ਜਿਨਸੀ ਸ਼ੋਸ਼ਣ ਮਾਮਲਾ – ਬ੍ਰਿਜ ਭੂਸ਼ਣ ਖ਼ਿਲਾਫ਼ ਅਦਾਲਤ ’ਚ ਲੜਾਂਗੇ, ਸੜਕਾਂ ’ਤੇ ਨਹੀਂ: ਪਹਿਲਵਾਨ

ਜਿਨਸੀ ਸ਼ੋਸ਼ਣ ਮਾਮਲਾ – ਬ੍ਰਿਜ ਭੂਸ਼ਣ ਖ਼ਿਲਾਫ਼ ਅਦਾਲਤ ’ਚ ਲੜਾਂਗੇ, ਸੜਕਾਂ ’ਤੇ ਨਹੀਂ: ਪਹਿਲਵਾਨ

ਵਿਨੇਸ਼, ਸਾਕਸ਼ੀ ਤੇ ਬਜਰੰਗ ਨੇ ਨਿਆਂ ਲੈਣ ਲਈ ਮੁੜ ਸੜਕਾਂ ’ਤੇ ਧਰਨੇ ਲਾਉਣ ਦੇ ਦਾਅਵੇ ਨੂੰ ਖਾਰਜ ਕੀਤਾ
ਨਵੀਂ ਦਿੱਲੀ- ਜਿਨਸੀ ਸ਼ੋਸ਼ਣ ਮਾਮਲੇ ’ਚ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਅੱਜ ਆਖਿਆ ਕਿ ਉਹ ਇਨਸਾਫ਼ ਲੈਣ ਲਈ ਬ੍ਰਿਜ ਭੂਸ਼ਣ ਸਿੰਘ ਖਿਲਾਫ਼ ਸੜਕਾਂ ’ਤੇ ਨਹੀਂ ਬਲਕਿ ਅਦਾਲਤ ’ਚ ਲੜਾਈ ਲੜਨਗੇ। ਇੱਕ ਦਿਨ ਪਹਿਲਾਂ ਇਹ ਦਾਅਵਾ ਕੀਤਾ ਕਿ ਗਿਆ ਸੀ ਕਿ ਉਹ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਖ਼ਿਲਾਫ਼ ਮੁੜ ਸੜਕਾਂ ’ਤੇ ਪ੍ਰਦਰਸ਼ਨ ਸ਼ੁਰੂੁ ਕਰ ਸਕਦੇ ਹਨ। ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੇ ਟਵੀਟ ਕੀਤਾ ਕਿ ਸਰਕਾਰ ਨੇ ਬ੍ਰਿਜ ਭੂਸ਼ਣ ਖ਼ਿਲਾਫ਼ ਚਾਰਜਸ਼ੀਟ ਦਾਖਲ ਕਰਨ ਦਾ ਵਾਅਦਾ ਪੂਰਾ ਕਰ ਦਿੱਤਾ ਹੈ। ਉਕਤ ਦਾਅਵੇ ਨੂੰ ਖਾਰਜ ਕਰਦਿਆਂ ਉਨ੍ਹਾਂ ਟਵੀਟ ਵਿੱਚ ਲਿਖਿਆ, ‘‘ਇਸ ਮਾਮਲੇ ਵਿੱਚ ਪਹਿਲਵਾਨ ਨਿਆਂ ਮਿਲਣ ਤੱਕ ਲੜਾਈ ਜਾਰੀ ਰੱਖਣਗੇ ਪਰ ਇਹ ਅਦਾਲਤ ਵਿੱਚ ਲੜੀ ਜਾਵੇਗੀ ਸੜਕਾਂ ’ਤੇ ਨਹੀਂ।’’ ਦੱਸਣਯੋਗ ਹੈ ਕਿ ਸ਼ਨਿਚਰਵਾਰ ਨੂੰ ਵਿਨੇਸ਼, ਸਾਕਸ਼ੀ ਅਤੇ ਬਜਰੰਗ ਪੂਨੀਆ ਨੇ ਉਨ੍ਹਾਂ ਨੂੰ ੲੇਸ਼ਿਆਈ ਖੇਡਾਂ ਲਈ ਟਰਾਇਲਾਂ ਤੋਂ ਛੋਟ ਦਿੱਤੇ ਜਾਣ ਦੇ ਫ਼ੈਸਲੇ ’ਤੇ ਸਵਾਲ ਉਠਾਉਣ ਨੂੰ ਲੈ ਕੇ ਸਾਬਕਾ ਪਹਿਲਵਾਨ ਅਤੇ ਹੁਣ ਭਾਜਪਾ ਨੇਤਾ ਯੋਗੇਸ਼ਵਰ ਦੱਤ ’ਤੇ ਵਰ੍ਹਦਿਆਂ ਕਿਹਾ ਕਿ ਸੀ ਉਹ ਬ੍ਰਿਜ ਭੂਸ਼ਣ ਖ਼ਿਲਾਫ਼ ਲੜਾਈ ਜਾਰੀ ਰੱਖਣਗੇ ਅਤੇ ਚਾਰਜਸ਼ੀਟ ਦਾ ਮੁਲਾਂਕਣ ਕਰਨ ਮਗਰੋਂ ਇਸ ਗੱਲ ’ਤੇ ਚਰਚਾ ਕਰਨਗੇ ਕਿ ਸੰਘਰਸ਼ ਨੂੰ ਕਿਵੇਂ ਚਲਾਇਆ ਜਾਵੇ।