਂ ਦੀ ਚੰਗੀ ਕਸਰਤ ਵੀ ਹੋ ਜਾਂਦੀ ਹੈ। ਅਕੈਂਡਮੀਂ ਦਾ ਨਾਅਰਾ ਹੈ ਕਿ ਨਸ਼ੇ ਛੱਡੋ, ਕੋਹੜ ਵੱਢੋ। ਇਸ ਦੇ ਨਾਲ-ਨਾਲ ਉਨ੍ਹਾਂ ਵਿੱਚ ਆਪਸੀ ਇਕੱਠੇ ਰਹਿਣ ਕਰਕੇ ਭਾਈਚਾਰਿਕ ਸਾਂਝ ਵੀ ਵਧਦੀ ਹੈ ਅਤੇ ਸ਼ੋਸ਼ਲ ਮੀਡੀਏ ਵਰਗੀ ਆਦਤ ਤੋਂ ਕੁਝ ਸਮਾਂ ਦੂਰ ਰਹਿੰਦੇ ਹਨ। ਇਸੇ ਤਰ੍ਹਾਂ ਮਾਪੇ ਅਤੇ ਬਜ਼ੁਰਗ ਬੱਚਿਆਂ ਦੇ ਨਾਲ ਕੈਂਪ ਵਿੱਚ ਆਉਂਦੇ ਹਨ। ਅਜਿਹਾ ਕਰਨ ਨਾਲ ਜਿੱਥੇ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਨੇੜਤਾ ਵਧਦੀ ਹੈ, ਉੱਥੇ ਬਜੁਰਗ ਆਪਸੀ ਦੁੱਖ-ਸੁੱਖ ਵੀ ਸਾਂਝਾਂ ਕਰਦੇ ਹਨ।
ਇਸ ਦੋ ਹਫ਼ਤਿਆਂ ਦੇ ਕੈਂਪ ਦੀ ਸਮਾਪਤੀ ਦੌਰਾਨ 27 ਜੁਲਾਈ, ਦਿਨ ਸ਼ਨੀਵਾਰ ਨੂੰ ਫਰਿਜ਼ਨੋ ਦੇ “ਵਿਲੀਅਮ ਸਰੋਏਨ ਥੀਏਟਰ”ਵਿੱਚ ਸਿਖਲਾਈ ਪ੍ਰਾਪਤ ਬੱਚੇ ਆਪਣੀ ਕਲਾ ਦਾ ਸਟੇਜ਼ ਤੋਂ ਪ੍ਰਦਰਸਨ ਕਰਨਗੇ। ਇਸੇ ਦੌਰਾਨ ਅਕੈਂਡਮੀ ਵੱਲੋਂ 14ਵਾਂ ਅੰਤਰ-ਰਾਸ਼ਟਰੀ ਪੱਧਰ ਦਾ ਗਿੱਧੇ-ਭੰਗੜੇ ਦਾ ਯੁਵਕ ਮੁਕਾਬਲਾ ਵੀ ਹੋਵੇਗਾ। ਇੰਨ੍ਹਾਂ ਪ੍ਰੋਗਰਾਮਾਂ ਦੀ ਸੁਰੂਆਤ ਬਾਅਦ ਦੁਪਿਹਰ 2 ਵਜ਼ੇ ਹੋਵੇਗੀ। ਜਿਸ ਦੀ ਕੋਈ ਦਾਖਲਾ ਫੀਸ ਨਹੀਂ ਹੈ। ਜਿਸ ਵਿੱਚ ਹਿੱਸਾ ਲੈਣ ਲਈ ਇਸ ਸਾਲ ਕੈਲੇਫੋਰਨੀਆਂ ਦੀਆਂ ਵੱਖ-ਵੱਖ ਸਟੇਟਾਂ ਤੋਂ ਇਲਾਵਾ ਕਨੇਡਾ ਤੋਂ ਵੀ ਟੀਮਾਂ ਪਹੁੰਚ ਰਹੀਆਂ ਹਨ। ਇਸ ਪ੍ਰੋਗਰਾਮ ਦੀ ਖਾਸੀਅਤ ਮਾਂਵਾਂ ਦਾ ਗਿੱਧਾ ਅਤੇ ਮਲਵਈ ਗਿੱਧਾ ਦੇਖਣਯੋਗ ਹੋਣਗੇ। ਸਮੁੱਚੇ ਪ੍ਰੋਗਰਾਮ ਦੌਰਾਨ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਅਕੈਡਮੀਂ ਦੇ ਪ੍ਰਬੰਧਕਾਂ ਵਿੱਚ ਪਰਮਜੀਤ ਸਿੰਘ ਧਾਲੀਵਾਲ, ਉਦੈਦੀਪ ਸਿੰਘ ਸਿੱਧੂ ਅਤੇ ਗੁਰਦੀਪ ਸਿੰਘ ਸ਼ੇਰਗਿੱਲ ਵੱਲੋਂ ਸਮੂੰਹ ਭਾਈਚਾਰੇ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।