ਜ਼ਹਿਰੀਲੀ ਗੈਸ: ਜਾਂਚ ਟੀਮ ਵੱਲੋਂ ਨਿਗਮ ਤੇ ਪ੍ਰਦੂਸ਼ਣ ਬੋਰਡ ਦੇ ਮੁਲਾਜ਼ਮਾਂ ਦੇ ਬਿਆਨ ਕਲਮਬੰਦ

ਜ਼ਹਿਰੀਲੀ ਗੈਸ: ਜਾਂਚ ਟੀਮ ਵੱਲੋਂ ਨਿਗਮ ਤੇ ਪ੍ਰਦੂਸ਼ਣ ਬੋਰਡ ਦੇ ਮੁਲਾਜ਼ਮਾਂ ਦੇ ਬਿਆਨ ਕਲਮਬੰਦ

ਲੁਧਿਆਣਾ- ਗਿਆਸਪੁਰਾ ਇਲਾਕੇ ’ਚ ਜ਼ਹਿਰੀਲੀ ਗੈਸ ਲੀਕ ਮਾਮਲੇ ਵਿੱਚ ਪੰਜ ਦਿਨ ਦੀ ਜਾਂਚ ਤੋਂ ਬਾਅਦ ਵੀ ਕਿਸੇ ਟੀਮ ਦੇ ਹੱਥ ਕੋਈ ਸਬੂਤ ਨਹੀਂ ਲੱਗ ਸਕਿਆ। ਉਥੇ ਹੀ ਇਸ ਮਾਮਲੇ ਵਿੱਚ ਲੱਗੀ ਐੱਸਆਈਟੀ ਨੇ ਆਪਣੀ ਜਾਂਚ ਤੇਜ਼ ਕਰਦਿਆਂ ਦੋ ਦਿਨਾਂ ਵਿੱਚ ਕਰੀਬ 20-25 ਜਣਿਆਂ ਦੇ ਬਿਆਨ ਕਲਮਬੰਦ ਕੀਤੇ ਹਨ। ਟੀਮ ਨੇ ਇਸ ਮਾਮਲੇ ’ਚ ਸਭ ਤੋਂ ਪਹਿਲਾਂ ਗੈਸ ਦੀ ਲਪੇਟ ’ਚ ਆਉਣ ਵਾਲੇ ਗੋਇਲ ਕੋਲਡਰਿੰਕ ਸਟੋਰ ਦੇ ਮਾਲਕ ਗੌਰਵ ਗੋਇਲ ਤੋਂ ਵੀ ਘਟਨਾ ਦੀ ਜਾਣਕਾਰੀ ਲਈ ਹੈ। ਐੱਸਆਈਟੀ ਦੀ ਅਗਵਾਈ ਕਰ ਰਹੇ ਡਿਪਟੀ ਕਮਿਸ਼ਨਰ ਆਫ਼ ਪੁਲੀਸ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਦੋ ਦਿਨ ਵਿੱਚ ਐੱਸਆਈਟੀ ਨੇ ਆਪਣੀ ਜਾਂਚ ਨੂੰ ਅੱਗੇ ਵਧਾਇਆ ਹੈ। ਪੁਲੀਸ ਇਸ ਮਾਮਲੇ ’ਚ ਹਰ ਪਹਿਲੂ ’ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 20 ਤੋਂ 25 ਜਣਿਆਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ’ਚ ਪ੍ਰਦੂਸ਼ਣ ਬੋਰਡ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਘਟਨਾ ਮੌਕੇ ਮੌਜੂਦ ਲੋਕਾਂ ਤੋਂ ਵੀ ਪੁੱਛ-ਪੜਤਾਲ ਕੀਤੀ ਗਈ ਹੈ। ਡੀਸੀਪੀ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਸਿਵਲ ਹਸਪਤਾਲ ਦੇ ਡਾ. ਚਰਨਕਮਲ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਕਈ ਪਹਿਲੂਆਂ ’ਤੇ ਉਨ੍ਹਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਡੀਸੀਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਜਲਦੀ ਰਿਪੋਰਟ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਵੀ ਕਸੂਰਵਾਰ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।