ਜਾਨਵਰਾਂ ਤੋਂ ਮਨੁੱਖਾਂ ਨੂੰ ਬਿਮਾਰੀਆਂ: ਬਚਾਅ ਕਿਵੇਂ ਹੋਵੇ?

ਜਾਨਵਰਾਂ ਤੋਂ ਮਨੁੱਖਾਂ ਨੂੰ ਬਿਮਾਰੀਆਂ: ਬਚਾਅ ਕਿਵੇਂ ਹੋਵੇ?

ਡਾ. ਗੁਰਿੰਦਰ ਕੌਰ

23 ਜੁਲਾਈ 2022 ਨੂੰ ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਨੇ ਕੌਮਾਂਤਰੀ ਪੱਧਰ ਉੱਤੇ ਮੰਕੀਪੌਕਸ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਮੰਕੀਪੌਕਸ ਵਾਇਰਸ ਨੂੰ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਐਲਾਨ ਦਿੱਤਾ। ਇਹ ਬਿਮਾਰੀ ਭਾਰਤ ਸਮੇਤ ਦੁਨੀਆ ਦੇ ਲਗਭਗ 83 ਮੁਲਕਾਂ ਵਿਚ ਫੈਲ ਚੁੱਕੀ ਹੈ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੁਆਰਾ ਜਾਰੀ ਅੰਕੜਿਆਂ ਅਨੁਸਾਰ 2 ਅਗਸਤ 2022 ਤੱਕ ਦੁਨੀਆ ਦੇ ਵੱਖ ਵੱਖ ਮੁਲਕਾਂ ਵਿਚ ਇਸ ਬਿਮਾਰੀ ਦੇ 25391 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਮੰਕੀਪੌਕਸ ਦੇ 25047 (98.65 ਫ਼ੀਸਦ) ਕੇਸ ਉਨ੍ਹਾਂ 76 ਮੁਲਕਾਂ ਵਿਚ ਮਿਲੇ ਹਨ ਜਿੱਥੇ ਪਹਿਲਾਂ ਕਦੇ ਇਹ ਬਿਮਾਰੀ ਹੋਈ ਹੀ ਨਹੀਂ ਸੀ ਅਤੇ ਸਿਰਫ਼ 344 ਕੇਸ (1.35 ਫ਼ੀਸਦ) ਉਨ੍ਹਾਂ ਮੁਲਕਾਂ ਵਿਚ ਮਿਲੇ ਹਨ ਜਿੱਥੇ ਬਿਮਾਰੀ ਪਹਿਲਾਂ ਵੀ ਹੁੰਦੀ ਸੀ। 2022 ਵਿਚ ਇਸ ਬਿਮਾਰੀ ਦੇ ਹੁਣ ਤੱਕ ਦੇ ਸਭ ਤੋਂ ਵੱਧ ਕੇਸ (6325) ਅਮਰੀਕਾ ਵਿਚ ਦਰਜ ਕੀਤੇ ਹਨ। ਇਹ ਬਿਮਾਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। 20 ਮਈ 2022 ਤੱਕ ਇਹ ਬਿਮਾਰੀ ਦੁਨੀਆ ਦੇ ਸਿਰਫ਼ 13 ਮੁਲਕਾਂ ਵਿਚ ਫੈਲੀ ਅਤੇ ਇਸ ਦੇ 90 ਕੇਸਾਂ ਦੀ ਪੁਸ਼ਟੀ ਹੋਈ ਸੀ। ਲਗਭਗ ਦੋ ਮਹੀਨਿਆਂ ਬਾਅਦ ਹੁਣ ਇਹ 83 ਮੁਲਕਾਂ ਵਿਚ ਫੈਲ ਗਈ ਹੈ।

ਡਬਲਿਊਐੱਚਓ ਅਨੁਸਾਰ ਮੰਕੀਪੌਕਸ ਅਜਿਹਾ ਵਾਇਰਸ ਹੈ ਜੋ ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲਦਾ ਹੈ ਅਤੇ ਫਿਰ ਇਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਹੋ ਜਾਂਦਾ ਹੈ। ਇਸ ਦੇ ਲੱਛਣ ਸਮਾਲਪੌਕਸ (ਚੇਚਕ) ਨਾਲ ਮਿਲਦੇ ਹਨ ਪਰ ਡਾਕਟਰਾਂ ਅਨੁਸਾਰ ਇਹ ਚੇਚਕ ਨਾਲੋਂ ਘੱਟ ਘਾਤਕ ਹੈ। ਇਸ ਬਿਮਾਰੀ ਦੇ ਸ਼ੁਰੂਆਤੀ ਦਿਨਾਂ ਵਿਚ ਪੀੜਤ ਨੂੰ ਤੇਜ਼ ਬੁਖਾਰ, ਸਿਰਦਰਦ, ਸਰੀਰ ਉੱਤੇ ਮੋਟੇ ਮੋਟੇ ਧੱਫੜ ਜੋ ਮੂੰਹ ਤੋਂ ਲੈ ਕੇ ਹੱਥਾਂ, ਪੈਰਾਂ ਤੱਕ ਪੈ ਜਾਂਦੇ ਹਨ। ਇਸ ਦੇ ਨਾਲ ਪੀੜਤ ਵਿਅਕਤੀ ਨੂੰ ਥਕਾਵਟ, ਪਿੱਠਦਰਦ, ਹੱਡਭੰਨਣੀ, ਗਲ ਵਿਚ ਖਰਾਸ ਅਤੇ ਖੰਘ ਵੀ ਹੋ ਸਕਦੀ ਹੈ। ਡਬਲਿਊਐੱਚਓ ਅਨੁਸਾਰ ਇਸ ਬਿਮਾਰੀ ਦੇ ਲੱਛਣ ਆਮ ਤੌਰ ਉੱਤੇ 2 ਤੋਂ 4 ਹਫ਼ਤਿਆਂ ਤੱਕ ਰਹਿੰਦੇ ਹਨ ਅਤੇ ਉਸ ਤੋਂ ਬਾਅਦ ਆਪਣੇ ਆਪ ਠੀਕ ਹੋ ਜਾਂਦੇ ਹਨ। ਕੁਝ ਕੇਸਾਂ ਵਿਚ ਇਹ ਬਿਮਾਰੀ ਖ਼ਤਰਨਾਕ ਵੀ ਹੋ ਸਕਦੀ ਹੈ ਜਿਸ ਨਾਲ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ ਅਤੇ ਕੁਝ ਕੇਸਾਂ ਵਿਚ ਅੱਖਾਂ ਦੀ ਰੋਸ਼ਨੀ ਅਤੇ ਚਮੜੀ ਦਾ ਇਨਫੈਕਸ਼ਨ ਵੀ ਹੋ ਸਕਦਾ ਹੈ।

ਇਸ ਬਿਮਾਰੀ ਵਿਚ ਸਮਾਲਪੌਕਸ ਨਾਲੋਂ ਧੱਫੜਾਂ ਦਾ ਆਕਾਰ ਕਾਫ਼ੀ ਵੱਡਾ ਹੁੰਦਾ ਹੈ।

ਮੰਕੀਪੌਕਸ ਦਾ ਵਾਇਰਸ ਸਭ ਤੋਂ ਪਹਿਲਾਂ 1958 ਵਿਚ ਡੈਨਮਾਰਕ ਵਿਚ ਖੋਜ ਲਈ ਪਾਲੇ ਗਏ ਬਾਂਦਰਾਂ ਵਿਚ ਮਿਲਿਆ ਸੀ ਪਰ ਇਹ ਬਿਮਾਰੀ ਬਾਂਦਰਾਂ ਤੋਂ ਪੈਦਾ ਨਹੀਂ ਹੋਈ। ਵਿਗਿਆਨੀਆਂ ਅਨੁਸਾਰ ਇਸ ਬਿਮਾਰੀ ਦੇ ਮੁੱਖ ਸਰੋਤ ਗਲਹਿਰੀਆਂ, ਵੱਖ ਵੱਖ ਕਿਸਮਾਂ ਦੇ ਚੂਹੇ ਜਾਂ ਹੋਰ ਛੋਟੇ ਆਕਾਰ ਦੇ ਥਣਧਾਰੀ ਜਾਨਵਰ ਹੋ ਸਕਦੇ ਹਨ। ਮੰਕੀਪੌਕਸ ਵਾਇਰਸ ਪਹਿਲੀ ਵਾਰ ਜਾਨਵਰਾਂ ਤੋਂ ਮਨੁੱਖਾਂ ਵਿਚ 1970 ਵਿਚ ਡੈਮੋਕਰੈਟਿਕ ਰਿਪਬਲਿਕ ਆਫ ਕਾਂਗੋ ਦੇ 9 ਸਾਲ ਦੇ ਲੜਕੇ ਨੂੰ ਹੋਇਆ ਸੀ। ਇਸ ਤੋਂ ਬਾਅਦ ਡਬਲਿਊਐੱਚਓ ਨੇ 1970 ਤੋਂ 1979 ਤੱਕ 54 ਅਤੇ 1981 ਤੋਂ 1986 ਤੱਕ 334 ਕੇਸ ਡੈਮੋਕਰੈਟਿਕ ਰਿਪਬਲਿਕ ਆਫ ਕਾਂਗੋ ਵਿਚ ਹੀ ਰਿਕਾਰਡ ਕੀਤੇ। ਅਫਰੀਕਾ ਵਿਚ ਪਿੱਛਲੇ 30 ਸਾਲਾਂ ਵਿਚ ਮੰਕੀਪੌਕਸ ਵਾਇਰਸ ਫੈਲਣ ਦੀਆਂ ਕਈ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿਚ ਕਾਫ਼ੀ ਵਿਅਕਤੀ ਇਸ ਬਿਮਾਰੀ ਨਾਲ ਪੀੜਤ ਹੋਏ। 1970 ਤੋਂ 2003 ਤੱਕ ਮੰਕੀਪੌਕਸ ਦੇ ਕੇਸ ਅਫਰੀਕਾ ਦੇ ਮੁਲਕਾਂ ਤੱਕ ਹੀ ਸੀਮਤ ਰਹੇ ਅਤੇ ਅਫਰੀਕਾ ਤੋਂ ਬਾਹਰ 2003 ਵਿਚ ਅਮਰੀਕਾ ਦੇ 6 ਰਾਜਾਂ ਵਿਚ ਮੰਕੀਪੌਕਸ ਦੀ ਬਿਮਾਰੀ 71 ਮਨੁੱਖਾਂ ਨੂੰ ਵੀ ਹੋਈ ਸੀ। ਮੰਕੀਪੌਕਸ ਦਾ ਸੰਯੁਕਤ ਰਾਜ ਅਮਰੀਕਾ ਵਿਚ ਫੈਲਣ ਦਾ ਕਾਰਨ ਅਫਰੀਕਾ ਦੇ ਘਾਨਾ ਮੁਲਕ ਤੋਂ ਦਰਾਮਦ ਕੀਤੇ ਜਾਨਵਰ ਸਨ।

2017 ਵਿਚ ਨਾਇਜ਼ੀਰੀਆ ਦੇ 200 ਵਿਅਕਤੀ ਮੰਕੀਪੌਕਸ ਦੀ ਲਪੇਟ ਵਿਚ ਆਏ ਸਨ। 2022 ਵਿਚ ਇਸ ਬਿਮਾਰੀ ਦਾ ਦਾਇਰਾ ਵਧ ਕੇ ਯੂਰੋਪ, ਏਸ਼ੀਆ ਅਤੇ ਉੱਤਰੀ ਅਮਰੀਕਾ ਦੇ ਮੁਲਕਾਂ ਤੱਕ ਪਹੁੰਚ ਗਿਆ ਹੈ। ਇਹ ਬਿਮਾਰੀ ਲਾਗ ਦੀ ਬਿਮਾਰੀ ਹੈ। ਜਦੋਂ ਕੋਈ ਵਿਅਕਤੀ ਜਾਂ ਜਾਨਵਰ ਲਾਗ ਵਾਲੇ ਜਾਨਵਰ ਜਾਂ ਵਿਅਕਤੀ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਸ ਨੂੰ ਵੀ ਇਹ ਬਿਮਾਰੀ ਹੋ ਜਾਂਦੀ ਹੈ। ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲਣ ਵਾਲੀਆਂ ਬਿਮਾਰੀਆਂ ਦੀ ਗਿਣਤੀ ਅਤੇ ਉਨ੍ਹਾਂ ਦਾ ਦਾਇਰਾ ਦਿਨੋ-ਦਿਨ ਵਧ ਰਿਹਾ ਹੈ। ਪਹਿਲਾਂ ਕਰੋਨਾ ਮਹਾਮਾਰੀ ਚੀਨ ਤੋਂ ਸ਼ੁਰੂ ਹੋ ਕੇ ਦੁਨੀਆ ਦੇ ਲਗਭਗ ਸਾਰੇ ਮੁਲਕਾਂ ਵਿਚ ਫੈਲ ਗਈ ਜਿਸ ਉੱਤੇ ਦੁਨੀਆ ਦੇ ਵਿਕਸਿਤ ਮੁਲਕ ਹਾਲੇ ਤੱਕ ਕਾਬੂ ਪਾਉਣ ਤੋਂ ਅਸਮਰੱਥ ਹਨ। ਹੁਣ ਮੰਕੀਪੌਕਸ ਵੀ ਦੁਨੀਆ ਦੇ 80 ਤੋਂ ਉੱਪਰ ਮੁਲਕਾਂ ਵਿਚ ਫੈਲ ਗਿਆ ਹੈ ਅਤੇ ਇਸ ਦੀ ਮਾਰ ਥੱਲੇ ਆ ਰਹੇ ਮੁਲਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।

ਕਰੋਨਾ ਵਾਇਰਸ ਦਾ ਸਰੋਤ ਚਮਗਾਦੜ ਅਤੇ ਮੰਕੀਪੌਕਸ ਦਾ ਵੱਖ ਵੱਖ ਕਿਸਮਾਂ ਦੀਆਂ ਗਲਹਿਰੀਆਂ, ਚੂਹੇ ਅਤੇ ਹੋਰ ਛੋਟੇ ਛੋਟੇ ਥਣਧਾਰੀ ਜਾਨਵਰ ਦੱਸੇ ਜਾਂਦੇ ਹਨ। ਕਰੋਨਾ ਮਹਾਮਾਰੀ ਅਤੇ ਮੰਕੀਪੌਕਸ ਹੀ ਉਹ ਹੀ ਦੋ ਬਿਮਾਰੀਆਂ ਨਹੀਂ ਜੋ ਜਾਨਵਰਾਂ ਤੋਂ ਮਨੁੱਖਾਂ ਵਿਚ ਆਈਆ ਜਾਂ ਮਨੁੱਖਾਂ ਨੂੰ ਹੋ ਰਹੀਆਂ ਹਨ। ਜੇਕਰ ਅਸੀਂ ਪਿਛੋਕੜ ਵੱਲ ਝਾਤ ਮਾਰੀਏ ਤਾਂ ਪਲੇਗ, ਸਵਾਈਨ ਫਲੂ, ਬਰਡ ਫਲੂ, ਮਲੇਰੀਆ, ਡੇਂਗੂ, ਨਿਪਾਹ, ਈਬੋਲਾ, ਜ਼ੀਕਾ ਆਦਿ ਕਿੰਨੀਆਂ ਹੀ ਬਿਮਾਰੀਆਂ ਹਨ ਜੋ ਜਾਨਵਰਾਂ ਤੋਂ ਮਨੁੱਖਾਂ ਨੂੰ ਹੋਈਆਂ ਅਤੇ ਹੋ ਰਹੀਆਂ ਹਨ। ਇਸ ਦੇ ਕਈ ਕਾਰਨ ਹਨ ਜਿਵੇਂ ਜੰਗਲਾਂ ਦੀ ਵੱਡੇ ਪੱਧਰ ਉੱਤੇ ਕਟਾਈ, ਮੌਸਮੀ ਤਬਦੀਲੀਆਂ, ਮਨੁੱਖਾਂ ਦਾ ਮੁਲਕ ਤੇ ਪਰਦੇਸ ਵਿਚ (ਇਕ ਥਾਂ ਤੋਂ ਦੂਜੇ ਥਾਂ ਜਾਣ ਦਾ ਵਧਦਾ ਰੁਝਾਨ), ਜੰਗਲੀ ਜਾਨਵਰਾਂ ਦਾ ਦਰਾਮਦ ਤੇ ਬਰਾਮਦ, ਘਰਾਂ ਵਿਚ ਜਾਨਵਰਾਂ (ਕੁੱਤੇ ਤੇ ਬਿੱਲੀਆਂ) ਨੂੰ ਪਾਲਣ (ਰੱਖਣ) ਦਾ ਤੇਜ਼ੀ ਨਾਲ ਵਧ ਰਿਹਾ ਰੁਝਾਨ ਆਦਿ ਹਨ।

ਆਰਥਿਕ ਵਿਕਾਸ ਅਤੇ ਵਪਾਰਕ ਖੇਤੀ ਲਈ ਦੁਨੀਆ ਦੇ ਲਗਭਗ ਸਾਰੇ ਮੁਲਕ ਜੰਗਲਾਂ ਦੀ ਤੇਜ਼ੀ ਨਾਲ ਕਟਾਈ ਕਰ ਰਹੇ ਹਨ। ਯੂਨਾਈਟਡ ਨੇਸ਼ਨਜ਼ ਦੀ ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਦੀ 2020 ਦੀ ਰਿਪੋਰਟ ਅਨੁਸਾਰ ਪਿਛਲੇ ਤਿੰਨ ਦਹਾਕਿਆਂ ਵਿਚ 178 ਮਿਲੀਅਨ ਹੈਕਟੇਅਰ ਤੋਂ ਜੰਗਲ ਕੱਟੇ ਜਾ ਚੁੱਕੇ ਹਨ। 2010-2015 ਦੇ ਅਰਸੇ ਦੌਰਾਨ ਪ੍ਰਤੀ ਸਾਲ 12 ਮਿਲੀਅਨ ਹੈਕਟੇਅਰ ਅਤੇ 2015-2020 ਤੱਕ 10 ਮਿਲੀਅਨ ਹੈਕਟੇਅਰ ਤੋਂ ਜੰਗਲ ਕੱਟੇ ਗਏ ਹਨ। ਜੰਗਲਾਂ ਦੀ ਤੇਜ਼ੀ ਨਾਲ ਕਟਾਈ ਕਾਰਨ ਜੰਗਲੀ ਜਾਨਵਰਾਂ ਦਾ ਵੀ ਵੱਡੇ ਪੱਧਰ ਉੱਤੇ ਉਜਾੜਾ ਹੋ ਰਿਹਾ ਹੈ। ਇਸ ਦੇ ਨਤੀਜੇ ਵਜੋਂ ਜੰਗਲਾਂ ਵਿਚੋਂ ਉਜਾੜੇ ਗਏ ਜਾਨਵਰ ਆਪਣੀਆਂ ਬਿਮਾਰੀਆਂ ਅਤੇ ਵਾਇਰਸਾਂ ਸਮੇਤ ਮਨੁੱਖੀ ਆਬਾਦੀ ਦੇ ਨੇੜੇ ਆ ਜਾਂਦੇ ਹਨ। ਇਸ ਕਾਰਨ ਮਨੁੱਖ ਜੰਗਲੀ ਜਾਨਵਰਾਂ ਦੀਆਂ ਬਿਮਾਰੀਆਂ ਦੀ ਲਪੇਟ ਵਿਚ ਆ ਜਾਂਦੇ ਹਨ। ਕਈ ਵਾਰ ਠੀਕ ਦਵਾਈ ਨਾ ਮਿਲਣ ਕਾਰਨ ਇਹ ਬਿਮਾਰੀਆਂ ਸਥਾਨਕ ਪੱਧਰ ਤੋਂ ਕੌਮੀ ਅਤੇ ਕੌਮਾਂਤਰੀ ਪੱਧਰ ਤੱਕ ਫੈਲ ਕੇ ਮਹਾਮਾਰੀ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਜਿਵੇਂ ਹਾਲ ਵਿਚ ਕਰੋਨਾ ਵਾਇਰਸ ਅਤੇ ਮੰਕੀਪੌਕਸ ਕਾਰਨ ਹੋ ਰਿਹਾ ਹੈ।

ਕੈਟਰੀਨਾ ਜਿਮਰ ਦੀ 2019 ਦੀ ਖੋਜ ਅਨੁਸਾਰ ਬਰਾਜ਼ੀਲ ਵਿਚ ਜੰਗਲ ਦੀ ਕਟਾਈ ਅਤੇ ਮਲੇਰੀਆ ਦਾ ਸਿੱਧਾ ਸਬੰਧ ਹੈ। 2003 ਤੋਂ 2015 ਤੱਕ ਜੰਗਲਾਂ ਦੀ ਕਟਾਈ ਵਿਚ ਪ੍ਰਤੀ ਸਾਲ 10 ਫ਼ੀਸਦ ਵਾਧਾ ਹੋਣ ਕਾਰਨ ਮਲੇਰੀਏ ਦੇ ਕੇਸਾਂ ਵਿਚ 3 ਫ਼ੀਸਦ ਵਾਧਾ ਹੋਇਆ ਹੈ। ਇਸੇ ਤਰ੍ਹਾਂ ਲਾਇਬੇਰੀਆ ਵਿਚ ਪਾਮ ਦੀ ਖੇਤੀ (ਵਪਾਰਕ ਖੇਤੀ) ਲਈ ਜੰਗਲਾਂ ਦੀ ਕਟਾਈ ਹੋਣ ਕਾਰਨ ਜੰਗਲਾਂ ਵਿਚਲੇ ਚੂਹਿਆਂ ਨਾਲ ਮਨੁੱਖਾਂ ਵਿਚ ਲਾਸਾ ਨਾਂ ਦਾ ਵਾਇਰਸ ਫੈਲ ਸਕਦਾ ਹੈ। ਇਹ ਵਾਇਰਸ ਈਬੋਲਾ ਵਾਇਰਸ ਵਰਗੀ ਬਿਮਾਰੀ ਮਨੁੱਖਾਂ ਵਿਚ ਫੈਲਾਉਂਦਾ ਹੈ। ਲਾਇਬੇਰੀਆ ਵਿਚ ਲਾਸਾ ਵਾਇਰਸ ਨਾਲ ਪੀੜਤ 36 ਫ਼ੀਸਦ ਲੋਕਾਂ ਦੀ ਮੌਤ ਹੋ ਗਈ ਸੀ। ਯੂਗਾਂਡਾ ਦੇ ਜੰਗਲਾਂ ਵਿਚ ਜ਼ੀਕਾ ਵਾਇਰਸ ਫੈਲਾਉਣ ਵਾਲਾ ਮੱਛਰ ਹੈ। ਇਹ ਲੱਖਾਂ ਲੋਕਾਂ ਨੂੰ ਬਿਮਾਰ ਕਰ ਸਕਦਾ ਹੈ। ਇਹ ਵਾਇਰਸ ਸ਼ਹਿਰਾਂ ਵਿਚ ਤੇਜ਼ੀ ਨਾਲ ਫੈਲਦਾ ਹੈ।

ਕਾਰਸਨ ਅਤੇ ਉਸ ਦੇ ਸਾਥੀ ਖੋਜਾਰਥੀਆਂ ਦੇ ਅਧਿਐਨ ਅਨੁਸਾਰ ਜੰਗਲੀ ਜਾਨਵਰਾਂ ਵਿਚ ਘੱਟੋ-ਘੱਟ 10000 ਵਾਇਰਸ ਅਜਿਹੇ ਹਨ ਜੋ ਮਨੁੱਖਾਂ ਨੂੰ ਜਾਨਵਰਾਂ ਤੋਂ ਹੋ ਸਕਦੇ ਹਨ ਪਰ ਹਾਲੇ ਉਹ ਜੰਗਲੀ ਜਾਨਵਰਾਂ ਵਿਚ ਹੀ ਘੁੰਮ ਰਹੇ ਹਨ। ਜੇਕਰ ਮੌਸਮ ਅਤੇ ਜ਼ਮੀਨ ਦੀ ਵਰਤੋਂ ਵਿਚ ਮਨੁੱਖ ਹੋਰ ਤਬਦੀਲੀਆਂ ਕਰਦਾ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਵਿਚ ਉਹ ਵਾਇਰਸ ਵੀ ਮਨੁੱਖ ਨੂੰ ਆਪਣੀ ਲਪੇਟ ਵਿਚ ਲੈ ਸਕਦੇ ਹਨ।

ਵਿਗਿਆਨੀ ਲੰਮੇ ਸਮੇਂ ਤੋਂ ਇਹ ਵੀ ਚਿਤਾਵਨੀ ਦੇ ਰਹੇ ਹਨ ਕਿ ਧਰਤੀ ਦੇ ਔਸਤ ਤਾਪਮਾਨ ਵਿਚ ਵਾਧੇ ਨਾਲ ਠੰਢੇ ਜਾਣੇ ਜਾਂਦੇ ਮੁਲਕਾਂ ਵਿਚ ਗਰਮ ਮੁਲਕਾਂ ਵਿਚ ਹੋਣ ਵਾਲੀਆਂ ਬਿਮਾਰੀਆਂ ਜੋ ਜੰਗਲਾਂ ਵਿਚ ਮਿਲਣ ਵਾਲੇ ਮੱਛਰਾਂ, ਚਮਗਾਦੜਾਂ ਵਰਗੇ ਜਾਨਵਰਾਂ ਤੋਂ ਹੁੰਦੀਆਂ ਹਨ, ਉਹ ਤੇਜ਼ੀ ਨਾਲ ਫੈਲ ਸਕਦੀਆਂ ਹਨ। ਦਿ ਲੈਨਸੇਟ ਪਲੈਨੇਟਰੀ ਹੈਲਥ ਜਨਰਲ ਵਿਚ ਪ੍ਰਕਾਸ਼ਿਤ ਅਧਿਐਨ (2021) ਅਨੁਸਾਰ 2080 ਤੱਕ ਦੁਨੀਆ ਦੀ ਲਗਭਗ 90 ਫ਼ੀਸਦ ਆਬਾਦੀ ਨੂੰ ਮਲੇਰੀਆ ਅਤੇ ਡੇਂਗੂ ਬੁਖਾਰ ਹੋ ਸਕਦਾ ਹੈ। ਅਮਰੀਕਾ ਦੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਅਨੁਸਾਰ 21ਵੀਂ ਸਦੀ ਵਿਚ ਮਨੁੱਖੀ ਆਬਾਦੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਬਿਮਾਰੀਆਂ ਵਿਚੋਂ 7 ਫ਼ੀਸਦ ਬਿਮਾਰੀਆਂ ਜਾਨਵਰਾਂ ਤੋਂ ਮਨੁੱਖਾਂ ਵਿਚ ਆਈਆਂ ਹੋਣਗੀਆਂ।

ਧਰਤੀ ਦੇ ਔਸਤ ਤਾਪਮਾਨ ਵਿਚ ਵਾਧੇ ਨਾਲ ਠੰਢੇ ਖੇਤਰਾਂ ਦੇ ਮੌਸਮ ਵਿਚ ਤਬਦੀਲੀ ਆਉਣ ਕਾਰਨ ਉੱਥੇ ਵੀ ਤਾਪਮਾਨ ਵਿਚ ਵਾਧਾ ਹੋਣ ਲੱਗ ਪਿਆ ਹੈ। ਗਰਮ ਖੇਤਰਾਂ ਦੇ ਜਾਨਵਰ ਉੱਥੋਂ ਦੇ ਤਾਪਮਾਨ ਵਿਚ ਵਾਧਾ ਹੋਣ ਕਰਕੇ ਉਨ੍ਹਾਂ ਖੇਤਰਾਂ ਵਿਚ ਜਾਣੇ ਸ਼ੁਰੂ ਹੋ ਗਏ ਹਨ ਜਿੱਥੇ ਉਨ੍ਹਾਂ ਨੂੰ ਸਰੀਰਕ ਲੋੜ ਅਨੁਸਾਰ ਤਾਪਮਾਨ ਮਿਲਦਾ ਹੈ। ਜਾਨਵਰਾਂ ਦੇ ਪਰਵਾਸ ਨਾਲ ਉਨ੍ਹਾਂ ਦੀਆਂ ਬਿਮਾਰੀਆਂ ਅਤੇ ਵਾਇਰਸ ਨਾਲ ਹੀ ਦੂਜੇ ਖੇਤਰਾਂ ਵਿਚ ਜਾ ਕੇ ਬਿਮਾਰੀਆਂ ਫੈਲਾ ਦਿੰਦੇ ਹਨ ਪਰ ਉਨ੍ਹਾਂ ਖੇਤਰਾਂ ਦੇ ਲੋਕ ਨਵੀਆਂ ਬਿਮਾਰੀਆਂ ਨੂੰ ਸਹਿਣ ਦੇ ਸਮਰੱਥ ਨਹੀਂ ਹੁੰਦੇ। ਇਸ ਲਈ ਇਹ ਨਵੀਆਂ ਬਿਮਾਰੀਆਂ ਉਨ੍ਹਾਂ ਲਈ ਬਹੁਤ ਘਾਤਕ ਸਿੱਧ ਹੋ ਸਕਦੀਆਂ ਹਨ।

ਤਕਨੀਕੀ ਵਿਕਾਸ ਕਾਰਨ ਆਵਾਜਾਈ ਦੇ ਸਾਧਨਾਂ ਵਿਚ ਹੈਰਾਨੀਜਨਕ ਉੱਨਤੀ ਹੋਈ ਹੈ। ਹੁਣ ਅਸੀਂ ਹਵਾਈ ਜਹਾਜ਼ਾਂ ਰਾਹੀਂ ਦਿਨਾਂ ਅਤੇ ਮਹੀਨਿਆਂ ਦਾ ਸਫ਼ਰ ਘੰਟਿਆਂ ਅਤੇ ਦਿਨਾਂ ਵਿਚ ਕਰ ਸਕਦੇ ਹਾਂ। ਪਹਿਲਾਂ ਕਰੋਨਾ ਵਾਇਰਸ ਚੀਨ ਤੋਂ ਸ਼ੁਰੂ ਹੋ ਕੇ ਦੁਨੀਆ ਦੇ ਲਗਭਗ ਸਾਰੇ ਮੁਲਕਾਂ ਵਿਚ ਫੈਲ ਕੇ ਮਹਾਮਾਰੀ ਦਾ ਰੂਪ ਧਾਰਨ ਕਰ ਗਿਆ। ਹੁਣ ਮੰਕੀਪੌਕਸ ਵੀ ਤੇਜ਼ੀ ਨਾਲ ਉਨ੍ਹਾਂ ਮੁਲਕਾਂ ਵਿਚ ਵੀ ਫੈਲ ਰਿਹਾ ਹੈ ਜਿੱਥੇ ਪਹਿਲਾਂ ਇਹ ਬਿਮਾਰੀ ਕਦੇ ਹੋਈ ਨਹੀਂ ਸੀ। ਇਸ ਦਾ ਮੁੱਖ ਕਾਰਨ ਹੈ ਕਿ ਕਿਸੇ ਵੀ ਲਾਗ ਦੀ ਬਿਮਾਰੀ ਨਾਲ ਸੰਕਰਮਿਤ ਮਨੁੱਖ ਜਦੋਂ ਇਕ ਥਾਂ ਤੋਂ ਦੂਜੇ ਥਾਂ ਜਾਂਦਾ ਹੈ ਤਾਂ ਉੱਥੇ (ਨਵੀਂ ਥਾਂ) ਵੀ ਉਹ ਬਿਮਾਰੀ ਫੈਲਾ ਦਿੰਦਾ ਹੈ। ਪਹਿਲਾਂ ਆਵਾਜਾਈ ਦੇ ਸਾਧਨ ਇੰਨੇ ਵਿਕਸਤ ਨਹੀਂ ਸਨ। ਇਸ ਲਈ ਕੋਈ ਵੀ ਬਿਮਾਰੀ ਜਿਸ ਖੇਤਰ ਵਿਚ ਹੁੰਦੀ ਸੀ, ਉੱਥੇ ਹੀ ਕੁਝ ਦਿਨਾਂ ਵਿਚ ਖ਼ਤਮ ਹੋ ਜਾਂਦੀ ਸੀ ਪਰ ਹੁਣ ਹਵਾਈ ਯਾਤਰਾ ਰਾਹੀਂ ਤੇਜ਼ੀ ਨਾਲ ਇਕ ਦੂਜੇ ਥਾਂ ਉੱਤੇ ਫੈਲ ਜਾਂਦੀ ਹੈ।

ਜਾਨਵਰਾਂ ਦੇ ਦਰਾਮਦ ਜਾਂ ਬਰਾਮਦ ਕਰਨ ਸਮੇਂ ਜਾਨਵਰਾਂ ਉੱਤੇ ਪਲਣ ਵਾਲੇ ਜੀਵ ਅਤੇ ਵਾਇਰਸ ਵੀ ਉਨ੍ਹਾਂ ਨਾਲ ਹੀ ਦੂਜੇ ਥਾਵਾਂ ਉੱਤੇ ਚਲੇ ਜਾਂਦੇ ਹਨ ਅਤੇ ਉੱਥੇ ਜਾ ਕੇ ਬਿਮਾਰੀਆਂ ਫੈਲਾ ਦਿੰਦੇ ਹਨ। ਇਕ ਹੋਰ ਅਨੋਖਾ ਰੁਝਾਨ ਅੱਜ ਕੱਲ੍ਹ ਸਾਹਮਣੇ ਆ ਰਿਹਾ ਹੈ। ਲੋਕਾਂ ਵਿਚ ਵੱਖ ਵੱਖ ਕਿਸਮਾਂ ਦੇ ਕੁੱਤੇ ਅਤੇ ਬਿੱਲੀਆਂ ਪਾਲਣ ਦਾ ਰੁਝਾਨ ਵਧ ਰਿਹਾ ਹੈ। ਕਈ ਘਰਾਂ ਵਿਚ ਇਕ ਤੋਂ ਵੀ ਵੱਧ ਕੁੱਤੇ ਅਤੇ ਬਿੱਲੀਆਂ ਰੱਖੇ ਹੁੰਦੇ ਹਨ। ਇਹ ਲੋਕ ਪਾਲਤੂ ਜਾਨਵਰਾਂ (ਕੁੱਤੇ, ਬਿੱਲੀਆਂ) ਨੂੰ ਆਪਣੇ ਨਾਲ ਸਲਾਉਂਦੇ ਅਤੇ ਬਿਠਾਉਂਦੇ ਹਨ, ਪਿਆਰਦੇ ਤਾਂ ਹਨ ਹੀ। ਉਸ ਸਮੇਂ ਉਹ ਭੁੱਲ ਜਾਂਦੇ ਹਨ ਕਿ ਜਾਨਵਰਾਂ ਦੀਆਂ ਬਿਮਾਰੀਆਂ ਅਤੇ ਵਾਇਰਸ ਵੱਖਰੇ ਹੁੰਦੇ ਹਨ ਜੋ ਉਨ੍ਹਾਂ ਨੂੰ ਘਾਤਕ ਬਿਮਾਰੀਆਂ ਦੇ ਸਕਦੇ ਹਨ। ਜਾਨਵਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਵੱਡੀ ਪੱਧਰ ਉੱਤੇ ਫੈਲ ਸਕਦੀਆਂ ਹਨ।

ਜੰਗਲੀ ਜਾਨਵਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਜੰਗਲਾਂ ਨੂੰ ਕੱਟਣ ਦੀ ਥਾਂ ਉੱਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਜੰਗਲਾਂ ਥੱਲੇ ਰਕਬਾ ਵਧਾ ਕੇ ਜੰਗਲੀ ਜਾਨਵਰਾਂ ਨੂੰ ਸੁਰੱਖਿਅਤ ਬਸੇਰੇ ਮੁਹੱਈਆ ਕਰਵਾਉਣੇ ਚਾਹੀਦੇ ਹਨ। ਧਰਤੀ ਦੇ ਔਸਤ ਤਾਪਮਾਨ ਵਿਚ ਹੋ ਰਹੇ ਵਾਧੇ ਨੂੰ ਕਾਬੂ ਕਰਨ ਲਈ ਜੰਗਲਾਂ ਦੇ ਥੱਲੇ ਰਕਬਾ ਵਧਾਉਣ ਦੇ ਨਾਲ ਨਾਲ ਪ੍ਰਾਈਵੇਟ ਵਾਹਨਾਂ ਦੀ ਗਿਣਤੀ ਘਟਾਉਣ ਲਈ ਜਨਤਕ ਆਵਾਜਾਈ ਦੇ ਸਾਧਨਾਂ ਮੁਹੱਈਆ ਕਰਵਾਉਣੇ ਚਾਹੀਦੇ ਹਨ। ਗਰੀਨਹਾਊਸ ਗੈਸਾਂ ਦੀ ਨਿਕਾਸੀ ਘਟਾਉਣ ਲਈ ਊਰਜਾ ਕੋਲੇ ਅਤੇ ਤੇਲ ਤੋਂ ਪੈਦਾ ਕਰਨ ਦੀ ਥਾਂ ਉੱਤੇ ਹਵਾ, ਪਾਣੀ, ਅਤੇ ਸੂਰਜ ਤੋਂ ਪੈਦਾ ਕਰਨੀ ਚਾਹੀਦੀ ਹੈ। ਕਿਸੇ ਵੀ ਲਾਗ ਦੀ ਬਿਮਾਰੀ ਨਾਲ ਸੰਕਰਮਿਤ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਬਿਮਾਰੀ ਠੀਕ ਹੋਣ ਤੋਂ ਬਾਅਦ ਹੀ ਯਾਤਰਾ ਕਰੇ ਤਾਂ ਕਿ ਬਿਮਾਰੀ ਮਹਾਮਾਰੀ ਨਾ ਬਣ ਸਕੇ।

ਇਸ ਦੇ ਨਾਲ ਹਰ ਖੇਤਰ/ਮੁਲਕ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਕਿਸੇ ਵੀ ਲਾਗ ਦੀ ਬਿਮਾਰੀ ਨਾਲ ਸੰਕਰਮਿਤ ਵਿਅਕਤੀਆਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਟੈਸਟ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਕਿ ਉਨ੍ਹਾਂ ਦੀ ਬਿਮਾਰੀ ਮਹਾਮਾਰੀ ਨਾ ਬਣ ਸਕੇ। ਸ਼ੌਕ ਜਾਂ ਚਿੜੀਆਘਰ ਲਈ ਦਰਾਮਦ ਜਾਂ ਬਰਾਮਦ ਕੀਤੇ ਜਾਂਦੇ ਜਾਨਵਰ ਦੀ ਡਾਕਟਰੀ ਜਾਂਚ ਕਰਵਾਉਣੀ ਯਕੀਨੀ ਬਣਾਉਣੀ ਚਾਹੀਦੀ ਹੈ। ਆਪਣੀ ਚੰਗੀ ਸਿਹਤ ਲਈ ਸਾਰੇ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਘਰਾਂ ਵਿਚ ਪਾਲਤੂ ਜਾਨਵਰ ਰੱਖਣ ਤੋਂ ਗੁਰੇਜ਼ ਕਰਨ ਕਿਉਂਕਿ ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਬਹੁਤ ਘਾਤਕ ਹੁੰਦੀਆਂ ਹਨ। ਇਨ੍ਹਾਂ ਬਿਮਾਰੀਆਂ ਦੀ ਦਵਾਈ ਜਾਂ ਵੈਕਸੀਨ ਬਣਾਉਣ ਲਈ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ।