ਜਾਗਤ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਜਾਗਤ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਗੁਰਪ੍ਰੀਤ ਸਿੰਘ ਨਿਆਮੀਆਂ
ਸ੍ਰੀ ਗੁਰੂ ਨਾਨਕ ਦੇਵ ਜੀ ਮਗਰੋਂ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੀ ਰਚਨਾ ਕੀਤੀ ਅਤੇ ਇਸ ਨੂੰ ਸਾਂਭਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਦੇਸ਼ ਭਰ ’ਚ ਘੁੰਮ ਕੇ ਜਿਥੇ ਪਾਪੀ ਰੂਹਾਂ ਨੂੰ ਤਾਰਿਆ ਅਤੇ ਹੱਕ ਸੱਚ ਦਾ ਹੋਕਾ ਦਿੱਤਾ, ਉਥੇ ਉਨ੍ਹਾਂ ਦੇਸ਼ ਭਰ ਦੇ ਮਹਾਨ ਸੰਤਾਂ ਮਹਾਪੁਰਸ਼ਾਂ ਦੀ ਬਾਣੀ ਇਕੱਤਰ ਕਰਨ ਦਾ ਵੱਡਾ ਕਾਰਜ ਵੀ ਕੀਤਾ। ਇਹੋ ਬਾਣੀ ਅੱਗੇ ਤੋਂ ਅੱਗੇ ਅਗਲੇ ਗੁਰੂ ਸਾਹਿਬਾਨ ਨੂੰ ਵਿਰਾਸਤ ’ਚ ਮਿਲਦੀ ਗਈ। ਸ੍ਰੀ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਵਲੋਂ ਜਦੋਂ ਇਹ ਦਾਅਵਾ ਜਤਾਇਆ ਗਿਆ ਕਿ ਗੁਰੂਗੱਦੀ ’ਤੇ ਉਸਦਾ ਜੱਦੀ ਹੱਕ ਹੈ ਤਾਂ ਗੁਰੂ ਜੀ ਨੇ ਉਸਨੂੰ ਭਾਵੇਂ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਸੀ ਕਿ ਗੁਰੂਗੱਦੀ ਪਰਿਵਾਰਾਂ ਨੂੰ ਵਿਰਾਸਤ ’ਚ ਨਹੀਂ ਮਿਲ ਸਕਦੀ ਪਰ ਇਸਦੇ ਬਾਵਜੂਦ ਪ੍ਰਿਥੀ ਚੰਦ ਨੇ ਵਿਰੋਧ ਦਾ ਰਸਤਾ ਨਹੀਂ ਛੱਡਿਆ। ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਨਕਲੀ ਬਾਣੀ ਵੀ ਰਚੀ ਜਾਣ ਲੱਗ ਪਈ ਸੀ। ਸ਼ਬਦ ਦੇ ਅਖੀਰ ’ਚ ਨਾਂ ਅਸਲ ਬਾਣੀ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਲਿਖਿਆ ਜਾਂਦਾ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਬਾਣੀ ਨੂੰ ਸ਼ੁੱਧ ਰੂਪ ’ਚ ਰੱਖਣ ਲਈ ਅਤੇ ਜਨਤਾ ਦੇ ਪਰਉਪਕਾਰ ਲਈ ਇਕ ਬਹੁਤ ਵੱਡਾ ਫੈਸਲਾ ਲਿਆ। ਉਹ ਫੈਸਲਾ ਸੀ ਸਮੁੱਚੀ ਬਾਣੀ ਨੂੰ ਇਕ ਗ੍ਰੰਥ ਸਾਹਿਬ ਜੀ ’ਚ ਇਕੱਤਰ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਵੇਲੇ ਪੋਥੀ ਸਾਹਿਬ ਕਿਹਾ ਜਾਂਦਾ ਸੀ। ਇਹ ਮਹਾਨ ਕਾਰਜ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਗਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਮਸਰ ਦੇ ਕਿਨਾਰੇ ਪੋਥੀ ਸਾਹਿਬ ਲਿਖਣ ਦਾ ਕਾਰਜ ਆਰੰਭਿਆ। ਸ੍ਰੀ ਗੁਰੂ ਅਰਜਨ ਦੇਵ ਜੀ ਅੱਗੇ ਇਹ ਇਕ ਬਹੁਤ ਵੱਡਾ ਕਾਰਜ ਸੀ, ਜਿਸ ’ਚ ਸਾਰੀ ਬਾਣੀ ਦਾ ਨਿਖੇੜਾ ਕਰਕੇ ਸ਼ੁੱਧ ਬਾਣੀ ਦੀ ਚੋਣ ਕਰਨਾ ਅਤੇ ਸੰਤਾਂ ਮਹਾਪੁਰਸ਼ਾਂ ਦੀ ਬਾਣੀ ਸ਼ੁੱਧ ਰੂਪ ’ਚ ਸੰਗ੍ਰਹਿ ਕਰਨਾ ਸੀ। ਅਖੀਰ ਕਈ ਮਹੀਨਿਆਂ ਦੀ ਮਿਹਨਤ ਸਦਕਾ 1604 ਈਂ ’ਚ ਪੋਥੀ ਸਾਹਿਬ ਦਾ ਸੰਪਾਦਨ ਮੁਕੰਮਲ ਹੋ ਗਿਆ। ਇਕ ਗੱਲ ਪਾਠਕਾਂ ਨਾਲ ਹੋਰ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਵਿਖੇ ਆਪਣੀ ਗੋਦ ’ਚ ਲੈ ਕੇ ਇਹ ਪਵਿੱਤਰ ਬਚਨ ਕੀਤੇ ਸਨ, ‘‘ਦੋਹਿਤਾ ਬਾਣੀ ਕਾ ਬੋਹਿਥਾ’’ ਤਾਂ ਜਾਣੀ ਜਾਣ ਸਤਿਗੁਰੂ ਨੂੰ ਇਹ ਗੱਲ ਭਲੀ ਭਾਂਤ ਪਤਾ ਸੀ ਕਿ ਉਨ੍ਹਾਂ ਦਾ ਦੋਹਤਰਾ ਬਾਣੀ ਦੀ ਬਹੁਤ ਰਚਨਾ ਕਰੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਨਾਨਾ ਗੁਰੂ ਜੀ ਦੇ ਵਚਨਾਂ ਨੂੰ ਪੂਰਾ ਕਰਦਿਆਂ ਬਹੁਤ ਸਾਰੀ ਬਾਣੀ ਰਚੀ। ਆਪ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਵਾਂਗ 30 ਰਾਗਾਂ ’ਚ ਬਾਣੀ ਦੀ ਰਚਨਾ ਕੀਤੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਚੇ 1345 ਸ਼ਬਦ, 62 ਅਸ਼ਟਪਦੀਆਂ, 62 ਛੰਤ, 6 ਵਾਰਾਂ (ਵਾਰਾਂ ਦੀਆਂ 110 ਪਉੜੀਆਂ ਹਨ ਅਤੇ 7 ਹੋਰ ਪੌੜੀਆਂ ਗਉੜੀ, ਸਾਰੰਗ ਤੇ ਮਲ੍ਹਾਰ ਦੀ ਵਾਰ ਵਿਚ ਰਚੀਆਂ), 277 ਸਲੋਕ (13 ਹੋਰ ਸਲੋਕ ਆਪ ਜੀ ਨੇ ਰਚੇ, 8 ਬਾਬਾ ਫਰੀਦ ਜੀ ਦੇ ਸਲੋਕਾਂ ਵਿਚ ਅਤੇ 5 ਭਗਤ ਕਬੀਰ ਜੀ ਦੇ ਸਲੋਕ) ਰਚੇ। ਇਸ ਤੋਂ ਇਲਾਵਾ ਪਹਿਰੇ, ਬਾਰਹਮਾਹਾ, ਦਿਨ ਰੈਣਿ, ਬਾਵਨ ਅੱਖਰੀ, ਸੁਖਮਨੀ ਸਾਹਿਬ, ਥੀਤੀ, ਬਿਰਹੜੇ, ਗੁਣਵੰਤੀ, ਰਾਗ ਮਾਰੂ ’ਚ ਅੰਜਲੀਆਂ ਤੇ ਸੋਹਲੇ, ਰਾਗਾਂ ਦੀ ਸਮਾਪਤੀ ’ਤੇ 67 ਸਹਸਕ੍ਰਿਤੀ ਸਲੋਕ, 24 ਸਲੋਕ ਗਾਥਾ, ਫੁਨਹੇ ਦੇ 24, ਚਉਬੋਲੇ ਦੇ 11 ਸ਼ਬਦ ਅਤੇ 20 ਸਵੱਈਆ ਆਦਿ ਦੀ ਰਚਨਾ ਵੀ ਕੀਤੀ। ਇੰਝ ਆਪ ਜੀ ਦੇ ਰਚੇ ਹੋਏ ਕੁੱਲ 2218 ਸ਼ਬਦ ਤੇ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ (974 ਸ਼ਬਦ ਤੇ ਸਲੋਕ), ਸ੍ਰੀ ਗੁਰੂ ਅੰਗਦ ਦੇਵ ਜੀ (62 ਸਲੋਕ), ਸ੍ਰੀ ਗੁਰੂ ਅਮਰਦਾਸ ਜੀ (907 ਪਦ ਤੇ ਸਲੋਕ), ਸ੍ਰੀ ਗੁਰੂ ਰਾਮ ਦਾਸ ਜੀ (679 ਪਦ ਤੇ ਸਲੋਕ), ਸ੍ਰੀ ਗੁਰੂ ਅਰਜਨ ਦੇਵ ਜੀ (2218 ਪਦ ਤੇ ਸਲੋਕ), ਸ੍ਰੀ ਗੁਰੂ ਤੇਗ ਬਹਾਦਰ ਜੀ (115 ਪਦ ਤੇ ਸਲੋਕ) ਦੀ ਬਾਣੀ ਸ਼ਾਮਲ ਹੈ। ਕੁੱਝ ਇਤਿਹਾਸਕਾਰ ਮੰਨਦੇ ਹਨ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ’ਚ ਇਕ ਦੋਹਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਹੈ ਪਰ ਬਹੁਤ ਇਤਿਹਾਸਕਾਰ ਇਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਲਿਖਿਆ ਹੀ ਮੰਨਦੇ ਹਨ।
ਇਸ ਤੋਂ ਇਲਾਵਾ ਭਗਤ ਜੈਦੇਵ (2 ਸ਼ਬਦ), ਸ਼ੇਖ ਫਰੀਦ (130 ਸਲੋਕ, 4 ਸ਼ਬਦ), ਭਗਤ ਤਿਰਲੋਚਨ ਜੀ (4 ਸ਼ਬਦ), ਭਗਤ ਨਾਮਦੇਵ ਜੀ (60 ਸ਼ਬਦ), ਭਗਤ ਰਾਮਾਨੰਦ ਜੀ (1 ਸ਼ਬਦ), ਭਗਤ ਸਧਨਾ ਜੀ (1 ਸ਼ਬਦ), ਭਗਤ ਬੇਣੀ ਜੀ (1 ਸ਼ਬਦ), ਭਗਤ ਰਵਿਦਾਸ ਜੀ (41 ਸ਼ਬਦ), ਭਗਤ ਕਬੀਰ ਜੀ (292 ਸ਼ਬਦ, 249 ਸਲੋਕ), ਭਗਤ ਧੰਨਾ ਜੀ (4 ਸ਼ਬਦ), ਭਗਤ ਪੀਪਾ ਜੀ (1 ਸ਼ਬਦ), ਭਗਤ ਸੇਨ ਜੀ (1 ਸ਼ਬਦ), ਭਗਤ ਪਰਮਾਨੰਦ (1 ਸ਼ਬਦ), ਭਗਤ ਸੂਰਦਾਸ (1 ਸ਼ਬਦ), ਭਗਤ ਭੀਖਨ ਜੀ (2 ਸ਼ਬਦ), ਭਾਈ ਮਰਦਾਨਾ ਜੀ (3 ਸਲੋਕ), ਬਾਬਾ ਸੁੰਦਰ ਜੀ (6 ਪਉੜੀਆਂ), ਡੂਮ ਸੱਤਾ ਤੇ ਰਾਏ ਬਲਵੰਡ (8 ਪਦੇ, ਭਾਵ ਇਕ ਵਾਰ) ਦੀ ਬਾਣੀ ਨੂੰ ਵੀ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਸਨਮਾਨ ਤੇ ਸਤਿਕਾਰ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ 11 ਭੱਟਾਂ ਕਲਸਹਾਰ, ਜਾਲਪ, ਕੀਰਤ, ਸੱਲ, ਭੱਲ, ਨੱਲ, ਮਥੁਰਾ, ਗਯੰਦ, ਭੀਖਾ, ਬੱਲ ਅਤੇ ਹਰਬੰਸ ਜੀ ਦੇ 123 ਸਵੱਈਏ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤੇ ਗਏ ਹਨ।
ਭਗਤ ਜੈਦੇਵ ਜੀ ਬੰਗਾਲ ਦੇ ਬੀਰਭੂਮ ਜ਼ਿਲੇ ਦੇ ਪਿੰਡ ਕੰਦੂਲੀ, ਸ਼ੇਖ ਫਰੀਦ ਜੀ ਜ਼ਿਲਾ ਮੁਲਤਾਨ, ਭਗਤ ਤਿਰਲੋਚਨ ਜੀ ਸ਼ੋਲਾਪੁਰ ਜ਼ਿਲੇ ਦੇ ਪਿੰਡ ਬਾਰਸੀ, ਭਗਤ ਨਾਮਦੇਵ ਜੀ ਜ਼ਿਲਾ ਸਿਤਾਰਾ ਦੇ ਪਿੰਡ ਨਰਸੀ ਬਾਮਣੀ (ਮਹਾਰਾਸ਼ਟਰ), ਭਗਤ ਰਾਮਾਨੰਦ ਜੀ ਉੱਤਰ ਪ੍ਰਦੇਸ਼, ਭਗਤ ਸਧਨਾ ਜੀ ਸਿੰਧ, ਭਗਤ ਰਵਿਦਾਸ ਜੀ ਬਨਾਰਸ, ਭਗਤ ਕਬੀਰ ਜੀ ਬਨਾਰਸ, ਭਗਤ ਧੰਨਾ ਜੀ ਪਿੰਡ ਧੁਆਨ (ਰਾਜਸਥਾਨ), ਭਗਤ ਪੀਪਾ ਜੀ ਗੁਜਰਾਤ (ਰਿਆਸਤ ਗਗਰੌਨਗੜ੍ਹ ਦੇ ਰਾਜਾ), ਭਗਤ ਸੇਨ ਜੀ ਰਿਆਸਤ ਰੀਵਾਂ, ਭਗਤ ਪਰਮਾਨੰਦ ਮਹਾਰਾਸ਼ਟਰ ਦੇ ਜ਼ਿਲਾ ਸ਼ੋਲਾਪੁਰ ਦੇ ਪਿੰਡ ਬਾਰਸੀ, ਭਗਤ ਸੂਰਦਾਸ ਜੀ ਪਿੰਡ ਸੀਹੀ (ਦਿੱਲੀ), ਭਗਤ ਭੀਖਨ ਜੀ ਪਿੰਡ ਕਾਕੋਰੀ (ਲਖਨਊ), ਭਾਈ ਮਰਦਾਨਾ ਜੀ ਨਨਕਾਣਾ ਸਾਹਿਬ (ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖਾਨਦਾਨ ਦੇ ਮਰਾਸੀ), ਬਾਬਾ ਸੁੰਦਰ ਜੀ (ਸ੍ਰੀ ਗੁਰੂ ਅਮਰਦਾਸ ਜੀ ਦੇ ਪੜਪੋਤਰੇ), ਸੱਤਾ ਡੂਮ ਤੇ ਰਾਏ ਬਲਵੰਡ (ਗੁਰੂ ਘਰ ਦੇ ਕੀਰਤਨੀਏ) ਆਦਿ ਦੇਸ਼ ਦੇ ਵੱਖੋ ਵੱਖ ਹਿੱਸਿਆਂ ਨਾਲ ਸਬੰਧਤ ਭਗਤ ਤੇ ਸੰਤ ਹੋਏ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਦੇ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਨ ਰਚਨਾ ‘ਜਪੁ ਜੀ ਸਾਹਿਬ’ ਨੂੰ ਸਥਾਨ ਦਿੱਤਾ। ਸਾਰੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਵੱਖੋ ਵੱਖ ਗੁਰੂ ਸਾਹਿਬਾਨ ਵਲੋਂ ਰਚੀ ਬਾਣੀ ਦਰਸਾਉਣ ਲਈ ਉਸ ’ਤੇ ਸਿਰਲੇਖ ਮਹਲਾ ਪਹਿਲਾ, ਦੂਜਾ, ਤੀਜਾ ਆਦਿ ਦਿੱਤਾ। ਜਿਸ ਦਾ ਭਾਵ ਸੀ ਜਿਸ ਗੁਰੂ ਦੀ ਬਾਣੀ ਉਹ ਮਹਲੇ ਦਾ ਨਾਂ। ਬਾਣੀ ਨੂੰ ਵੱਖੋ ਵੱਖ ਰਾਗਾਂ ਵਿਚ ਬਹੁਤ ਹੀ ਵਿਲੱਖਣ ਤਰੀਕੇ ਨਾਲ ਵੰਡ ਕੇ ਦਰਜ ਕੀਤਾ ਗਿਆ ਹੈ। ਹਰੇਕ ਰਾਗ ਵਿਚ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਰਜ ਕੀਤੀ ਗਈ ਤੇ ਉਸ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਦੀ। ਜਿਸ ਰਾਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਹੀਂ ਰਚੀ ਗਈ, ਉਸ ਵਿਚ ਉਨ੍ਹਾਂ ਤੋਂ ਤਰਤੀਬ ਵਾਰ ਬਾਅਦ ਦੇ ਗੁਰੂ ਸਾਹਿਬਾਨ ਦੀ ਬਾਣੀ ਪਹਿਲੇ ਸਥਾਨ ’ਤੇ ਰੱਖੀ ਗਈ ਹੈ। ਹਰੇਕ ਰਾਗ ਵਿਚ ਜਿਸ ਥਾਂ ’ਤੇ ਗੁਰੂ ਸਾਹਿਬਾਨ ਦੀ ਬਾਣੀ ਸਮਾਪਤ ਹੁੰਦੀ ਹੈ। ਉਸ ਤੋਂ ਬਾਅਦ ਜੇਕਰ ਗੁਰੂ ਸਾਹਿਬਾਨ ਵਲੋਂ ਰਚੀ ਗਈ ਕੋਈ ਵਾਰ ਹੈ ਤਾਂ ਉਹ ਦਰਜ ਕੀਤੀ ਗਈ ਤੇ ਉਸ ਤੋਂ ਬਾਅਦ ਬਾਕੀ ਭਗਤਾਂ ਦੀ ਬਾਣੀ ਲਿਆਂਦੀ ਗਈ। ਭਗਤਾਂ ਦੀ ਬਾਣੀ ਦਾ ਆਮ ਤੌਰ ’ਤੇ ਆਰੰਭ ਭਗਤ ਕਬੀਰ ਜੀ ਦੀ ਬਾਣੀ ਨਾਲ ਹੁੰਦਾ ਹੈ। ਹਰੇਕ ਰਾਗ ਵਿਚ ਪਹਿਲਾਂ ਦੁਪਦੇ, ਤ੍ਰਿਪਦੇ, ਚਉਪਦੇ, ਪੰਚਪਦੇ, ਛੇਪਦੇ, ਅਸ਼ਟਪਦੀਆਂ ਆਦਿ ਲਿਆਂਦੀਆਂ ਗਈਆਂ ਅਤੇ ਇਨ੍ਹਾਂ ਤੋਂ ਬਾਅਦ ਸੋਹਲੇ, ਕੋਈ ਹੋਰ ਵਿਸ਼ੇਸ਼ ਪਦ, ਛੰਤ ਜਾਂ ਵਾਰ ਲਿਖੀ ਗਈ।
ਹਰੇਕ ਸ਼ਬਦ ਤੋਂ ਬਾਅਦ ਪਿਛਲੇ ਕੁੱਲ ਸ਼ਬਦਾਂ ਦਾ ਜੋੜ ਵੀ ਨਾਲ ਦੀ ਨਾਲ ਸੰਪਾਦਨ ਕਰਨ ਸਮੇਂ ਲਿਖਿਆ ਗਿਆ, ਜਿਸ ਤੋਂ ਅਖੀਰ ਵਿਚ ਪਤਾ ਚਲ ਜਾਂਦਾ ਹੈ ਕਿ ਕਿਸ ਰਾਗ ਵਿਚ ਕਿਸ ਗੁਰੂ ਸਾਹਿਬ ਜੀ ਜਾਂ ਭਗਤ ਦੇ ਕਿੰਨੇ ਸ਼ਬਦ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿਚ ਪਹਿਲੇ 8 ਅੰਗਾਂ ਤੱਕ ਜਪੁ ਜੀ ਸਾਹਿਬ, 8 ਤੋਂ 12 ਅੰਗਾਂ ਤੱਕ ਸੋਦਰ, ਸੋਪੁਰਖ (ਰਹਿਰਾਸ ਸਾਹਿਬ) ਅਤੇ 12 ਤੋਂ 13 ਅੰਗ ਤੱਕ ਸੋਹਿਲਾ ਨਾਂਅ ਦੀ ਬਾਣੀ ਦਰਜ ਕੀਤੀ ਗਈ ਹੈ। ਇਹ ਸਿੱਖਾਂ ਦਾ ਨਿੱਤਨੇਮ ਹੈ। ਪਹਿਲਾ ਰਾਗ ਕੀਰਤਨ ਸੋਹਿਲੇ ਤੋਂ ਬਾਅਦ ਸ਼ੁਰੂ ਹੁੰਦਾ ਹੈ ਤੇ ਇਹ ਸਿਰੀ ਰਾਗ ਹੈ। ਅੰਗ 14 ਤੋਂ ਲੈ ਕੇ ਅੰਗ 1353 ਤੱਕ ਵੱਖੋ ਵੱਖ ਰਾਗਾਂ ਵਿਚ ਬਾਣੀ ਦੀ ਰਚਨਾ ਹੈ। ਇਨ੍ਹਾਂ ਰਾਗਾਂ ਦੀ ਗਿਣਤੀ 31 ਹੈ। ਇਨ੍ਹਾਂ ਦੀ ਤਰਤੀਬ ਇੰਝ ਹੈ:- ਸਿਰੀ ਰਾਗ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ-ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲ੍ਹਾਰ, ਕਨਾੜਾ, ਕਲਯਾਣ, ਪਰਭਾਤੀ ਅਤੇ ਜੈਜਾਵੰਤੀ। ਰਾਗ ਜੈਜਾਵੰਤੀ ਵੀ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹੀ ਬਾਣੀ ਹੈ। ਇਨ੍ਹਾਂ ਰਾਗਾਂ ਤੋਂ ਬਿਨਾਂ ਕਈ ਥਾਂ ਦੋ ਦੋ ਰਲਵੇਂ-ਮਿਲਵੇ ਰਾਗਾਂ ਵਿਚ ਵੀ ਬਾਣੀ ਰਚੀ ਹੋਈ ਮਿਲਦੀ ਹੈ, ਜਿਵੇਂ ਗਉੜੀ-ਮਾਝ, ਗਉੜੀ-ਦੀਪਕੀ, ਆਸਾ-ਕਾਫੀ, ਤਿਲੰਗ-ਕਾਫੀ, ਪ੍ਰਭਾਤੀ-ਵਿਭਾਸ, ਕਲਯਾਣ-ਭੋਪਾਲੀ, ਬਸੰਤ-ਹਿੰਡੋਲ ਆਦਿ।
ਅੰਗ 1353 ਤੋਂ ਰਾਗ ਮੁਕਤ ਬਾਣੀ ਦਰਜ ਕੀਤੀ ਗਈ ਹੈ। ਸਲੋਕ ਸਹਸਕ੍ਰਿਤੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 4 ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ 67 ਸਲੋਕ ਹਨ, ਜੋ ਅੰਗ 1360 ਤੱਕ ਦਰਜ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਰਚਿਤ ਗਾਥਾ ਦੇ 24 ਬੰਦ, ਫੁਨਹੇ ਦੇ 23 ਤੇ ਚਉਬੋਲੇ ਦੇ 11 ਬੰਦ ਅੰਗ 1364 ਤੱਕ ਦਰਜ ਕੀਤੇ ਗਏ ਹਨ। ਭਗਤ ਕਬੀਰ ਜੀ ਦੇ ਸਲੋਕ 1364 ਤੋਂ 1377 ਅੰਗ ਤੱਕ, ਬਾਬਾ ਫਰੀਦ ਜੀ ਦੇ ਸਲੋਕ 1377 ਤੋਂ 1384 ਅੰਗ ਤੱਕ, ਸਵੱਈਏ ਸ੍ਰੀ ਮੁੱਖ ਵਾਕ 1385 ਤੋਂ 1389 ਅੰਗ ਤੱਕ, ਭੱਟਾਂ ਦੇ ਸਵੱਈਏ 1389 ਤੋਂ 1409 ਅੰਗ ਤੱਕ ਦਰਜ ਕੀਤੇ ਗਏ ਹਨ। ਜੋ ਸ਼ਬਦ ਵੱਖੋ ਵੱਖ ਵਾਰਾਂ ਦੀਆਂ ਪਉੜੀਆਂ ਨਾਲ ਦਰਜ ਨਹੀਂ ਹੋ ਸਕੇ, ਉਹ ਸਾਰੇ ਹੀ ਸ਼ਬਦ ’ਸਲੋਕ ਵਾਰਾਂ ਤੇ ਵਧੀਕ’ ਨਾਂਅ ਦੇ ਸਿਰਲੇਖ ਹੇਠ ਅੰਗ 1426 ਤੱਕ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਅੰਗ 1426 ਤੋਂ 1429 ਤੱਕ ਹਨ। ਅਖੀਰ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੁੰਦਾਵਣੀ ਲਿਖਕੇ ਬਾਣੀ ਦੀ ਸਮਾਪਤੀ ਦੀ ਮੋਹਰ ਲਗਾ ਦਿੱਤੀ ਹੈ, ਜੋ ਕਿ ਅੰਗ 1429 ’ਤੇ ਦਰਜ ਹੈ। ਸਭ ਤੋਂ ਅਖੀਰ ਵਿਚ ਰਾਗ ਮਾਲਾ ਅੰਗ 1429 ਤੋਂ 1430 ਤੱਕ ਦਰਜ ਕੀਤੀ ਗਈ ਹੈ।
ਸਮੁੱਚੀ ਬਾਣੀ ਵਿਚ ਸੱਚੇ ਸੁੱਚੇ ਕਰਮ ਕਰਦੇ ਹੋਏ ਅਕਾਲ ਪੁਰਖ ਦਾ ਨਾਮ ਸਦਾ ਹੀ ਸਿਮਰਦੇ ਰਹਿਣ ਦੀ ਤਾਕੀਦ ਕੀਤੀ ਗਈ ਹੈ। ਪ੍ਰਭੂ ਦਾ ਭਜਨ ਜੀਵਨ ਦਾ ਆਧਾਰ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਬਾਣੀ ਵਿਚ ਅਧਿਆਤਮਕਵਾਦ ਦੇ ਨਾਲ ਨਾਲ ਸੰਸਾਰਿਕ ਕਦਰਾਂ-ਕੀਮਤਾਂ ਅਤੇ ਪੌਰਾਣਿਕ ਹਵਾਲੇ ਵੀ ਦਿੱਤੇ ਗਏ। ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੱਚ ਦਾ ਹੀ ਪ੍ਰਕਾਸ਼ ਹੈ ਤੇ ਇਕੋ ਇਕ ਅਕਾਲ ਪੁਰਖ ਦਾ ਨਾਮ ਸਿਮਰਨ ਕਰਨ ਤੇ ਉਸਨੂੰ ਯਾਦ ਰੱਖਣ ਦਾ ਆਦੇਸ਼ ਹੈ। ਇਸ ਨਾਮ ’ਤੇ ਕਿਵੇਂ ਚੱਲਣਾ ਹੈ ਤੇ ਨਾਮ ਨੂੰ ਮਨ ’ਚ ਕਿਸ ਤਰ੍ਹ?ਹਾਂ ਵਸਾਉਣਾ ਹੈ, ਇਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਖੁੱਲ੍ਹ ਕੇ ਦੱਸਿਆ ਗਿਆ ਹੈ। ਭਾਦਰੋਂ ਸੁਦੀ 1 ਸੰਮਤ 1661 ਮੁਤਾਬਕ ਸਤੰਬਰ 1604 ਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਸੀ। ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਮੁੱਖ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ।