ਜਾਨ ਬਚਾਉਣ ਲਈ ਗਾਜ਼ਾ ਦੇ ਦੱਖਣ ਵੱਲ ਵਧੇ ਫਲਸਤੀਨੀ

ਜਾਨ ਬਚਾਉਣ ਲਈ ਗਾਜ਼ਾ ਦੇ ਦੱਖਣ ਵੱਲ ਵਧੇ ਫਲਸਤੀਨੀ

ਇਜ਼ਰਾਈਲ ਨੇ ਗਾਜ਼ਾ ਪੱਟੀ ਖਾਲੀ ਕਰਨ ਦਾ ਮੁੜ ਅਲਟੀਮੇਟਮ ਦਿੱਤਾ
ਦੀਰ-ਅਲ-ਬਾਲਾਹ (ਗਾਜ਼ਾ ਪੱਟੀ)- ਇਜ਼ਰਾਇਲੀ ਫ਼ੌਜ ਵੱਲੋਂ 10 ਲੱਖ ਫਲਸਤੀਨੀਆਂ ਨੂੰ ਉੱਤਰੀ ਗਾਜ਼ਾ ਖਾਲੀ ਕਰਕੇ ਦੱਖਣ ਵੱਲ ਜਾਣ ਦੇ ਦਿੱਤੇ ਅਲਟੀਮੇਟਮ ਮਗਰੋਂ ਵੱਡੀ ਗਿਣਤੀ ’ਚ ਫਲਸਤੀਨੀਆਂ ਨੇ ਆਪਣਾ ਘਰ-ਬਾਰ ਛੱਡ ਦਿੱਤਾ ਹੈ। ਇਜ਼ਰਾਈਲ ਨੇ ਸ਼ੋਸ਼ਲ ਮੀਡੀਆ ’ਤੇ ਅਲਟੀਮੇਟਮ ਦੁਹਰਾਇਆ ਅਤੇ ਫਲਸਤੀਨੀਆਂ ਨੂੰ ਸੁਚੇਤ ਕਰਨ ਲਈ ਇਲਾਕੇ ’ਚ ਪਰਚੇ ਵੀ ਸੁੱਟੇ। ਫ਼ੌਜ ਨੇ ਹੁਕਮਾਂ ’ਚ ਕਿਹਾ ਕਿ ਉਸ ਦੀ ਯੋਜਨਾ ਗਾਜ਼ਾ ਸਿਟੀ ਦੇ ਨੇੜਲੇ ਇਲਾਕਿਆਂ ’ਚ ਜ਼ਮੀਨ ਹੇਠਾਂ ਬਣੇ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਹੈ। ਉਂਜ ਹਮਾਸ ਨੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਨਾ ਜਾਣ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਅਤੇ ਹੋਰ ਜਥੇਬੰਦੀਆਂ ਨੇ ਕਿਹਾ ਕਿ ਇੰਨੇ ਵੱਡੇ ਪੱਧਰ ’ਤੇ ਹਿਜਰਤ ਮਾਨਵੀ ਤ੍ਰਾਸਦੀ ਹੋਵੇਗੀ ਅਤੇ ਹਸਪਤਾਲਾਂ ਤੋਂ ਮਰੀਜ਼ਾਂ ਤੇ ਹੋਰਾਂ ਨੂੰ ਲਿਜਾਣਾ ਬਹੁਤ ਔਖਾ ਹੋਵੇਗਾ। ਪਰਿਵਾਰਾਂ ਦੇ ਪਰਿਵਾਰ ਕਾਰਾਂ, ਟਰੱਕਾਂ ਅਤੇ ਖੱਚਰਾਂ ’ਤੇ ਸਾਮਾਨ ਲੱਦ ਕੇ ਗਾਜ਼ਾ ਸਿਟੀ ਤੋਂ ਬਾਹਰ ਨਿਕਲਦੇ ਜਾ ਰਹੇ ਹਨ। ਇਸ ਦੌਰਾਨ ਇਕ ਸਮਝੌਤੇ ਤਹਿਤ ਮਿਸਰ ਨੇ ਦੱਖਣੀ ਰਾਫਾ ਸਰਹੱਦ ਵਿਦੇਸ਼ੀਆਂ ਨੂੰ ਸੁਰੱਖਿਅਤ ਕੱਢਣ ਲਈ ਖੋਲ੍ਹ ਦਿੱਤੀ ਹੈ। ਮਿਸਰ, ਇਜ਼ਰਾਈਲ ਅਤੇ ਅਮਰੀਕਾ ਵਿਚਕਾਰ ਗਾਜ਼ਾ ’ਚੋਂ ਵਿਦੇਸ਼ੀਆਂ ਨੂੰ ਰਾਫਾ ਸਰਹੱਦ ਰਾਹੀਂ ਮਿਸਰ ’ਚ ਦਾਖ਼ਲ ਹੋਣ ਦੀ ਇਜਾਜ਼ਤ ਦੇਣ ’ਤੇ ਸਹਿਮਤੀ ਬਣੀ ਹੈ। ਮਿਸਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਿਦੇਸ਼ੀਆਂ ਦੇ ਫਲਸਤੀਨ ਛੱਡਣ ’ਤੇ ਇਜ਼ਰਾਈਲ ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਤਰ ਵੀ ਇਸ ਸਮਝੌਤੇ ’ਚ ਸ਼ਾਮਲ ਹੈ ਅਤੇ ਮੁਲਕਾਂ ਨੂੰ ਫਲਸਤੀਨੀ ਦਹਿਸ਼ਤੀ ਗੁੱਟ ਹਮਾਸ ਤੇ ਇਸਲਾਮਿਕ ਜਹਾਦ ਤੋਂ ਵੀ ਪ੍ਰਵਾਨਗੀ ਮਿਲ ਗਈ ਹੈ। ਰਾਫਾ ਸਰਹੱਦ ’ਤੇ ਤਾਇਨਾਤ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਰਹੱਦ ਖੋਲ੍ਹਦ ਦੇ ਨਿਰਦੇਸ਼ ਮਿਲ ਗਏ ਹਨ। ਅਧਿਕਾਰੀ ਨੇ ਕਿਹਾ ਕਿ ਰਾਫਾ ਸਰਹੱਦ ਰਾਹੀਂ ਗਾਜ਼ਾ ’ਚ ਮਾਨਵੀ ਸਹਾਇਤਾ ਭੇਜਣ ਲਈ ਵੀ ਗੱਲਬਾਤ ਚੱਲ ਰਹੀ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਫਲਸਤੀਨੀ ਬਿਨਾ ਕਿਸੇ ਮੁਸ਼ਕਲ ਦੇ ਦੋ ਮੁੱਖ ਰਸਤਿਆਂ ਰਾਹੀਂ ਜਾ ਸਕਦੇ ਹਨ। ਲੱਖਾਂ ਫਲਸਤੀਨੀ ਪਹਿਲਾਂ ਹੀ ਦੱਖਣੀ ਇਲਾਕੇ ਵੱਲ ਚਲੇ ਗਏ ਹਨ ਪਰ ਜੋ 20 ਕਿਲੋਮੀਟਰ ਦੂਰ ਰਹਿੰਦੇ ਸਨ, ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਜ਼ਰਾਇਲੀ ਫ਼ੌਜ ਨੇ ਕੁਝ ਥਾਵਾਂ ’ਤੇ ਟੈਂਕਾਂ ਨਾਲ ਹਮਲਾ ਕੀਤਾ ਹੈ ਅਤੇ ਗਾਜ਼ਾ ’ਚ ਭੋਜਨ, ਪਾਣੀ ਅਤੇ ਮੈਡੀਕਲ ਸਪਲਾਈ ਬੰਦ ਕਰ ਦਿੱਤੀ ਹੈ। ਫ਼ੌਜ ਨੇ ਕਿਹਾ ਕਿ ਗਾਜ਼ਾ ਪੱਟੀ ’ਚ ਹਮਲੇ ਮਗਰੋਂ ਜਵਾਨ ਪਰਤ ਆਏ ਹਨ। ਉਨ੍ਹਾਂ ਹਮਾਸ ਵੱਲੋਂ ਬੰਦੀ ਬਣਾਏ ਗਏ 150 ਵਿਅਕਤੀਆਂ ਦਾ ਪਤਾ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਹਮਾਸ ਨੇ ਦਾਅਵਾ ਕੀਤਾ ਕਿ ਇਜ਼ਰਾਇਲੀ ਹਵਾਈ ਹਮਲੇ ’ਚ ਵਿਦੇਸ਼ੀਆਂ ਸਣੇ 13 ਬੰਦੀ ਮਾਰੇ ਗਏ ਹਨ। ਉਂਜ ਉਨ੍ਹਾਂ ਮਾਰੇ ਗਏ ਲੋਕਾਂ ਦੇ ਮੁਲਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਜਦਕਿ ਫ਼ੌਜ ਨੇ ਇਸ ਦਾਅਵੇ ਨੂੰ ਨਕਾਰ ਦਿੱਤਾ ਹੈ।