ਜੀਐੱਸਟੀ ਚੋਰੀ: ਵਿੱਤ ਮੰਤਰੀ ਨੇ ਲਾਇਆ ਨਾਕਾ

ਜੀਐੱਸਟੀ ਚੋਰੀ: ਵਿੱਤ ਮੰਤਰੀ ਨੇ ਲਾਇਆ ਨਾਕਾ

ਹਰਪਾਲ ਚੀਮਾ ਨੇ ਰਾਜਪੁਰਾ ਨੇੜੇ ਕੀਤੀ 150 ਵਾਹਨਾਂ ਦੀ ਚੈਕਿੰਗ; 38 ਭਾਰੇ ਵਾਹਨ ਜ਼ਬਤ
ਰਾਜਪੁਰਾ- ਪੰਜਾਬ ਦੇ ਵਿੱਤ ਤੇ ਆਬਕਾਰੀ ਤੇ ਕਰ ਵਿਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸਵੇਰੇ ਰਾਜਪੁਰਾ ਵਿੱਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਨਾਕਾ ਲਾ ਕੇ ਲਗਪਗ 150 ਭਾਰੇ ਵਾਹਨਾਂ ਦੀ ਚੈਕਿੰਗ ਕੀਤੀ। ਜੀਐੱਸਟੀ ਦੀ ਚੋਰੀ ਰੋਕਣ ਲਈ ਕੀਤੀ ਚੈਕਿੰਗ ਦੌਰਾਨ ਬਿਨਾਂ ਬਿੱਲਾਂ ਵਾਲੇ 38 ਵਾਹਨਾਂ ਜ਼ਬਤ ਕੀਤਾ ਗਿਆ। ਇਨ੍ਹਾਂ ਵਿੱਚੋਂ ਬਹੁਤੇ ਵਾਹਨ ਚਾਲਕਾਂ ਕੋਲ ਜਾਂ ਤਾਂ ਅਸਲ ਦਸਤਾਵੇਜ਼/ਈ-ਵੇਅ ਬਿੱਲ ਨਹੀਂ ਸਨ ਜਾਂ ਡੇਟਾ ਮਾਈਨਿੰਗ ਦੌਰਾਨ ਬਿੱਲ ਵਿੱਚ ਬੇਨੇਮੀਆਂ ਪਾਈਆਂ ਗਈਆਂ। ਜ਼ਬਤ ਵਾਹਨਾਂ ਤੋਂ 60 ਲੱਖ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਵਿੱਤ ਮੰਤਰੀ ਸ੍ਰੀ ਚੀਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਜੀਐੱਸਟੀ ਚੋਰੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਉਨ੍ਹਾਂ ਕਿਹਾ ਕਿ ਟੈਕਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਮੁਹਿੰਮ ਦਾ ਉਦੇਸ਼ ਟੈਕਸ ਚੋਰੀ ਨੂੰ ਨੱਥ ਪਾਉਣਾ ਹੈ। ਉਨ੍ਹਾਂ ਕਿਹਾ ਕਿ ਕਰ ਵਿਭਾਗ ਨੇ ਟੈਕਸ ਦੇਣ ਵਾਲਿਆਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 9160500033 ਵੀ ਜਾਰੀ ਕੀਤਾ ਹੈ।

ਹਰਪਾਲ ਚੀਮਾ ਨੇ ਕਿਹਾ ਕਿ ਡੇਟਾ ਮਾਈਨਿੰਗ ਵਿੰਗ ਵੱਲੋਂ ਈਟੀਟੀਐੱਸਏ (ਵਿਭਾਗਾਂ ਦੀ ਆਪਣੀ ਤਕਨੀਕੀ ਸੇਵਾ ਏਜੰਸੀ) ਅਤੇ ਹੋਰ ਪਲੇਟਫਾਰਮਾਂ ਦੀ ਮਦਦ ਨਾਲ ਟੈਕਸ ਚੋਰੀ ਦਾ ਪਤਾ ਲਾਇਆ ਜਾ ਰਿਹਾ ਹੈ ਅਤੇ ਬੇਨੇਮੀਆਂ ਤੇ ਖਾਮੀਆਂ ਦੇ ਅਧਾਰ ’ਤੇ ਰਿਪੋਰਟਾਂ ਤਿਆਰ ਹੋ ਰਹੀਆਂ ਹਨ, ਜੋ ਸਬੰਧਤ ਵਿੰਗਾਂ ਨਾਲ ਵੀ ਲੋੜੀਂਦੀ ਕਾਰਵਾਈ ਲਈ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਟੈਕਸ ਵਿਭਾਗ ਨੇ ਸੂਬੇ ਦੇ ਜੀਐੱਸਟੀ ਕਮਿਸ਼ਨਰੇਟ ਵਿੱਚ ਨਵੀਂ ਟੈਕਸ ਇੰਟੈਲੀਜੈਂਸ ਯੂਨਿਟ (ਟੀਆਈਯੂ) ਸਥਾਪਤ ਕੀਤੀ ਹੈ ਤਾਂ ਜੋ ਜੀਐੱਸਟੀਐੱਨ ਪਲੇਟਫਾਰਮ ’ਤੇ ਉਪਲਬਧ ਡਿਜੀਟਲ ਡੇਟਾ ਦਾ ਬਿਹਤਰ ਵਿਸ਼ਲੇਸ਼ਣ ਅਤੇ ਨਿਗਰਾਨੀ ਹੋ ਸਕੇ। ਚੈਕਿੰਗ ਮੁਹਿੰਮ ਮੌਕੇ ਟੈਕਸ ਕਮਿਸ਼ਨਰ ਕੇਕੇ ਯਾਦਵ, ਐਡੀਸ਼ਨਲ ਕਮਿਸ਼ਨਰ-1 ਵਿਰਾਜ ਐੱਸ ਤਿੜਕੇ, ਡਾਇਰੈਕਟਰ ਇਨਵੈਸਟੀਗੇਸ਼ਨ ਐੱਚਪੀਐੱਸ ਘੋਤੜਾ, ਏਸੀਐੱਸਟੀ ਐੱਮਡਬਲਿਊ ਜਲੰਧਰ ਕਮਲਪ੍ਰੀਤ ਸਿੰਘ ਵੀ ਮੌਜੂਦ ਸਨ।