ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ

ਟਰੇਨ ਸਟੇਸ਼ਨ ਬਾਹਰ ਭਾਸ਼ਣ ਦੇ ਰਹੇ ਆਬੇ ਨੂੰ ਪਿੱਛੋਂ ਦੋ ਗੋਲੀਆਂ ਮਾਰੀਆਂ
ਨਾਰਾ-ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਮੁਲਕ ਦੇ ਤਾਕਤਵਰ ਤੇ ਪ੍ਰਭਾਵਸ਼ਾਲੀ ਆਗੂਆਂ ਵਿੱਚੋਂ ਇਕ ਸ਼ਿੰਜੋ ਆਬੇ (67) ਦੀ ਅੱਜ ਇਥੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਮੌਕੇ ਉਹ ਨਾਰਾ ਦੇ ਟਰੇਨ ਸਟੇਸ਼ਨ ਬਾਹਰ ਤਕਰੀਰ ਕਰ ਰਹੇ ਸਨ। ਮਸ਼ਕੂਕ ਹਮਲਾਵਰ ਨੇ ਆਬੇ ਨੂੰ ਪਿੱਛੋੋਂ ਗੋਲੀਆਂ ਮਾਰੀਆਂ। ਇਕ ਗੋਲੀ ਉਨ੍ਹਾਂ ਦੀ ਛਾਤੀ ਤੇ ਦੂਜੀ ਗਰਦਨ ਵਿੱਚ ਲੱਗੀ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਏਅਰਲਿਫ਼ਟ ਕਰਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਹਸਪਤਾਲ ਲਿਜਾਣ ਮੌਕੇ ਹੀ ਉਨ੍ਹਾਂ ਨੇ ਸਾਹ ਲੈਣਾ ਬੰਦ ਕਰ ਦਿੱਤਾ ਸੀ ਤੇ ਉਨ੍ਹਾਂ ਦੇ ਦਿਲ ਦੀ ਧੜਕਣ ਰੁਕ ਗਈ ਸੀ। ਡਾਕਟਰਾਂ ਮੁਤਾਬਕ ਉਨ੍ਹਾਂ ਦਾ ਕਾਫ਼ੀ ਖੂਨ ਵਹਿ ਗਿਆ ਸੀ। ਪੁਲੀਸ ਨੇ ਮਸ਼ਕੂਕ ਬੰਦੂਕਧਾਰੀ ਤੇਤਸੁਯਾ ਯਾਮਾਗਾਮੀ (41) ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਆਬੇ ਦੀ ਹੱਤਿਆ ਨੇ ਜਾਪਾਨ ਵਿੱਚ ਬਹੁਗਿਣਤੀ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਕਿਉਂਕਿ ਜਾਪਾਨ ਵਿਸ਼ਵ ਦੇ ਸਭ ਤੋਂ ਸੁਰੱਖਿਅਤ ਮੁਲਕਾਂ ਵਿੱਚੋਂ ਇਕ ਹੈ। ਗੰਨ ਕੰਟਰੋਲ ਬਾਰੇ ਕਾਨੂੰਨ ਵੀ ਇਥੇ ਬਹੁਤ ਸਖ਼ਤ ਹਨ।
ਸ਼ਿੰਜੋ ਆਬੇ ’ਤੇ ਹਮਲੇ ਦਾ ਪਤਾ ਲੱਗਦਿਆਂ ਹੀ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਤੇ ਉਨ੍ਹਾਂ ਦੇ ਕੈਬਨਿਟ ਮੰਤਰੀ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਵਿਚਾਲੇ ਛੱਡ ਕੇ ਟੋਕੀਓ ਪਰਤ ਆਏ। ਕਿਸ਼ੀਦਾ ਨੇ ਆਬੇ ’ਤੇ ਕੀਤੀ ਗੋਲੀਬਾਰੀ ਨੂੰ ‘ਕਾਇਰਾਨਾ ਤੇ ਵਹਿਸ਼ੀ’ ਕਾਰਵਾਈ ਕਰਾਰ ਦਿੱਤਾ ਹੈ। ਉਂਜ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਤਵਾਰ ਨੂੰ ਜਾਪਾਨ ਦੀ ਸੰਸਦ ਦੇ ਉਪਰਲੇ ਸਦਨ ਲਈ ਹੋਣ ਵਾਲੀਆਂ ਚੋਣਾਂ ਮਿੱਥੇ ਮੁਤਾਬਕ ਹੀ ਹੋਣਗੀਆਂ।

ਨਾਰਾ ਦੀ ਮੈਡੀਕਲ ਯੂਨੀਵਰਸਿਟੀ ਦੇ ਐਮਰਜੈਂਸੀ ਵਿਭਾਗ ਦੇ ਮੁਖੀ ਐੱਚ.ਫੁਕੂਸ਼ਿਮਾ ਨੇ ਕਿਹਾ ਕਿ ਗੋਲੀਆਂ ਲੱਗਣ ਕਰਕੇ ਦਿਲ ਨੂੰ ਵੱਡਾ ਨੁਕਸਾਨ ਪੁੱਜਾ ਹੈ, ਤੇ ਇਸ ਤੋਂ ਇਲਾਵਾ ਗਰਦਨ ’ਤੇ ਦੋ ਜ਼ਖ਼ਮਾਂ ਨਾਲ ਉਨ੍ਹਾਂ ਦੀ ਲਹੂ ਨਾੜੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ, ਜਿਸ ਕਰਕੇ ਬਹੁਤ ਸਾਰਾ ਖੂਨ ਵਹਿ ਗਿਆ। ਜਦੋਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਦਿਲ ਅਤੇ ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਤੇ ਉਨ੍ਹਾਂ ਦੇ ਮੁੱਖ ਅੰਗਾਂ ਨੇ ਮੁੜ ਕੰਮ ਨਹੀਂ ਕੀਤਾ। ਸਾਲ 2020 ਵਿੱਚ ਨਾਸਾਜ਼ ਸਿਹਤ ਦੇ ਹਵਾਲੇ ਨਾਲ ਖੁ਼ਦ ਹੀ ਅਹੁਦੇ ਤੋਂ ਲਾਂਭੇ ਹੋਣ ਤੱਕ ਆਬੇ ਜਾਪਾਨ ਦੇ ਸਭ ਤੋਂ ਲੰਮਾ ਸਮਾਂ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਦਾ ਸੱਤਾਧਾਰੀ ਲਿਬਰਲ ਡੈਮੋਕਰੈਟਿਕ ਪਾਰਟੀ ਵਿੱਚ ਅਜੇ ਵੀ ਵੱਡਾ ਅਸਰ ਰਸੂਖ ਸੀ ਤੇ ਉਹ ਇਸ ਦੇ ਸਭ ਤੋਂ ਵੱਡੇ ਧੜੇ ਦੇ ਮੁਖੀ ਸਨ।
ਸਰਕਾਰੀ ਟੈਲੀਵਿਜ਼ਨ ਐੱਨਐੱਚਕੇ ਵੱਲੋੋਂ ਪ੍ਰਸਾਰਿਤ ਵੀਡੀਓ ਵਿੱਚ ਆਬੇ ਨਾਰਾ ਵਿੱਚ ਟਰੇਨ ਸਟੇਸ਼ਨ ਦੇ ਬਾਹਰ ਭਾਸ਼ਣ ਦਿੰਦੇ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਗੂੜ੍ਹੇ ਨੀਲੇ ਰੰਗ ਦਾ ਕੋਟ ਪਾਇਆ ਹੋਇਆ ਸੀ। ਉਹ ਬੋਲ ਹੀ ਰਹੇ ਸਨ ਕਿ ਇਸ ਦੌਰਾਨ ਦੋ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ। ਵੀਡੀਓ ਵਿੱਚ ਆਬੇ ਸੜਕ ’ਤੇ ਡਿੱਗਦੇ ਦਿਖੇ ਤੇ ਸੁਰੱਖਿਆ ਗਾਰਡ ਉਨ੍ਹਾਂ ਵੱਲ ਭੱਜ ਰਹੇ ਸਨ। ਆਬੇ ਨੇ ਆਪਣੀ ਛਾਤੀ ਨੂੰ ਫੜਿਆ ਹੋਇਆ ਸੀ ਤੇ ਉਨ੍ਹਾਂ ਦੀ ਕਮੀਜ਼ ਖੂਨ ਨਾਲ ਭਰੀ ਸੀ। ਅਗਲੇ ਹੀ ਪਲ ਸੁਰੱਖਿਆ ਕਰਮੀ ਜ਼ਮੀਨ ’ਤੇ ਪਏ ਸਲੇਟੀ ਰੰਗ ਦੀ ਕਮੀਜ਼ ਪਾਈ ਇਕ ਵਿਅਕਤੀ ਨੂੰ ਕਾਬੂ ਕਰਦੇ ਨਜ਼ਰ ਆਏ। ਇਸ ਦੌਰਾਨ ਗੋਲੀਆਂ ਚਲਾਉਣ ਲਈ ਵਰਤੀ ਡਬਲ ਬੈਰਲ ਗੰਨ, ਜੋ ਖੁ਼ਦ ਤਿਆਰ ਕੀਤੀ ਲਗਦੀ ਸੀ, ਸੜਕ ’ਤੇ ਪਈ ਵੇਖੀ ਗਈ। ਨਾਰਾ ਪੁਲੀਸ ਨੇ ਗੋਲੀ ਚਲਾਉਣ ਵਾਲੇ ਸ਼ਖ਼ਸ ਦੀ ਪਛਾਣ ਤੇਤਸੁਯਾ ਯਾਮਾਗਾਮੀ (41) ਵਜੋਂ ਦੱਸੀ ਹੈ। ਪੁਲੀਸ ਟੀਮ ਨੇ ਮਗਰੋਂ ਸਬੂਤ ਇਕੱਤਰ ਕਰਨ ਲਈ ਮੁਲਜ਼ਮ ਦੇ ਘਰ ਦੀ ਵੀ ਤਲਾਸ਼ੀ ਲਈ। ਐੱਨਐੱਚਕੇ ਦੀ ਰਿਪੋਰਟ ਮੁਤਾਬਕ ਮਸ਼ਕੂਕ ਨੇ ਸਾਲ 2000 ਦੀ ਸ਼ੁਰੂਆਤ ਵਿੱਚ ਤਿੰਨ ਸਾਲ ਜਾਪਾਨ ਦੀ ਜਲਸੈਨਾ ਵਿੱਚ ਵੀ ਸੇਵਾਵਾਂ ਨਿਭਾਈਆਂ।
ਪ੍ਰਧਾਨ ਮੰਤਰੀ ਕਿਸ਼ੀਦਾ ਨੇ ਕਿਹਾ, ‘‘ਮੈਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ।’’ ਕਿਸ਼ੀਦਾ ਨੇ ਕਿਹਾ ਕਿ ਉਨ੍ਹਾਂ ਲਈ ਆਪਣੀਆਂ ਭਾਵਨਾਵਾਂ ’ਤੇ ਕਾਬੂ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸੁਰੱਖਿਆ ਹਾਲਾਤ ’ਤੇ ਨਜ਼ਰਸਾਨੀ ਦੀ ਯੋਜਨਾ ਸੀ, ਪਰ ਉਨ੍ਹਾਂ ਮੰਨਿਆ ਕਿ ਆਬੇ ਕੋਲ ਸਿਖਰਲੀ ਸੁਰੱਖਿਆ ਸੀ। ਉਧਰ ਜਾਪਾਨ ਦੀ ਵਿਰੋਧੀ ਧਿਰ ਦੇ ਆਗੂਆਂ ਨੇ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਮੁਲਕ ਦੀ ਜਮਹੂਰੀਅਤ ਲਈ ਚੁਣੌਤੀ ਦੱਸਿਆ ਹੈ। ਆਬੇ ਨੇ ਕੁਲ ਮਿਲਾ ਕੇ 6 ਵਾਰ ਕੌਮੀ ਚੋਣਾਂ ਜਿੱਤੀਆਂ ਸਨ ਤੇ ਉਨ੍ਹਾਂ ਦੀ ਸੱਤਾ ’ਤੇ ਚੰਗੀ ਪਕੜ ਸੀ। ਅਮਰੀਕਾ ਨਾਲ ਸੁਰੱਖਿਆ ਭਾਈਵਾਲੀ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਸੀ।

ਭਾਰਤ ’ਚ ਇਕ ਦਿਨ ਦੇ ਰਾਸ਼ਟਰੀ ਸ਼ੋਕ ਦਾ ਐਲਾਨ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ‘ਪਿਆਰੇ ਮਿੱਤਰ’ ਸ਼ਿੰਜੋ ਆਬੇ ਦੇ ਦੇਹਾਂਤ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਕੁੱਲ ਆਲਮ ਨੂੰ ਵਧੀਆ ਥਾਂ ਬਣਾਉਣ ਲਈ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵੱਲੋਂ ਸ਼ਿੰਜੋ ਦੇ ਸਤਿਕਾਰ ਵਜੋਂ ਭਲਕੇ 9 ਜੁਲਾਈ ਨੂੰ ਇਕ ਦਿਨਾ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਹੈ। ਟਵਿੱਟਰ ’ਤੇ ਭਾਵੁਕ ਪੋਸਟਾਂ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਹਾਲੀਆ ਜਾਪਾਨ ਫੇਰੀ ਦੌਰਾਨ ਉਨ੍ਹਾਂ ਨੂੰ ਆਬੇ ਨੂੰ ਮੁੜ ਮਿਲਣ ਦਾ ਮੌਕਾ ਮਿਲਿਆ ਸੀ ਤੇ ਉਨ੍ਹਾਂ ਕਈ ਮੁੱਦਿਆਂ ’ਤੇ ਚਰਚਾ ਕੀਤੀ, ਪਰ ਉਨ੍ਹਾਂ ਨੂੰ ‘ਜ਼ਰਾ ਵੀ ਅਹਿਸਾਸ ਨਹੀਂ ਸੀ ਕਿ ਇਹ ਉਨ੍ਹਾਂ ਦੀ ਆਖਰੀ ਮੁਲਾਕਾਤ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਸਦਮੇ ਵਿੱਚ ਅਤੇ ਉਦਾਸ ਹਨ। ਉਨ੍ਹਾਂ ਕੋਲ ਆਪਣੇ ਸਭ ਤੋਂ ‘ਪਿਆਰੇ ਮਿੱਤਰਾਂ’ ਵਿੱਚੋਂ ਇਕ ਦੇ ਦੁਖਦਾਈ ਅਕਾਲ ਚਲਾਣੇ ਲਈ ਸ਼ਬਦ ਨਹੀਂ ਹਨ। ਸ੍ਰੀ ਮੋਦੀ ਨੇ ਟੋਕੀਓ ਵਿੱਚ ਆਬੇ ਨਾਲ ਹਾਲੀਆ ਮੀਟਿੰਗ ਦੀ ਤਸਵੀਰ ਵੀ ਸਾਂਝੀ ਕੀਤੀ। ਇਸ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਸ਼ਿੰਜੋ ਆਬੇ ਦੀ ਹੱਤਿਆ ਨਾਲ ਉਨ੍ਹਾਂ ਨੂੰ ਸਦਮਾ ਲੱਗਾ ਹੈ। ਉਨ੍ਹਾਂ ਆਬੇ ਨੂੰ ਭਾਰਤ ਦਾ ‘ਅਸਾਧਾਰਨ ਦੋਸਤ’ ਦੋਸਤ ਦੱਸਿਆ, ਜਿਸ ਨੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਬਹੁਤ ਕੁਝ ਕੀਤਾ। ਉਧਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ਿੰਜੋ ਆਬੇ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਭਾਰਤ-ਜਾਪਾਨ ਰਣਨੀਤਕ ਰਿਸ਼ਤਿਆਂ ਦੀ ਮਜ਼ਬੂਤੀ ਲਈ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ।