ਜਾਂਚ ਟੀਮ ਨੇ ਜਾਰੀ ਕੀਤੀ ਰਿਪੁਦਮਨ ਸਿੰਘ ਦੇ ਕਤਲ ਨਾਲ ਸਬੰਧਤ ਕਾਰ ਦੀ ਫੁਟੇਜ

ਜਾਂਚ ਟੀਮ ਨੇ ਜਾਰੀ ਕੀਤੀ ਰਿਪੁਦਮਨ ਸਿੰਘ ਦੇ ਕਤਲ ਨਾਲ ਸਬੰਧਤ ਕਾਰ ਦੀ ਫੁਟੇਜ

ਵੈਨਕੂਵਰ – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਕਤਲ ਕੀਤੇ ਗਏ ਧਨਾਢ ਸਿੱਖ ਰਿਪੁਦਮਨ ਸਿੰਘ ਮਲਿਕ ਨੂੰ ਮਾਰਨ ਲਈ ਕਾਤਲਾਂ ਨੂੰ ਕਰੀਬ ਡੇਢ ਘੰਟਾ ਉਡੀਕ ਕਰਨੀ ਪਈ ਸੀ। ਕੈਨੇਡਾ ਵਿੱਚ ਕਤਲ ਕੇਸਾਂ ਦੀ ਜਾਂਚ ਕਰਨ ਵਾਲੀ ਸਭ ਤੋਂ ਵੱਡੀ ਯੂਨਿਟ ਏਕੀਕ੍ਰਿਤ ਕਤਲ ਜਾਂਚ ਟੀਮ (ਆਈਐੱਚਆਈਟੀ) ਨੇ ਅੱਜ ਇਕ ਕਾਰ ਦੀ ਜਾਰੀ ਕੀਤੀ ਫੁਟੇਜ ਦੇ ਆਧਾਰ ’ਤੇ ਦੱਸਿਆ ਕਿ ਸਫੈਦ ਰੰਗ ਦੀ ਹੌਂਡਾ ਸੀਆਰਵੀ ਕਾਰ ਵਿੱਚ ਕਾਤਲ ਭੱਜੇ ਸਨ ਤੇ ਉਨ੍ਹਾਂ ਨੇ ਉਸ ਕਾਰ ਨੂੰ ਥੋੜ੍ਹੀ ਦੂਰ ਜਾ ਕੇ ਅੱਗ ਲਾ ਦਿੱਤੀ ਸੀ। ਇਹ ਕਾਰ ਉਸ ਪਲਾਜ਼ਾ ਵਿੱਚ ਸਵੇਰੇ 8 ਵਜੇ ਤੋਂ ਖੜ੍ਹੀ ਸੀ। ਵਾਰਦਾਤ ਦੇ 40 ਘੰਟੇ ਬਾਅਦ ਵੀ ਕਾਤਲਾਂ ਬਾਰੇ ਕੋਈ ਠੋਸ ਸੁਰਾਗ ਪੁਲੀਸ ਦੇ ਹੱਥ ਨਹੀਂ ਲੱਗਾ ਹੈ, ਜਿਸ ਕਰ ਕੇ ਹੁਣ ਪੁਲੀਸ ਦੀ ਟੇਕ ਉਨ੍ਹਾਂ ਕੁਝ ਲੋਕਾਂ ਉੱਤੇ ਹੈ ਜੋ ਕੈਮਰੇ ਵਿੱਚ ਘਟਨਾ ਸਥਾਨ ’ਤੇ ਦਿਖਾਈ ਦੇ ਰਹੇ ਹਨ। ਪੁਲੀਸ ਉਨ੍ਹਾਂ ਚਸ਼ਮਦੀਦਾਂ ਦੀ ਪਛਾਣ ਕਰਵਾ ਰਹੀ ਹੈ ਤਾਂ ਜੋ ਉਹ ਜਾਂਚ ਵਿੱਚ ਸਹਿਯੋਗ ਕਰ ਕੇ ਪੁਲੀਸ ਨੂੰ ਠੋਸ ਜਾਣਕਾਰੀ ਦੇ ਸਕਣ। ਉਧਰ, ਰਿਪੁਦਮਨ ਦੇ ਵੱਡੇ ਪੁੱਤਰ ਜਸਪ੍ਰੀਤ ਮਲਿਕ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਕਿਸੇ ਤੋਂ ਖ਼ਤਰਾ ਹੋਣ ਜਾਂ ਧਮਕੀ ਮਿਲਣ ਸਬੰਧੀ ਕੋਈ ਗੱਲ ਉਨ੍ਹਾਂ ਨੂੰ ਨਹੀਂ ਦੱਸੀ ਸੀ। ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਨ੍ਹਾਂ ਦੇ ਪਿਤਾ ਦੀ ਹੱਤਿਆ ਦਾ ਏਅਰ ਇੰਡੀਆ ਮਾਮਲੇ ਨਾਲ ਕੁਝ ਲੈਣਾ-ਦੇਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਪੁਲੀਸ ’ਤੇ ਪੂਰਾ ਭਰੋਸਾ ਹੈ ਕਿ ਉਹ ਕਾਤਲ ਨੂੰ ਲੱਭ ਹੀ ਲਵੇਗੀ।