ਜਾਤੀਸੂਚਕ ਸ਼ਬਦ ਮਾਮਲਾ: ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕਰਨ ’ਤੇ ਅੜੀ ਜਥੇਬੰਦੀ

ਜਾਤੀਸੂਚਕ ਸ਼ਬਦ ਮਾਮਲਾ: ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕਰਨ ’ਤੇ ਅੜੀ ਜਥੇਬੰਦੀ

ਚੰਡੀਗੜ੍ਹ- ਇੱਥੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੈਕਟਰ-18 ਦੀ ਪ੍ਰਿੰਸੀਪਲ ਰਾਜ ਬਾਲਾ ਵੱਲੋਂ ਕਥਿਤ ਤੌਰ ’ਤੇ ਇਕ ਅਧਿਆਪਕਾ ਨੂੰ ਜਾਤੀਸੂਚਕ ਸ਼ਬਦ ਕਹੇ ਜਾਣ ਦਾ ਮਾਮਲਾ ਭੱਖ ਗਿਆ ਹੈ। ਇਸ ਮਾਮਲੇ ’ਤੇ ਐੱਸਸੀ ਜਥੇਬੰਦੀਆਂ ਨੇ ਅੱਜ ਮਟਕਾ ਚੌਕ ’ਚ ਪ੍ਰਦਰਸ਼ਨ ਕੀਤਾ ਤੇ ਪ੍ਰਿੰਸੀਪਲ ਰਾਜ ਬਾਲਾ ਨੂੰ ਗ੍ਰਿਫ਼ਤਾਰ ਨਾ ਕਰਨ ’ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜਥੇਬੰਦੀ ਦੇ ਮੈਂਬਰਾਂ ਦੀ ਪੁਲੀਸ ਨਾਲ ਤਕਰਾਰ ਵੀ ਹੋਈ। ਪੁਲੀਸ ਨੇ ਜਥੇਬੰਦੀ ਦੇ ਮੈਂਬਰਾਂ ਨੂੰ ਅੱਗੇ ਵਧਣ ਤੋਂ ਰੋਕਿਆ ਅਤੇ ਉਨ੍ਹਾਂ ਨਾਲ ਧੱਕਾ-ਮੁੱਕੀ ਵੀ ਕੀਤੀ ਗਈ।

ਦੱਸਣਾ ਬਣਦਾ ਹੈ ਕਿ ਇਹ ਮਾਮਲਾ ਉਕਤ ਸਕੂਲ ਵਿੱਚ ਗਣਤੰਤਰ ਦਿਵਸ ਸਬੰਧੀ ਸਮਾਗਮ ਮੌਕੇ ਵਾਪਰਿਆ ਸੀ ਅਤੇ ਪੁਲੀਸ ਨੇ 23 ਫਰਵਰੀ ਨੂੰ ਪ੍ਰਿੰਸੀਪਲ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਸਕੂਲ ਸਿੱਖਿਆ ਵਿਭਾਗ ਨੇ ਇਸ ਸਕੂਲ ਦਾ ਚਾਰਜ ਸੈਕਟਰ-21 ਦੇ ਪ੍ਰਿੰਸੀਪਲ ਨੂੰ ਦੇ ਦਿੱਤਾ ਹੈ ਅਤੇ ਪ੍ਰਿੰਸੀਪਲ ਰਾਜ ਬਾਲਾ ਲੰਬੀ ਛੁੱਟੀ ’ਤੇ ਚਲੀ ਗਈ ਹੈ। ਇਸ ਮੌਕੇ ਜਥੇਬੰਦੀਆਂ ਨੇ ਪ੍ਰਿੰਸੀਪਲ ਨੂੰ ਉਸ ਦੇ ਪਿਤਰੀ ਰਾਜ ਹਰਿਆਣਾ ਭੇਜਣ ਦੀ ਮੰਗ ਕੀਤੀ।

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸੈਕਟਰ 18 ਦੀ ਇਕ ਅਧਿਆਪਕਾ ਨੇ ਪ੍ਰਿੰਸੀਪਲ ਉੱਤੇ ਜਾਤੀਸੂਚਕ ਸ਼ਬਦ ਬੋਲਣ ਦਾ ਦੋਸ਼ ਲਾਇਆ ਸੀ। ਇਸ ਅਧਿਆਪਕਾ ਨੇ ਇਸ ਸਬੰਧੀ ਐੱਸਸੀ/ਐੱਸਟੀ ਕਮਿਸ਼ਨ ਦੇ ਚੇਅਰਮੈਨ ਅਤੇ ਚੰਡੀਗੜ੍ਹ ਦੇ ਸਲਾਹਕਾਰ ਤੋਂ ਇਲਾਵਾ ਸਿੱਖਿਆ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਸੀ। ਉਸ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਇਸ ਸਰਕਾਰੀ ਸਕੂਲ ਵਿੱਚ ਗਣਤੰਤਰ ਦਿਵਸ ਸਮਾਗਮ ਮੌਕੇ ਪ੍ਰਿੰਸੀਪਲ ਨੇ ਧੱਕੇ ਨਾਲ ਆਪਣਾ ਸਨਮਾਨ ਕਰਵਾਉਣ ਲਈ ਉਸ ਨੂੰ ਧਮਕਾਇਆ ਸੀ। ਦੂਜੇ ਪਾਸੇ ਸਕੂਲ ਪ੍ਰਿੰਸੀਪਲ ਰਾਜ ਬਾਲਾ ਦਾ ਕਹਿਣਾ ਹੈ ਕਿ ਅਧਿਆਪਕਾ ਵੱਲੋਂ ਜੋ ਦੋਸ਼ ਲਾਏ ਗਏ ਹਨ ਉਹ ਸਾਰੇ ਗਲਤ ਤੇ ਮਨਘੜਤ ਹਨ। ਉਨ੍ਹਾਂ ਸਿਰਫ ਗਣਤੰਤਰ ਦਿਵਸ ਸਮਾਗਮ ਮੌਕੇ ਪ੍ਰਬੰਧਾਂ ਬਾਰੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਸੀ ਤੇ ਕਿਸੇ ਨੂੰ ਵੀ ਧਮਕੀਆਂ ਨਹੀਂ ਦਿੱਤੀਆਂ।

ਦੂਜੇ ਪਾਸੇ ਪ੍ਰਿੰਸੀਪਲ ਰਾਜ ਬਾਲਾ ਦੇ ਹੱਕ ਵਿੱਚ ਵੀ ਕਈ ਜਥੇਬੰਦੀਆਂ ਆ ਗਈਆਂ ਹਨ।

ਉਨ੍ਹਾਂ ਪ੍ਰਿੰਸੀਪਲ ਦੇ ਹੱਕ ਵਿੱਚ ਦਸਤਖ਼ਤੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸ ਮੁਹਿੰਮ ਵਿੱਚ ਪ੍ਰਿੰਸੀਪਲ ਦੇ ਹੱਕ ਵਿੱਚ ਵੱਡੀ ਗਿਣਤੀ ਲੋਕ ਜੁੜ ਗਏ ਹਨ, ਜਿਨ੍ਹਾਂ ਨੇ ਇਸ ਮਾਮਲੇ ਦੀ ਮੁੜ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਵੀ ਇਸ ਮਾਮਲੇ ਦੀ ਮੁੜ ਜਾਂਚ ਕਰਵਾਏ। ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਦੇ ਅਧਿਆਪਕਾਂ ਦੀ ਵੀ ਫੀਡਬੈਕ ਲਈ ਜਾਵੇ।