ਜ਼ਿੰਦਗੀ ਰੁਤਬਿਆਂ ਦੀ ਮੁਥਾਜ ਨਹੀਂ

ਜ਼ਿੰਦਗੀ ਰੁਤਬਿਆਂ ਦੀ ਮੁਥਾਜ ਨਹੀਂ

ਗੁਰਬਿੰਦਰ ਸਿੰਘ ਮਾਣਕ

ਸਾਡੀਆਂ ਲੋਕ ਸਿਆਣਪਾਂ ਵਿੱਚ ਕਿਹਾ ਜਾਂਦਾ ਹੈ ਕਿ ‘ਹੰਕਾਰਿਆ ਸੋ ਮਾਰਿਆ।’ ਕਿਸੇ ਮਨੁੱਖ ਵਿੱਚ ਕਿੰਨੇ ਵੀ ਗੁਣ ਹੋਣ, ਪਰ ਜੇ ਉਹ ਹੰਕਾਰ ਨਾਲ ਗ੍ਰੱਸਿਆ ਹੋਵੇ ਤਾਂ ਕੋਈ ਵੀ ਉਹਨੂੰ ਪਸੰਦ ਨਹੀਂ ਕਰਦਾ। ਆਪਣੀਆਂ ਲੋੜਾਂ ਜਾਂ ਹਿੱਤਾਂ ਕਾਰਨ ਭਾਵੇਂ ਲੋਕ ਉਸ ਨਾਲ ਜੁੜੇ ਹੋਏ ਹੋਣ, ਪਰ ਅਸਲੀਅਤ ਇਹ ਹੈ ਕਿ ਕੋਈ ਵੀ ਮਨੋਂ ਅਜਿਹੇ ਵਿਅਕਤੀ ਨੂੰ ਮੂੰਹ ਨਹੀਂ ਲਾਉਂਦਾ।

ਮੁੱਦਤਾਂ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਹੰਕਾਰ ਦੀ ਪ੍ਰਵਿਰਤੀ ਮਨੁੱਖ ’ਤੇ ਭਾਰੂ ਰਹੀ ਹੈ। ਸਮਾਜ ਵਿੱਚ ਵਿਚਰਦਿਆਂ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ’ਤੇ ਹੰਕਾਰ ਨਾਲ ਭਰੇ ਅਜਿਹੇ ਮਨੁੱਖ ਅਕਸਰ ਮਿਲ ਜਾਂਦੇ ਹਨ। ਕੁਦਰਤ ਨੇ ਮਨੁੱਖ ਨੂੰ ਬੇਸ਼ੁਮਾਰ ਵੱਡਮੁੱਲੀਆਂ ਦਾਤਾਂ ਨਾਲ ਨਿਵਾਜਿਆ ਹੋਇਆ ਹੈ। ਜਨਮ ਤੇ ਮੌਤ ਦਾ ਵਰਤਾਰਾ ਤਾਂ ਹੈ ਹੀ ਕੁਦਰਤ ਦੇ ਹੱਥ-ਵੱਸ। ਬਿਨਾਂ-ਸ਼ੱਕ ਮਨੁੱਖ ਨੇ ਆਪਣੀ ਬੁੱਧੀ ਦੇ ਬਲਬੂਤੇ ਹੈਰਾਨਕੁੰਨ ਤਰੱਕੀ ਦੀਆਂ ਮੰਜ਼ਿਲਾਂ ਛੋਹੀਆਂ ਹਨ। ਸਿੱਖਿਆ, ਵਿਗਿਆਨ, ਤਕਨਾਲੋਜੀ, ਕੰਪਿਊਟਰ, ਮੋਬਾਈਲ ਤੇ ਹੋਰ ਅਨੇਕਾਂ ਖੋਜਾਂ ਨੇ ਮਨੁੱਖੀ ਸੂਝ ਦੇ ਪ੍ਰਗਟਾਵੇ ਨੂੰ ਦਰਸਾ ਕੇ, ਹਰ ਕਿਸੇ ਨੂੰ ਮੂੰਹ ਵਿੱਚ ਉਂਗਲਾਂ ਲੈਣ ਲਈ ਮਜਬੂਰ ਕਰ ਦਿੱਤਾ ਹੈ। ਇਸ ਸਭ ਕੁਝ ਦੇ ਬਾਵਜੂਦ ਅਜੋਕਾ ਮਨੁੱਖ ਜੀਵਨ ਦੀ ਦੌੜ ਵਿੱਚ ਹਫਿਆ ਹੋਇਆ ਨਜ਼ਰ ਆਉਂਦਾ ਹੈ। ਹਰ ਪਾਸੇ ਹੰਕਾਰ ਦਾ ਹੀ ਬੋਲਬਾਲਾ ਹੈ।

ਅਜੋਕਾ ਮਨੁੱਖ ਕੁਦਰਤ ਦੇ ਵਰਤਾਰੇ ਨੂੰ ਵੀ ਉਲੰਘ ਕੇ ਆਪਣੇ ਲਈ ਅਨੇਕਾਂ ਸੰਕਟ ਪੈਦਾ ਕਰਨ ਦੇ ਰਾਹ ਤੁਰਿਆ ਹੋਇਆ ਹੈ। ਧਨ, ਜਾਇਦਾਦ, ਦੌਲਤ ਦੇ ਅੰਬਾਰ, ਕੀਮਤੀ ਵਸਤਾਂ ਦੀ ਚਕਾਚੌਂਧ ਤੇ ਸੱਤਾ ਦੀ ਸ਼ਕਤੀ ਹਾਸਲ ਕਰਨ ਲਈ ਅੱਜ ਦਾ ਮਨੁੱਖ ਤਰਲੋ-ਮੱਛੀ ਹੋਇਆ ਪਿਆ ਹੈ। ਹੋਰ ਹੋਰ ਹਾਸਲ ਕਰਨ ਦੀ ਲਾਲਸਾ ਵਿੱਚ ਉਲਝਿਆ ਮਨੁੱਖ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ ਤੇ ਆਪਣੇ ਲਈ ਅਨੇਕਾਂ ਸੰਕਟ ਪੈਦਾ ਕਰਕੇ ਜੀਵਨ ਦੇ ਰਾਹ ’ਤੇ ਭਟਕਣਾ ਦਾ ਸ਼ਿਕਾਰ ਹੋਇਆ ਪਿਆ ਹੈ। ਇਸ ਸਥਿਤੀ ਵਿੱਚ ਅੱਜ ਦਾ ਮਨੁੱਖ, ਸਵਾਰਥ, ਨਿੱਜੀ ਹਿੱਤ, ਦੂਜਿਆਂ ਨੂੰ ਲਤਾੜ ਕੇ ਅੱਗੇ ਵਧਣ ਦੀ ਪ੍ਰਵਿਰਤੀ, ਹੰਕਾਰ, ਹਊਮੈ, ਲਾਲਚ ਤੇ ਇਹੋ ਜਿਹੀਆਂ ਅਨੇਕਾਂ ਹੋਰ ਨਾਂਹਵਾਚੀ ਪ੍ਰਵਿਰਤੀਆਂ ਦੀ ਜਕੜ ਵਿੱਚ ਆਇਆ ਹੋਇਆ ਹੈ।

ਦੌਲਤਮੰਦ ਤੇ ਧਨਾਢ ਵਿਅਕਤੀਆਂ ਵਿੱਚ ਵੀ ਕੁਝ ਲੋਕ ਅਜਿਹੇ ਹੁੰਦੇ ਹਨ, ਜਿਹੜੇ ਜਾਇਦਾਦ ਤੇ ਪੈਸੇ ਦੇ ਵਧਣ ਦੇ ਬਾਵਜੂਦ ਕਦੇ ਹੰਕਾਰੀ ਨਹੀਂ ਬਣਦੇ ਤੇ ਹਮੇਸ਼ਾਂ ਕੁਦਰਤ ਦਾ ਸ਼ੁਕਰਾਨਾ ਕਰਦੇ ਹਨ। ਉਨ੍ਹਾਂ ਵਿੱਚ ਹੋਰ ਨਿਮਰਤਾ, ਦਇਆ ਤੇ ਸਮਾਜ-ਸੇਵਾ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਉਹ ਨਿਰਸਵਾਰਥ ਹੋ ਕੇ ਸੱਚੀ ਤੇ ਸੁੱਚੀ ਭਾਵਨਾ ਨਾਲ ਆਪਣੀ ਕਮਾਈ ਦਾ ਵੱਡਾ ਹਿੱਸਾ ਲੋੜਵੰਦਾਂ ਦੀ ਮਦਦ ਕਰਕੇ ਵੀ ਕਦੇ ਜਤਾਉਂਦੇ ਨਹੀਂ, ਪਰ ਵੱਡੀ ਗਿਣਤੀ ਲੋਕ ਅਜਿਹੇ ਹਨ, ਜਿਹੜੇ ਵਿਸ਼ਾਲ ਜਾਇਦਾਦਾਂ, ਦੌਲਤ ਦੇ ਭੰਡਾਰਾਂ ਦੇ ਸਿੱਟੇ ਵਜੋਂ ਸਮਾਜ ਵਿੱਚ ਰਸੂਖਵਾਨ ਹੋਣ ਦੇ ਹੰਕਾਰ ਵਿੱਚ ਆਮ ਲੋਕਾਂ ਨੂੰ ਮਨੁੱਖ ਹੀ ਨਹੀਂ ਸਮਝਦੇ। ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਵੱਡੇ ਵੱਡੇ ਕਾਰੋਬਾਰੀ ਵੀ ਆਪਣੇ ਕਾਮਿਆਂ ਨਾਲ ਅਣਮਨੁੱਖੀ ਵਿਵਹਾਰ ਕਰਦੇ ਹਨ। ਕਾਮਿਆਂ ਦੀ ਸਖ਼ਤ ਮਿਹਨਤ ਦੀ ਬਦੌਲਤ ਕਮਾਈ ਦੌਲਤ ਦੇ ਹੰਕਾਰ ਵਿੱਚ ਕਈ ਉਦਯੋਗਾਂ ਦੇ ਮਾਲਕ ਉਨ੍ਹਾਂ ਪ੍ਰਤੀ ਹਮਦਰਦੀ ਦੀ ਭਾਵਨਾ ਤੋਂ ਸੱਖਣੇ ਹੁੰਦੇ ਹਨ। ਮਜਬੂਰੀ ਵਿੱਚ ਕਈ ਵਾਰ ਕਿਰਤੀਆਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ਾਂ ਦੇ ਰਾਹ ਵੀ ਤੁਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਕਈ ਵਾਰ ਰਸੂਖਵਾਨ ਧਿਰਾਂ ਵੱਲੋਂ ਹੰਕਾਰੀ ਸਥਿਤੀ ਵਿੱਚ ਕਾਮਿਆਂ ’ਤੇ ਕਈ ਜ਼ੁਲਮ ਵੀ ਢਾਹੇ ਜਾਂਦੇ ਹਨ।

ਆਪਣੇ ਸਿਆਸੀ ਰੁਤਬਿਆਂ ਨਾਲ ਮਿਲੀਆਂ ਸ਼ਕਤੀਆਂ ਦਾ ਦੁਰ-ਉਪਯੋਗ ਕਰਕੇ ਤੇ ਭ੍ਰਿਸ਼ਟਾਚਾਰ ਦੇ ਬਲਬੂਤੇ ਦੋਹੀਂ ਹੱਥੀਂ ਦੌਲਤ ਦੇ ਅੰਬਾਰ ਇਕੱਠੇ ਕਰਨ ਵਾਲੇ ਸਿਆਸੀ ਨੇਤਾਵਾਂ ਵਿੱਚ ਹਉਮੈ ਦੀ ਭਾਵਨਾ ਦਾ ਕੋਈ ਅੰਤ ਨਹੀਂ ਹੈ। ਲੋਕਾਂ ਦੀ ਬਦੌਲਤ ਸੱਤਾ ਦੀਆਂ ਕੁਰਸੀਆਂ ’ਤੇ ਬਿਰਾਜਮਾਨ ਹੋ ਕੇ ਨੇਤਾਵਾਂ ਦੀ ਹਵਾ ਹੀ ਹੋਰ ਹੋ ਜਾਂਦੀ ਹੈ। ਅਕਸਰ ਅਨਪੜ੍ਹ ਕਿਸਮ ਦੇ ਕਈ ਨੇਤਾ ਆਪਣੇ ਮਹਿਕਮੇ ਦੇ ਅਫ਼ਸਰਾਂ ਨਾਲ ਹੀ ਇਸ ਤਰ੍ਹਾਂ ਦਾ ਵਰਤਾਓ ਕਰਦੇ ਹਨ, ਜਿਸ ਵਿੱਚੋਂ ਹਉਮੈ ਝਲਕਦੀ ਨਜ਼ਰ ਆਉਂਦੀ ਹੈ। ਇਹ ਪ੍ਰਵਿਰਤੀ ਕਿਸੇ ਇੱਕ ਪਾਰਟੀ ਦੇ ਨੇਤਾਵਾਂ ਤੱਕ ਹੀ ਸੀਮਤ ਨਹੀਂ ਹੈ, ਸਾਰੀਆਂ ਸਿਆਸੀ ਪਾਰਟੀਆਂ ਵਿੱਚ ਹੀ ਅਜਿਹੇ ਹੰਕਾਰੀ ਨੇਤਾਵਾਂ ਦਾ ਬੋਲਬਾਲਾ ਹੈ। ਉੱਚੀਆਂ ਕੁਰਸੀਆਂ ’ਤੇ ਬੈਠ ਕੇ ਹਕੂਮਤ ਕਰ ਰਹੇ ਨੇਤਾ ਇਹ ਸ਼ਾਇਦ ਭੁੱਲ ਹੀ ਜਾਂਦੇ ਹਨ ਕਿ ਅਸੀਂ ਲੋਕਾਂ ਦੀ ਬਦੌਲਤ ਹੀ ਇਨ੍ਹਾਂ ਉੱਚੇ ਰੁਤਬਿਆਂ ਤੱਕ ਪਹੁੰਚੇ ਹਾਂ। ਕੇਵਲ ਆਪਣੇ ਆਪ ਨੂੰ ਹੀ ‘ਸਿਆਣੇ’ ਸਮਝਣ ਦੇ ਰੁਝਾਨ ਪਿੱਛੇ ਵੀ ਹਉਮੈ ਦਾ ਹੀ ਵਰਤਾਰਾ ਹੈ।

ਕੋਈ ਅਹੁਦਾ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਪਰ ਮਨੁੱਖ ਦੀ ਪਛਾਣ ਵੱਡੀ ਕੁਰਸੀ ਕਰਕੇ ਨਹੀਂ ਹੁੰਦੀ, ਸਗੋਂ ਇਹ ਪਛਾਣ ਤਾਂ ਉਸ ਦੇ ਵਿਵਹਾਰ ਦੇ ਮਾਨਵੀ ਗੁਣਾਂ ਕਾਰਨ ਹੁੰਦੀ ਹੈ ਤੇ ਹੋਣੀ ਚਾਹੀਦੀ ਹੈ। ਜੇ ਕੋਈ ਅਫ਼ਸਰ ਆਪਣੀ ਉੱਚੀ ਪਦਵੀ ਦੇ ਹੰਕਾਰ ਵਿੱਚ ਲੋਕਾਂ ਨਾਲ ਖਰ੍ਹਵੇ ਬੋਲ ਬੋਲੇ ਤੇ ਸੰਜੀਦਾ ਵਿਵਹਾਰ ਨਾ ਕਰੇ ਤਾਂ ਉਹ ਲੋਕ ਮਨਾਂ ਵਿੱਚੋਂ ਛੇਤੀ ਹੀ ਉਤਰ ਜਾਂਦਾ ਹੈ। ਅਜਿਹੇ ਲੋਕ ਕੇਵਲ ਆਪਣੇ ਅਹੁਦੇ ਕਾਰਨ ਹੀ ਮਜਬੂਰੀ ਵੱਸ ਲੋਕਾਂ ਦੇ ਸਤਿਕਾਰ ਦੇ ਪਾਤਰ ਬਣਦੇ ਹਨ, ਪਰ ਜਦੋਂ ਅਹੁਦਾ ਚਲੇ ਜਾਂਦਾ ਹੈ ਤਾਂ ਇਨ੍ਹਾਂ ਨੂੰ ਕੋਈ ਬੁਲਾਉਣ ਲਈ ਵੀ ਤਿਆਰ ਨਹੀਂ ਹੁੰਦਾ। ਉਂਜ ਵੀ ਸਮਾਜ ਵਿੱਚ ਹੰਕਾਰੀ ਮਨੁੱਖ ਨੂੰ ਕੋਈ ਬਹੁਤਾ ਪਸੰਦ ਨਹੀਂ ਕਰਦਾ।

ਅਜੋਕੇ ਸਮਿਆਂ ਵਿੱਚ ਤਾਂ ਕੁਝ ਲੋਕ ਵਿਸ਼ਾਲ ਕੋਠੀਆਂ, ਮਹਿੰਗੀਆਂ ਕਾਰਾਂ, ਕੀਮਤੀ ਕੱਪੜਿਆਂ, ਗਹਿਣਿਆਂ, ਵਿਦੇਸ਼ੀ ਵਸਤਾਂ ਤੇ ਸੁੱਖ-ਸਹੂਲਤਾਂ ਦੇ ਮਹਿੰਗੇ ਸਾਮਾਨ ਦਾ ਦਿਖਾਵਾ ਕਰਕੇ ਜਾਂ ਇਸ ਵਾਰੇ ਦੂਜਿਆਂ ਨਾਲ ਵਧਾਅ-ਚੜ੍ਹਾਅ ਕੇ ਗੱਲਾਂ ਕਰਕੇ, ਆਪਣੇ ਹਉਮੈ ਨੂੰ ਹੀ ਪੱਠੇ ਪਾਉਂਦੇ ਹਨ। ਦੂਜਿਆਂ ਦਾ ਹੱਕ ਮਾਰ ਕੇ ਜਾਂ ਦੋ ਨੰਬਰ ਦੇ ਧੰਦਿਆਂ ਵਿੱਚੋਂ ਕਮਾਈ ਦੌਲਤ ਨਾਲ ਪੈਸਾ ਤੇ ਪਦਾਰਥਕ ਵਸਤਾਂ ਨਾਲ ਘਰ ਤਾਂ ਭਰੇ ਜਾ ਸਕਦੇ ਹਨ, ਪਰ ਮਨ ਦੀ ਸ਼ਾਂਤੀ ਤੇ ਸਕੂਨ ਪ੍ਰਾਪਤ ਨਹੀਂ ਹੋ ਸਕਦਾ। ਅੱਜਕੱਲ੍ਹ ਤਾਂ ਸੋਸ਼ਲ ਮੀਡੀਆ ਉੱਤੇ ਵੀ ਕੁਝ ਲੋਕਾਂ ਵੱਲੋਂ ਹਉਮੈ ਦਾ ਭਰਵਾਂ ਪ੍ਰਗਟਾਵਾ ਕਰਕੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੀ ਦੁਰਵਰਤੋਂ ਕਰਕੇ ਨਫ਼ਰਤ ਫੈਲਾਈ ਜਾ ਰਹੀ ਹੈ।

ਪੰਜਾਬੀ ਫਿਲਮ ‘ਕਲੀ-ਜੋਟਾ’ ਵਿੱਚ ਗਾਇਆ ਸਤਿੰਦਰ ਸਰਤਾਜ ਦਾ ਬੇਹੱਦ ਮਕਬੂਲ ਹੋਇਆ ਗੀਤ ਅੱਜਕੱਲ੍ਹ ਹਰ ਜ਼ੁਬਾਨ ’ਤੇ ਚੜ੍ਹਿਆ ਹੋਇਆ ਹੈ। ਗੀਤ ਕੇਵਲ ਮਨੋਰੰਜਨ ਲਈ ਹੀ ਨਹੀਂ ਹੁੰਦੇ, ਇਸ ਵਿੱਚ ਛੁਪੇ ਸੁਨੇਹੇ ਦੇ ਅਰਥਾਂ ਨੂੰ ਵੀ ਮਨ ਵਿੱਚ ਵਸਾ ਕੇ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ…

ਕਿਤੇ ਨਹੀਂ ਤੇਰਾ ਰੁਤਬਾ ਘਟਦਾ,

ਜੇ ਹੱਸ ਕੇ ਬੁਲਾ ਲਵੇਂ

ਕਿਤੇ ਨਹੀਂ ਸ਼ਾਨੋਂ-ਸ਼ੌਕਤਾਂ ਜਾਂਦੀਆਂ,

ਜੇ ਮੁਹੱਬਤਾਂ ਜਤਾ ਲਵੇਂ