ਜ਼ਿੰਦਾਦਿਲ ਬਾਦਲ ਦੀਆਂ ਰੀਝਾਂ ਬਾਰੇ ਬੋਲਦਾ ਹੈ ਪਿੰਡ ‘ਬਾਦਲ’

ਜ਼ਿੰਦਾਦਿਲ ਬਾਦਲ ਦੀਆਂ ਰੀਝਾਂ ਬਾਰੇ ਬੋਲਦਾ ਹੈ ਪਿੰਡ ‘ਬਾਦਲ’

ਲੰਬੀ – ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਜ਼ਿੰਦਗੀ ਪ੍ਰਤੀ ਰੀਝ ਅਤੇ ਨੀਝ ਵਾਲੀ ਵਿਚਾਰਧਾਰਾ ਬਾਰੇ ਪਿੰਡ ਬਾਦਲ ਦਾ ਚੱਪਾ-ਚੱਪਾ ਬੋਲਦਾ ਹੈ। ਵੱਡੇ ਬਾਦਲ ਦੇ ਹੱਥੀਂ ਸੰਵਾਰਿਆ ਪਿੰਡ ਦਾ ਮਾਹੌਲ ਤੇ ਆਬੋ-ਹਵਾ ਲੜਕੀਆਂ ਦੀ ਵਿੱਦਿਆ, ਖੇਡਾਂ ਅਤੇ ਕਿੱਤਾਮੁਖੀ ਸਿੱਖਿਆ ਪੱਖੋਂ ਕੌਮੀ ਪੱਧਰ ਦੇ ਝਲਕਾਰੇ ਮਾਰਦਾ ਹੈ। ਉਨ੍ਹਾਂ ਬੜੀ ਲੰਮੇਰੀ ਸੋਚ ਦੇ ਨਾਲ ਕਰੀਬ 25 ਸਾਲ ਪਹਿਲਾਂ 1999 ਵਿੱਚ ਦਸਮੇਸ਼ ਗਰਲਜ਼ ਕਾਲਜ ਦੀ ਸਥਾਪਨਾ ਕੀਤੀ। ਇਸੇ ਅਦਾਰੇ ’ਚ 2005 ਵਿੱੱਚ ਲੜਕੀਆਂ ਨੂੰ ਅਧਿਆਪਕ ਕਿੱਤੇ ਨਾਲ ਜੋੜਨ ਲਈ ਦਸਮੇਸ਼ ਬੀਐੱਡ ਕਾਲਜ ਖੋਲ੍ਹਿਆ। ਕਥਨੀ ਅਤੇ ਕਰਨੀ ਦੇ ਧਨੀ ਪ੍ਰਕਾਸ਼ ਸਿੰਘ ਬਾਦਲ ਨੇ ਧੀਆਂ ਨੂੰ ਤਰੱਕੀ ਵੱਲ ਲਿਜਾਣ ਦੇ ਆਪਣੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਦਸਮੇਸ਼ ਵਿੱਦਿਅਕ ਅਦਾਰੇ ’ਚ ਐੱਨਆਈਐੱਸ ਪੈਟਰਨ ’ਤੇ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੀ ਸ਼ੁਰੂਆਤ ਕੀਤੀ। ਇਸੇ ਤਹਿਤ ਪਿੰਡ ਬਾਦਲ ’ਚ ਕੌਮੀ ਪੱਧਰ ਦੀ ਨਿਸ਼ਾਨੇਬਾਜ਼ੀ ਰੇਂਜ ਅਤੇ ਹਾਕੀ ਦਾ ਕੌਮਾਂਤਰੀ ਪੱਧਰੀ ਐਸਟ੍ਰੋਟਰਫ਼ ਸਟੇਡੀਅਮ ਬਣਵਾਇਆ। ਪਿੰਡ ਬਾਦਲ ’ਚ ਕੇਂਦਰ ਸਰਕਾਰ ਦਾ ਖੇਡਾਂ ਦਾ ਸੈਂਟਰ ਵੀ ਖੋਲ੍ਹਿਆ। ਉਨ੍ਹਾਂ ਆਪਣੀ ਸਰਕਾਰ ਸਮੇਂ ਪਿੰਡ ’ਚ ਕੌਮਾਂਤਰੀ ਪੱਧਰ ਦਾ ਖੇਡ ਸਟੇਡੀਅਮ ਵੀ ਬਣਵਾਇਆ। ਪਿੰਡ ਬਾਦਲ ’ਚ ਸਟੇਟ ਇੰਸਟੀਚਿਊਟ ਆਫ਼ ਨਰਸਿੰਗ ਤੇ ਪੈਰਾ ਮੈਡੀਕਲ ਸਾਇੰਸਿਜ਼ ਵੀ ਉਨ੍ਹਾਂ ਦੀ ਦੇਣ ਹਨ। ਉਨ੍ਹਾਂ ਨੌਜਵਾਨਾਂ ਦੇ ਕਿੱਤਾਮੁਖੀ ਰੁਜ਼ਗਾਰ ਲਈ ਪਿੰਡ ’ਚ ਆਈਟੀਆਈ ਵੀ ਖੋਲ੍ਹੀ। ਦਸਮੇਸ਼ ਗਰਲਜ ਕਾਲਜ ਦੇ ਪ੍ਰਿੰਸੀਪਲ ਡਾ. ਐੱਸਐੱਸ ਸੰਘਾ ਨੇ ਦੱਸਿਆ ਕਿ ਵੱਡੇ ਬਾਦਲ ਦੇ ਦੇਹਾਂਤ ਨਾਲ ਦਸਮੇਸ਼ ਵਿੱਦਿਅਕ ਅਦਾਰਾ ਅਨਾਥ ਵਾਂਗ ਜਾਪ ਰਿਹਾ ਹੈ।

ਚੌਧਰੀ ਦੇਵੀ ਲਾਲ ਨਾਲ ਨਿਭਾਈ ਗੂੜ੍ਹੀ ਦੋਸਤੀ

ਪ੍ਰਕਾਸ਼ ਸਿੰਘ ਬਾਦਲ ਦੀ ਦਾਸਤਾਨ ਚੌਧਰੀ ਦੇਵੀ ਲਾਲ ਨਾਲ ਜੁੜੀ ਗੂੜ੍ਹੀ ਯਾਰੀ ਤੋਂ ਬਿਨਾਂ ਅਧੂਰੀ ਹੈ। ਚੌਧਰੀ ਸਾਬ੍ਹ ਦੀ ਮਿੱਤਰਤਾ ਦੇ ਨਿੱਘ ਨੂੰ ਚਿਰਸਥਾਈ ਬਣਾਉਣ ਲਈ ਸਾਲ 2000 ਵਿੱਚ ਉਨ੍ਹਾਂ ਨੇ ਮੰਡੀ ਕਿੱਲਿਆਂਵਾਲੀ ’ਚ ਚੌਧਰੀ ਦੇਵੀ ਲਾਲ ਯਾਦਗਾਰੀ ਸਮਾਰਕ ਬਣਵਾਇਆ। ਇਸ ਦਾ ਉਦਘਾਟਨ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕੀਤਾ। ਇਸੇ ਤਰ੍ਹਾਂ 18 ਨਵੰਬਰ 2005 ਵਿੱਚ ਚੌਧਰੀ ਦੇਵੀ ਲਾਲ ਟਰੱਸਟ ਦੇ ਤਹਿਤ ਬਿਰਧ ਆਸ਼ਰਮ ਖੋਲ੍ਹਿਆ, ਜਿੱਥੇ 9 ਬਜ਼ੁਰਗ ਅਤੇ 9 ਬੱਚੇ ਰਹਿੰਦੇ ਹਨ। ਬਿਰਧ ਆਸ਼ਰਮ ਦੇ ਮੈਨੇਜਰ ਸਹਿਜਪ੍ਰੀਤ ਸਿੰਘ ਨੇ ਦੱਸਿਆ ਇਹ ਬੇਸਹਾਰਾ ਲੋਕ ਪ੍ਰਕਾਸ਼ ਸਿੰਘ ਬਾਦਲ ਨੇ ਗੋਦ ਲਏ ਸਨ। ਇਨ੍ਹਾਂ ਵਿੱਚੋਂ ਇੱਕ ਲੜਕੀ ਬਠਿੰਡਾ ’ਚ ਹੋਟਲ ਮੈਨੇਜਮੈਂਟ, ਦੋ ਲੜਕੀਆਂ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਅਤੇ ਇੱਕ ਲੜਕੀ ਗਿੱਦੜਬਾਹਾ ’ਚ ਐੱਮਸੀਏ ਕਰ ਰਹੀ ਹੈ। ਦੱਸਣਯੋਗ ਹੈ ਕਿ ਵੱਡੇ ਬਾਦਲ ਨੇ ਬਿਰਧ ਆਸ਼ਰਮ ’ਚ ਆਪਣੇ ਅਤੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਲਈ ਇੱਕ-ਇੱਕ ਕਮਰਾ ਬਣਵਾਇਆ ਸੀ। ਹਾਲਾਂਕਿ ਉਹ ਕਦੇ ਰਹੇ ਨਹੀਂ ਪਰ ਉਹ ਅਕਸਰ ਬਿਰਧ ਆਸ਼ਰਮ ਦਾ ਗੇੜਾ ਲਗਾ ਕੇ ਬਜ਼ੁਰਗਾਂ ਅਤੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਸਨ।