ਜੀਈ ਐਰੋਸਪੇਸ ਤੇ ਐੱਚਏਐੱਲ ਮਿਲ ਕੇ ਕਰਨਗੇ ਭਾਰਤ ’ਚ ਜੰਗੀ ਜਹਾਜ਼ਾਂ ਦੇ ਇੰਜਨ ਤਿਆਰ

ਜੀਈ ਐਰੋਸਪੇਸ ਤੇ ਐੱਚਏਐੱਲ ਮਿਲ ਕੇ ਕਰਨਗੇ ਭਾਰਤ ’ਚ ਜੰਗੀ ਜਹਾਜ਼ਾਂ ਦੇ ਇੰਜਨ ਤਿਆਰ

ਵਾਸ਼ਿੰਗਟਨ- ਅਮਰੀਕੀ ਕੰਪਨੀ ਜੀਈ (ਜਨਰਲ ਇਲੈਕਟ੍ਰਿਕ) ਐਰੋਸਪੇਸ ਨੇ ਇਕ ਅਹਿਮ ਸਮਝੌਤੇ ਤਹਿਤ ਭਾਰਤ ਹਵਾਈ ਸੈਨਾ ਦੇ ਹਲਕੇ ਲੜਾਕੂ ਜਹਾਜ਼ (ਐੱਲਸੀਏ) ਐੱਮਕੇ-2 ਤੇਜਸ ਦੇ ਜੈੱਟ ਇੰਜਨ ਦੇ ਸਾਂਝੇ ਉਤਪਾਦਨ ਲਈ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐੱਚਏਐੱਲ) ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੀ ਸਰਕਾਰੀ ਫੇਰੀ ਦੌਰਾਨ ਕੀਤਾ ਗਿਆ ਹੈ। ਅਮਰੀਕੀ ਕੰਪਨੀ ਨੇ ਇਕ ਬਿਆਨ ਵਿਚ ਕਿਹਾ, ‘‘ਇਸ ਕਰਾਰ ਵਿੱਚ ਜੀਈ ਐਰੋਸਪੇਸ ਦੇ ਐੱਫ414 ਇੰਜਨ ਦੇ ਭਾਰਤ ਵਿੱਚ ਸਾਂਝੇ ਉਤਪਾਦਨ ਦੀ ਸੰਭਾਵਨਾ ਸ਼ਾਮਲ ਹੈ ਤੇ ਜੀਈ ਐਰੋਸਪੇਸ ਅਮਰੀਕੀ ਸਰਕਾਰ ਨਾਲ ਇਸ ਮੰਤਵ ਲਈ ਜ਼ਰੂਰੀ ਬਰਾਮਦ ਅਧਿਕਾਰ ਹਾਸਲ ਕਰਨ ਲਈ ਕੰਮ ਕਰਨਾ ਜਾਰੀ ਰੱਖੇਗਾ।’’ ਅਮਰੀਕੀ ਕੰਪਨੀ ਨੇ ਐੈੱਚਏਐੱਲ ਨਾਲ ਕੀਤੇ ਐੱਮਓਯੂ ਨੂੰ ਭਾਰਤ ਤੇ ਅਮਰੀਕਾ ਦਰਮਿਆਨ ਰੱਖਿਆ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ‘ਅਹਿਮ’ ਕਾਰਕ ਦੱਸਿਆ ਹੈ।

ਜੀਈ ਐਰੋਸਪੇਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਜਨਰਲ ਇਲੈਕਟ੍ਰਿਕਸ ਦੇ ਮੁਖੀ ਐੱਚ.ਲਾਰੈਂਸ ਕਲਪ ਜੂਨੀਅਰ ਨੇ ਕਿਹਾ, ‘‘ਇਹ ਇਤਿਹਾਸਕ ਸਮਝੌਤਾ ਭਾਰਤ ਤੇ ਐੱਚਏਐੱਲ ਨਾਲ ਸਾਡੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਸਾਂਝ ਕਰਕੇ ਸੰਭਵ ਹੋਇਆ ਹੈ।’’ ਇਹ ਕਰਾਰ ਜੀਈ ਐਰੋਸਪੇਸ ਦੇ ਭਾਰਤੀ ਹਵਾਈ ਸੈਨਾ ਦੇ ਐੱਲਸੀਏ ਐੱਮਕੇ-2 ਪ੍ਰੋਗਰਾਮ ਲਈ 99 ਇੰਜਨਾਂ ਦੇ ਨਿਰਮਾਣ ਦੀ ਅਗਾਊਂ ਪ੍ਰਤੀਬੱਧਤਾ ਨੂੰ ਸੁਖਾਲਾ ਬਣਾਏਗਾ। ਬਿਆਨ ਮੁਤਾਬਕ, ‘‘ਇਹ (ਕਰਾਰ) ਕੰਪਨੀ ਨੂੰ ਭਾਰਤ ਵਿੱਚ ਕਈ ਤਰ੍ਹਾਂ ਦੇ ਉਤਪਾਦਾਂ ਦੀ ਸਿਰਜਣਾ ਲਈ ਮਜ਼ਬੂਤ ਸਥਿਤੀ ਵਿੱਚ ਰੱਖੇਗਾ, ਜਿਸ ਵਿੱਚ ਐੱਫ 404 ਇੰਜਨ ਸ਼ਾਮਲ ਹਨ, ਜਿਸ ਦੀ ਇਸ ਵੇਲੇ ਐੱਲਸੀਏ ਐੱਮਕੇ1 ਤੇ ਐੱਲਸੀੲੇ ਐੱਮ-1ਏ ਜਹਾਜ਼ ਵਿੱਚ ਵਰਤੋਂ ਕੀਤੀ ਜਾ ਰਹੀ ਹੈ। ਨਾਲ ਹੀ ਸਾਡੇ ਐੱਮ-414 ਆਈਐੱਨਐੱਸ6 ਇੰਜਨ ਦੇ ਲਾਲ ਏਐੱਮਸੀਏ ਪ੍ਰੋਗਰਾਮ ਲਈ ਫਾਰਮੈਟ ਤਿਆਰ ਕਰਨ, ਪ੍ਰੀਖਣ ਤੇ ਸਰਟੀਫਿਕੇਸ਼ਨ ਲਈ ਵੀ ਜੀਈ ਐਰੋਸਪੇਸ ਦੀ ਚੋਣ ਕਰਨਾ ਸ਼ਾਮਲ ਹੈ।’’

ਇਹ ਸਮਝੌਤਾ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਭਾਰਤ ਹੁਣ ਤੱਕ ਰੂਸ ਤੇ ਯੂਰੋਪੀ ਗੱਠਜੋੜ ਤੋਂ ਫੌਜੀ ਜੈੱਟ ਹਾਸਲ ਕਰਦਾ ਰਿਹਾ ਹੈ। ਭਾਰਤ ਨੇ ਹਾਲ ਹੀ ਵਿੱਚ ਫਰਾਂਸ ਦੀ ਜੰਗੀ ਜਹਾਜ਼ਾਂ ਦਾ ਨਿਰਮਾਣ ਕਰਨ ਵਾਲੀ ਕੰਪਨੀ ਦਾਸੋਂ ਤੋਂ ਭਾਰਤੀ ਹਵਾਈ ਸੈਨਾ ਲਈ ਰਾਫਾਲ ਲੜਾਕੂ ਜਹਾਜ਼ ਖਰੀਦੇ ਸਨ। ਕਾਬਿਲੇਗੌਰ ਹੈ ਕਿ ਐੱਚਏਐੱਲ ਭਾਰਤੀ ਹਵਾਈ ਸੈਨਾ ਲਈ 83 ਹਲਕੇ ਲੜਾਕੂ ਜਹਾਜ਼ ਤਿਆਰ ਕਰਨ ਲਈ ਜੀਈ 404 ਇੰਜਨ ਦੀ ਵਰਤੋਂ ਕਰ ਰਹੀ ਹੈ। ਹੁਣ ਤੱਕ ਕੁੱਲ 75 ਐੱਫ404 ਇੰਜਨਾਂ ਦੀ ਸਪਲਾਈ ਕੀਤੀ ਗਈ ਹੈ ਤੇ ਐੱਲਸੀਏ ਐੱਮਕੇ 1ਏ ਲਈ 99 ਹੋਰ ਦਾ ਆਰਡਰ ਦਿੱਤਾ ਗਿਆ ਹੈ