ਜੀਓਜੀ ਸਕੀਮ ਬੰਦ ਕਰਨ ਦਾ ਵਿਰੋਧ-ਸਾਬਕਾ ਫੌਜੀਆਂ ਵੱਲੋਂ ਭਗਵੰਤ ਮਾਨ ਦੀ ਪਤਨੀ ਤੇ ਮਾਂ ਦੇ ਕਾਫ਼ਲੇ ਦਾ ਘਿਰਾਓ

ਕਾਲੀਆਂ ਝੰਡੀਆਂ ਦਿਖਾਈਆਂ; ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਸੰਗਰੂਰ – ਖੁਸ਼ਹਾਲੀ ਦੇ ਰਖਵਾਲਿਆਂ ਸਾਬਕਾ ਫੌਜੀਆਂ ਨੇ ਅੱਜ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਮਾਤਾ ਹਰਪਾਲ ਕੌਰ ਦੀਆਂ ਗੱਡੀਆਂ ਦੇ ਕਾਫ਼ਲੇ ਨੂੰ ਰੋਕ ਕੇ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਰੰਗ ਵਿੱਚ ਭੰਗ ਪਾ ਦਿੱਤੀ।

ਉਹ ਅੱਜ ਵਿਧਾਇਕਾ ਭਰਾਜ ਦੇ ਦਫ਼ਤਰ ਦਾ ਉਦਘਾਟਨ ਕਰਨ ਆਏ ਸਨ। ਖੁਸ਼ਹਾਲੀ ਦੇ ਰਖਵਾਲਿਆਂ ਨੇ ਕਾਫਲੇ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਵਾਹਨਾਂ ਦਾ ਕਾਫ਼ਲਾ ਸੁਰੱਖਿਅਤ ਕੱਢਣ ਲਈ ਪੁਲੀਸ ਅਤੇ ਸਾਬਕਾ ਫੌਜੀਆਂ ਦਰਮਿਆਨ ਧੱਕਾ-ਮੁੱਕੀ ਵੀ ਹੋਈ। ਸਾਬਕਾ ਫੌਜੀ ਜੀਓਜੀ (ਗਾਰਡੀਅਨ ਆਫ਼ ਗਵਰਨੈਂਸ) ਸਕੀਮ ਬੰਦ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ।

ਸਾਬਕਾ ਫੌਜੀਆਂ ਦੇ ਸਰਕਾਰ ਵਿਰੋਧੀ ਨਾਅਰਿਆਂ ਦੀ ਗੂੰਜ ਵਿੱਚ ਹਲਕਾ ਵਿਧਾਇਕਾ ਦੇ ਦਫ਼ਤਰ ਦਾ ਉਦਘਾਟਨ ਹੋਇਆ। ਉਦਘਾਟਨੀ ਸਮਾਗਮ ਦੌਰਾਨ ਪਾਰਟੀ ਵਰਕਰ ਇੱਕ ਪਾਸੇ ‘ਆਪ’ ਸਰਕਾਰ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਰਹੇ, ਦੂਜੇ ਪਾਸੇ ਸਾਬਕਾ ਫੌਜੀਆਂ ਦੇ ਸਰਕਾਰ ਵਿਰੋਧੀ ਨਾਅਰੇ ਗੂੰਜਦੇ ਰਹੇ। ਸਾਬਕਾ ਫੌਜੀ ਮੁੱਖ ਮੰਤਰੀ ਦੀ ਪਤਨੀ ਅਤੇ ਮਾਤਾ ਦਾ ਘਿਰਾਓ ਕਰਨ ਲਈ ਹਲਕਾ ਵਿਧਾਇਕਾ ਦੇ ਦਫ਼ਤਰ ਨੂੰ ਜਾਂਦੇ ਸਾਰੇ ਰਸਤਿਆਂ ’ਤੇ ਡਟ ਗਏ। ਇਸ ਕਾਰਨ ਕਰੀਬ ਦੋ ਘੰਟੇ ਮਾਹੌਲ ਤਣਾਅਪੂਰਨ ਬਣਿਆ ਰਿਹਾ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਿਧਾਇਕਾ ਨਾਲ ਸਾਬਕਾ ਫੌਜੀਆਂ ਦੇ ਪੰਜ ਮੈਂਬਰੀ ਵਫ਼ਦ ਦੀ ਮੁਲਾਕਾਤ ਕਰਵਾਈ। ਵਿਧਾਇਕਾ ਨੇ ਭਰੋਸਾ ਦਿੱਤਾ ਕਿ ਉਸ ਦੇ ਦਫ਼ਤਰ ਦੇ ਉਦਘਾਟਨ ਤੋਂ ਬਾਅਦ ਉਹ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਤੈਅ ਕਰਵਾ ਦੇਣਗੇ। ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਦੀ ਪਤਨੀ ਅਤੇ ਮਾਤਾ ਨੂੰ ਦਫ਼ਤਰ ਨਾਲ ਲੱਗਦੀ ਇੱਕ ਛੋਟੀ ਜਿਹੀ ਗਲੀ ਵਿਚੋਂ ਪੈਦਲ ਹੀ ਵਿਧਾਇਕਾ ਦੇ ਦਫ਼ਤਰ ਲਿਆਂਦਾ ਗਿਆ, ਜਿਨ੍ਹਾਂ ਨੇ ਦਫ਼ਤਰ ਦੇ ਉਦਘਾਟਨ ਦੀ ਰਸਮ ਅਦਾ ਕੀਤੀ ਅਤੇ ਕੁਝ ਕੁ ਮਿੰਟ ਦਫ਼ਤਰ ਸਾਹਮਣੇ ਸਮਾਗਮ ’ਚ ਹਾਜ਼ਰੀ ਭਰੀ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਨਵਰੀਤ ਕੌਰ ਸੇਖੋਂ ਅਤੇ ਐੱਸਪੀ ਪਲਵਿੰਦਰ ਸਿੰਘ ਚੀਮਾ ਵੱਲੋਂ 6 ਅਕਤੂਬਰ ਨੂੰ ਮੁੱਖ ਮੰਤਰੀ ਨਿਵਾਸ ’ਤੇ ਮੀਟਿੰਗ ਦਾ ਲਿਖਤੀ ਪੱਤਰ ਸੌਂਪਿਆ ਗਿਆ ਤਾਂ ਸਾਬਕਾ ਫੌਜੀਆਂ ਦੇ ਸੂਬਾ ਪ੍ਰਧਾਨ ਕੈਪਟਨ ਗੁਲਾਬ ਸਿੰਘ ਤੇ ਹੋਰ ਆਗੂਆਂ ਨੇ ਪੱਤਰ ਬੇਰੰਗ ਐੱਸਡੀਐੱਮ ਨੂੰ ਮੋੜ ਦਿੱਤਾ। ਉਨ੍ਹਾਂ ਇਤਰਾਜ਼ ਕੀਤਾ ਕਿ ਮੀਟਿੰਗ ਕਿਸ ਨਾਲ ਹੋਵੇਗੀ, ਇਸ ਬਾਰੇ ਕੁਝ ਨਹੀਂ ਲਿਖਿਆ ਗਿਆ। ਇਸ ਮਗਰੋਂ ਸਾਬਕਾ ਫੌਜੀ ਰੋਹ ’ਚ ਆ ਗਏ ਜਿਉਂ ਹੀ ਪੁਲੀਸ ਵੱਲੋਂ ਮੁੱਖ ਮੰਤਰੀ ਦੀ ਪਤਨੀ ਅਤੇ ਮਾਤਾ ਨੂੰ ਵਾਪਸ ਉਸੇ ਗਲੀ ਵਿਚੋਂ ਦੀ ਪੈਦਲ ਲਿਜਾ ਕੇ ਗੱਡੀਆਂ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਬਕਾ ਫੌਜੀਆਂ ਵੱਲੋਂ ਗੱਡੀਆਂ ਅੱਗੇ ਆ ਕੇ ਘਿਰਾਓ ਕੀਤਾ ਗਿਆ। ਇਸ ਤੋਂ ਬਾਅਦ ’ਚ ਰੋਹ ’ਚ ਆਏ ਸਾਬਕਾ ਫੌਜੀਆਂ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਤੱਕ ਰੋਸ ਮਾਰਚ ਕੀਤਾ ਗਿਆ।