ਜ਼ਿਮਨੀ ਚੋਣ: ਕੇਜਰੀਵਾਲ ਤੇ ਭਗਵੰਤ ਮਾਨ ਅਗਲੇ ਹਫ਼ਤੇ ਪੁੱਜਣਗੇ ਜਲੰਧਰ

ਜ਼ਿਮਨੀ ਚੋਣ: ਕੇਜਰੀਵਾਲ ਤੇ ਭਗਵੰਤ ਮਾਨ ਅਗਲੇ ਹਫ਼ਤੇ ਪੁੱਜਣਗੇ ਜਲੰਧਰ

ਮਾਨ ਕਰਨਾਟਕ ਵਿੱਚ ਕਰ ਰਹੇ ਨੇ ਪਾਰਟੀ ਦੇ ਹੱਕ ’ਚ ਚੋਣ ਪ੍ਰਚਾਰ
ਚੰਡੀਗੜ੍ਹ – ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਗਲੇ ਹਫ਼ਤੇ ਜਲੰਧਰ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਮੈਦਾਨ ਵਿੱਚ ਕੁੱਦਣਗੇ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਲਈ ਜਲੰਧਰ ਚੋਣ ਵੱਕਾਰੀ ਹੈ। ਇਸ ਕਰਕੇ ਆਉਂਦੇ ਦਿਨਾਂ ਵਿੱਚ ਦੋਵੇਂ ਸਿਆਸੀ ਹਸਤੀਆਂ ਜਲੰਧਰ ਦੇ ਚੋਣ ਪਿੜ ਵਿੱਚ ਹਾਜ਼ਰ ਰਹਿਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ ਕਰਨਾਟਕ ਚਲੇ ਗਏ ਸਨ ਜਿੱਥੇ ਉਨ੍ਹਾਂ ਅੱਜ ਰੋਡ ਸ਼ੋਅ ਕੀਤਾ ਹੈ। ਭਲਕੇ ਮਈ ਦਿਵਸ ਮੌਕੇ ਵੀ ਉਹ ਕਰਨਾਟਕ ਵਿਚ ਚੋਣ ਪ੍ਰਚਾਰ ਕਰਨਗੇ। ਉਹ ਮੰਗਲਵਾਰ ਨੂੰ ਪੰਜਾਬ ਮੁੜ ਆਉਣਗੇ।

ਆਮ ਆਦਮੀ ਪਾਰਟੀ ਜਲੰਧਰ ਜ਼ਿਮਨੀ ਚੋਣ ਵਿਚ ਸੰਗਰੂਰ ਜ਼ਿਮਨੀ ਚੋਣ ਵਿਚ ਹੋਈ ਹਾਰ ਦੇ ਦਾਗ਼ ਧੋਣਾ ਚਾਹੁੰਦੀ ਹੈ। ਜੇ ਪਾਰਟੀ ਨੂੰ ਕਾਮਯਾਬੀ ਮਿਲੀ ਤਾਂ ਵਿਰੋਧੀਆਂ ਨੂੰ ਮੁੜ ਹੱਲੇ ਕਰਨ ਦਾ ਮੌਕਾ ਨਹੀਂ ਮਿਲੇਗਾ। ਜੇ ਆਮ ਆਦਮੀ ਪਾਰਟੀ ਪੱਛੜ ਜਾਂਦੀ ਹੈ ਤਾਂ ਆਮ ਲੋਕਾਂ ਵਿਚ ਵੀ ‘ਆਪ’ ਪ੍ਰਤੀ ਨਜ਼ਰੀਆ ਬਦਲਣਾ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਐਤਕੀਂ ਜ਼ਿਆਦਾ ਸਮਾਂ ਜਲੰਧਰ ਚੋਣ ਨੂੰ ਦੇ ਰਹੇ ਹਨ। ਦੂਜੇ ਪਾਸੇ, ਕਾਂਗਰਸ ਪਾਰਟੀ ਵੀ ਇਕਜੁੱਟ ਹੋ ਕੇ ਮੈਦਾਨ ਵਿਚ ਉੱਤਰੀ ਹੋਈ ਹੈ। ਕਾਂਗਰਸ ਦੇ ਸਾਰੇ ਦਿੱਗਜ਼ ਜੋਟੀ ਪਾ ਕੇ ਚੱਲ ਰਹੇ ਹਨ।

ਭਾਜਪਾ ਦੇ ਵੱਡੇ ਨੇਤਾਵਾਂ ਨੇ ਜਲੰਧਰ ਵਿਚ ਡੇਰੇ ਲਾਏ ਹੋਏ ਹਨ। ਭਾਜਪਾ ਆਗੂ ਜਗਦੀਪ ਸਿੰਘ ਨਕਈ ਆਖਦੇ ਹਨ ਕਿ ਜਲੰਧਰ ਦੇ ਪਿੰਡਾਂ ਵਿਚ ਵੀ ਭਾਜਪਾ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਵਿਕਾਸ ਦੇ ਮੁੱਦੇ ’ਤੇ ‘ਆਪ’ ਸਰਕਾਰ ਪੂਰੀ ਤਰ੍ਹਾਂ ਅਸਫ਼ਲ ਹੋ ਗਈ ਹੈ ਅਤੇ ਲੋਕ ਹੁਣ ਭਾਜਪਾ ਨੂੰ ਬਦਲ ਵਜੋਂ ਦੇਖ ਰਹੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਆਗੂ ਵੀ ਚੋਣ ਮੁਹਿੰਮ ਵਿਚ ਕੁੱਦੇ ਹੋਏ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਕਰ ਕੇ ਪਾਰਟੀ ਦੀ ਮੁਹਿੰਮ ਪ੍ਰਭਾਵਿਤ ਹੋਈ ਹੈ। ਜਲੰਧਰ ਦੇ ਚੋਣ ਮੈਦਾਨ ਵਿਚ ‘ਆਪ’ ਵੱਲੋਂ ਸ਼ਹਿਰਾਂ ’ਚ ਰੋਡ ਸ਼ੋਅ ਕੀਤੇ ਜਾ ਰਹੇ ਹਨ ਜਦੋਂਕਿ ਦੂਜੀਆਂ ਸਿਆਸੀ ਧਿਰਾਂ ਵੱਲੋਂ ਛੋਟੀਆਂ ਚੋਣ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ। ਕਾਂਗਰਸ ਦਾ ਜਲੰਧਰ ਹਲਕਾ ਗੜ੍ਹ ਰਿਹਾ ਹੈ। ਕਾਂਗਰਸ ਦਾ ਦਾਅਵਾ ਹੈ ਕਿ ਉਹ ਆਪਣਾ ਕਿਲ੍ਹਾ ਬਰਕਰਾਰ ਰੱਖੇਗੀ ਜਦੋਂਕਿ ਬਾਕੀ ਸਿਆਸੀ ਧਿਰਾਂ ਨੇ ਕਾਂਗਰਸ ਦੇ ਕਿਲ੍ਹੇ ਵਿਚ ਸੰਨ੍ਹ ਲਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ।