ਜ਼ਾਪੋਰਿਜ਼ੀਆ: ਰੂਸ ਦੇ ਹਮਲੇ ’ਚ 17 ਵਿਅਕਤੀ ਹਲਾਕ

ਜ਼ਾਪੋਰਿਜ਼ੀਆ-ਰੂਸ ਨੇ ਯੂਕਰੇਨੀ ਸ਼ਹਿਰ ਜ਼ਾਪੋਰਿਜ਼ੀਆ ਦੇ ਅਪਾਰਟਮੈਂਟਾਂ ਅਤੇ ਹੋਰ ਟਿਕਾਣਿਆਂ ’ਤੇ ਜ਼ੋਰਦਾਰ ਗੋਲਾਬਾਰੀ ਕੀਤੀ ਜਿਸ ’ਚ 17 ਵਿਅਕਤੀ ਹਲਾਕ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ।

ਇਹ ਹਮਲੇ ਉਸ ਸਮੇਂ ਹੋਏ ਹਨ ਜਦੋਂ ਕ੍ਰੀਮੀਆ ਅਤੇ ਰੂਸ ਨੂੰ ਜੋੜਨ ਵਾਲੇ ਪੁਲ ਦੇ ਕੁਝ ਹਿੱਸਿਆਂ ਨੂੰ ਧਮਾਕੇ ਮਗਰੋਂ ਨੁਕਸਾਨ ਪਹੁੰਚਿਆ ਸੀ। ਰੂਸ ਨੇ ਦਾਅਵਾ ਕੀਤਾ ਹੈ ਕਿ ਪੁਲ ’ਤੇ ਰੇਲਗੱਡੀਆਂ ਦੀ ਆਵਾਜਾਈ ਮੁੜ ਤੋਂ ਸ਼ੁਰੂ ਹੋ ਗਈ ਹੈ। ਸਿਟੀ ਕਾਊਂਸਿਲ ਦੇ ਸਕੱਤਰ ਅਨਾਤੋਲੀ ਕੁਰਤੇਵ ਨੇ ਕਿਹਾ ਕਿ ਜ਼ਾਪੋਰਿਜ਼ੀਆ ’ਚ ਰਾਤ ਨੂੰ ਕਈ ਰਾਕੇਟ ਦਾਗ਼ੇ ਗਏ ਜਿਸ ’ਚ 20 ਪ੍ਰਾਈਵੇਟ ਘਰ ਅਤੇ 50 ਅਪਾਰਟਮੈਂਟ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਉਸ ਨੇ ਦੱਸਿਆ ਕਿ ਕਰੀਬ 40 ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਯੂਕਰੇਨੀ ਫ਼ੌਜ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਟੈਲੀਗ੍ਰਾਮ ’ਤੇ ਪੋਸਟ ਲਿਖੀ ਕਿ ਜ਼ਾਪੋਰਿਜ਼ੀਆ ਨੂੰ ਮੁੜ ਨਿਸ਼ਾਨਾ ਬਣਾਇਆ ਗਿਆ ਹੈ। ‘ਆਮ ਲੋਕਾਂ ’ਤੇ ਬੇਰਹਿਮ ਹਮਲੇ। ਅੱਧੀ ਰਾਤ ਨੂੰ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ।’