ਜ਼ਮਾਨਾ ਸੋਸ਼ਲ ਮੀਡੀਆ ਦਾ ਦੀਵਾਨਾ

ਜ਼ਮਾਨਾ ਸੋਸ਼ਲ ਮੀਡੀਆ ਦਾ ਦੀਵਾਨਾ

30 ਜੂਨ ਕੌਮਾਂਤਰੀ ਸੋਸ਼ਲ ਮੀਡੀਆ ਦਿਵਸ ਮੌਕੇ

ਜਗਜੀਤ ਸਿੰਘ ਗਣੇਸ਼ਪੁਰ

ਮੌਜੂਦਾ ਸਮੇਂ ਸੋਸ਼ਲ ਮੀਡੀਆ ਦਾ ਜਾਦੂ ਹਰ ਕਿਸੇ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਬੱਚੇ, ਨੌਜਵਾਨ, ਬਜ਼ੁਰਗ, ਹਰ ਆਮ-ਖਾਸ, ਨੇਤਾ-ਅਭਿਨੇਤਾ ਭਾਵ ਸਭ ਇਸ ਦੇ ਦੀਵਾਨੇ ਹੋਏ ਪਏ ਨੇ..! ਸੋਸ਼ਲ ਮੀਡੀਆ, ਜਿਸ ਨੂੰ ਪੰਜਾਬੀ ਵਿੱਚ ਬਿਜਲ ਸੱਥ ਵੀ ਕਹਿ ਸਕਦੇ ਹਾਂ, ਨੇ ਸਾਡੇ ਜੀਵਨ ’ਤੇ ਗਹਿਰੀ ਛਾਪ ਛੱਡੀ ਹੈ। ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਇਹ ਸਾਡੇ ਹਰ ਸਾਹ ਦਾ ਸਾਥੀ ਬਣ ਚੁੱਕਾ ਹੈ। ਹੋਵੇ ਵੀ ਕਿਉਂ ਨਾ? ਜਦੋਂ ਪਲ-ਪਲ ਦੀ ਹਰ ਖੇਤਰ ਦੀ ਅਪਡੇਟ ਇਸ ਉਪਰ ਨਸ਼ਰ ਹੁੰਦੀ ਰਹਿੰਦੀ ਹੈ।

ਡਾਟਾ ਰਿਪੋਰਟਰ ਅਰਪੈਲ 2023 ਦੀ ਵਿਸ਼ਵਵਿਆਪੀ ਸੰਖੇਪ ਜਾਣਕਾਰੀ ਦੇ ਅਨੁਸਾਰ, ਅਸੀਂ ਦੇਖ ਸਕਦੇ ਹਾਂ ਕਿ ਸੋਸ਼ਲ ਮੀਡੀਆ ਦੀ ਵਿਕਾਸ ਦਰ ਲਗਾਤਾਰ ਵਧ ਰਹੀ ਹੈ: ਅੱਧੇ ਤੋਂ ਵੱਧ ਸੰਸਾਰ (59.9 ਫੀਸਦੀ) ਹੁਣ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਹੈ। ਦੁਨੀਆ ਭਰ ਦੇ 4.80 ਅਰਬ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਪਿਛਲੇ 12 ਮਹੀਨਿਆਂ ਵਿੱਚ 15 ਕਰੋੜ ਨਵੇਂ ਉਪਭੋਗਤਾ ਆਨਲਾਈਨ ਆਏ ਹਨ। ਇਸ ਹੀ ਸੰਦਰਭ ਵਿੱਚ ਹਰ ਸਾਲ 30 ਜੂਨ ਨੂੰ ਪੂਰੀ ਦੁਨੀਆਂ ਵਿੱਚ ਸੋਸ਼ਲ ਮੀਡੀਆ ਦਿਨ ਮਨਾਇਆ ਜਾਂਦਾ ਹੈ ਤਾਂ ਜੋ ਇਸ ਦੀ ਹਾਂ-ਪੱਖੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਭਵਿੱਖੀ ਚੁਣੌਤੀਆਂ ਨਾਲ ਨਜਿੱਠਣ ਦੀ ਰਣਨੀਤੀ ਬਣਾਈ ਜਾ ਸਕੇ। ਇਕ ਰਿਪੋਰਟ ਅਨੁਸਾਰ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਰੋਜ਼ਾਨਾ ਔਸਤਨ 2 ਘੰਟੇ 24 ਮਿੰਟ ਲਾਈਕ, ਸ਼ੇਅਰ ਅਤੇ ਟਿੱਪਣੀਆਂ ਕਰਨ ਵਿੱਚ ਲਗਾਉਂਦੇ ਹਾਂ। ਇਹ ਕਿਸੇ ਵੀ ਅੰਦੋਲਨ ਨੂੰ ਲੋਕ ਲਹਿਰ ਬਣਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। #ਬਲੈਕ ਲਾਈਵਜ਼ਮੈਟਰ, #ਮੀਟੂ ਕੰਪੇਨ, #ਕਿਸਾਨ ਅੰਦੋਲਨ ਅਜਿਹੀਆਂ ਮਿਸਾਲਾਂ ਹਨ ਜਿਨ੍ਹਾਂ ਦੀ ਕਾਮਯਾਬੀ ਪਿੱਛੇ ਬਿਜਲ ਸੱਥ ਦਾ ਹੀ ਯੋਗਦਾਨ ਸੀ।

ਜੇ ਇਸ ਦੇ ਨਾਂਹ-ਪੱਖੀ ਪੱਖ ਬਾਰੇ ਚਰਚਾ ਕਰੀਏ ਤਾਂ ਇਸ ਵਿੱਚ ਸੋਸ਼ਲ ਮੀਡੀਆ ਦੀ ਆਦਤ, ਗੁੰਮਰਾਹਕੁਨ ਇਸ਼ਤਿਹਾਰ, ਸਾਈਬਰ ਅਪਰਾਧ, ਜਾਅਲੀ ਖ਼ਬਰਾਂ, ਜਾਅਲੀ ਖਾਤੇ, ਧੋਖਾਧੜੀ ਅਤੇ ਭੱਦੀਆਂ ਟਿੱਪਣੀਆਂ ਆਦਿ ਮੁੱਖ ਹਨ। ਸੂਚਨਾਵਾਂ ਜਾਂ ਜਾਣਕਾਰੀਆਂ ਦੇ ਇਸ ਅਥਾਹ ਸਮੁੰਦਰ ਵਿੱਚ ਸੱਚੀਆਂ ਖਬਰਾਂ ਝੂਠੀਆਂ ਅਤੇ ਝੂਠੀਆਂ ਖਬਰਾਂ ਸੱਚੀਆਂ ਪ੍ਰਤੀਤ ਹੁੰਦੀਆਂ ਹਨ। ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਸ ਵਿੱਚ ਬੌਧਿਕਤਾ ਦਾ ਜੋ ਦੀਵਾਲੀਆਪਨ ਵੇਖਣ ਨੂੰ ਮਿਲ ਰਿਹਾ ਹੈ, ਆਨਲਾਈਨ ਗਿਰਝਾਂ ਰੂਪੀ ਅੰਨ੍ਹੇ ਭਗਤ ਗੰਦੀਆਂ ਅਸਭਿਅਕ ਟਿੱਪਣੀਆਂ ਰਾਹੀ ਵਿਰੋਧੀ ਵਿਚਾਰਾਂ ਵਾਲੇ ਇਨਸਾਨਾਂ ਦੀ ਨੋਚ-ਨੋਚ ਕੇ ਕਿਰਦਾਰਕੁਸ਼ੀ ਕਰਦੇ ਵੇਖੇ ਜਾ ਸਕਦੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਅਣ-ਪ੍ਰਮਾਣਿਤ ਇਸ਼ਤਿਹਾਰ, ਤਸਵੀਰਾਂ, ਨਫ਼ਰਤੀ ਭਾਸ਼ਣ ਅਤੇ ਜਾਅਲੀ ਖ਼ਬਰਾਂ ਲੰਬੇ ਸਮੇਂ ਤੋਂ ਚੁਣੌਤੀ ਬਣ ਰਹੀਆਂ ਹਨ। ਅੱਜ ਜਦੋਂ ਦੁਨੀਆਂ ਇਕ ਨਿੱਕਾ ਜਿਹਾ ਈ-ਪਿੰਡ ਬਣ ਗਈ ਹੈ ਤਾਂ ਇਸ ਬਾਰੇ ਵਿਚਾਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਜੋ ਅਸੀਂ ਸ਼ੇਅਰ ਜਾਂ ਫਾਰਵਰਡ ਕਰ ਰਹੇ ਹਾਂ ਕੀ ਉਹ ਤੱਥਾਂ ਅਨੁਸਾਰ ਸਹੀ ਵੀ ਹੈ, ਕਿ ਸਿਰਫ਼ ਅਫਵਾਹਾਂ ਦਾ ਮੱਕੜ ਜਾਲ। ਇਸ ਸਾਲ ਫਰਵਰੀ ਮਹੀਨੇ ਤਾਮਿਲਨਾਡੂ ਵਿੱਚ ‘ਬਿਹਾਰੀ ਪਰਵਾਸੀ ਮਜ਼ਦੂਰਾਂ’ ’ਤੇ ਹਮਲਾ ਕਰਨ ਦਾ ਦਾਅਵਾ ਕਰਨ ਵਾਲੀਆਂ ਕਈ ਸੋਸ਼ਲ ਮੀਡੀਆ ਪੋਸਟਾਂ ਨੇ ਦੋਵਾਂ ਰਾਜਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਸੀ। ਦੇਸ਼ ਦੇ ਆਈਟੀ ਨਿਯਮਾਂ ਵਿਚ ਨਵੀਂ ਸੋਧ ਮੁਤਾਬਕ ਟਵਿੱਟਰ ਅਤੇ ਫੇਸਬੁੱਕ ਵਰਗੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਛੇਤੀ ਹੀ ਭਾਰਤ ਸਰਕਾਰ ਦੀ ਪ੍ਰਸਤਾਵਿਤ ਫੈਕਟ ਚੈਕ ਯੂਨਿਟ ਦੁਆਰਾ ਗਲਤ ਜਾਣਕਾਰੀ ਵਜੋਂ ਫਲੈਗ ਕੀਤੇ ਆਪਣੇ ਪਲੇਟਫਾਰਮਾਂ ’ਤੇ ਸਮੱਗਰੀ ਲਈ ਕਾਨੂੰਨੀ ਜ਼ਿੰਮੇਵਾਰੀ ਚੁੱਕਣੀ ਪਵੇਗੀ। ਇਸ ਦਾ ਦੂਜਾ ਪੱਖ ਇਹ ਵੀ ਹੈ ਕਿ ਬਿਜਲ ਸੱਥ ਨੂੰ ਵਿਚਾਰਾਂ ਦੇ ਪ੍ਰਗਟਾਵੇ ਦਾ ਪ੍ਰਮੁੱਖ ਸਾਧਨ ਮੰਨਿਆ ਜਾਂਦਾ ਹੈ, ਲੇਕਿਨ ਪਿਛਲੇ ਕੁਝ ਸਾਲਾਂ ਤੋਂ ਅਜਿਹੇ ਇਲਜ਼ਾਮ ਵੀ ਲੱਗ ਰਹੇ ਹਨ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧੀ ਵਿਚਾਰਾਂ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਕੋਈ ਵੀ ਸਰਕਾਰ ਆਪਣੇ ਵਿਰੋਧੀ ਵਿਚਾਰਾਂ ਨੂੰ ਨਾ ਸੁਣਨਾ ਚਾਹੁੰਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਅਵਾਮ ਤੱਕ ਪਹੁੰਚਣ ਦੇਣਾ ਚਾਹੁੰਦੀ ਹੈ। ਸ਼ਾਇਦ ਇਸੇ ਕਰਕੇ ਇੰਟਰਨੈੱਟ ਪਾਬੰਦੀ, ਖਾਤਿਆਂ ਉਪਰ ਪਾਬੰਦੀ ਅਤੇ ਰੋਕਾਂ ਅਕਸਰ ਵੇਖਣ-ਸੁਣਨ ਨੂੰ ਮਿਲਦੀਆਂ ਹਨ। ਇਸੇ ਸੰਦਰਭ ਵਿੱਚ ਇਕ ਤਾਜ਼ਾ ਯੂਟਿਊਬ ਸ਼ੋਅ ਬ੍ਰੇਕਿੰਗ ਪੁਆਇੰਟਸ ਨੂੰ ਇੰਟਰਵਿਊ ਦੌਰਾਨ ਟਵਿੱਟਰ ਦੇ ਸਹਿ-ਸੰਸਥਾਪਕ ਅਤੇ ਸਾਬਕਾ ਸੀਈਓ ਜੈਕ ਡੋਰਸੀ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਮਾਈਕ੍ਰੋ-ਬਲੌਗਿੰਗ ਸਾਈਟ ਨੂੰ 2020-21 ਦੇ ਕਿਸਾਨ ਅੰਦੋਲਨ ਨਾਲ ਸਬੰਧਤ ਖਾਤਿਆਂ ਨੂੰ ਸੀਮਤ ਕਰਨ ਦੇ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿਚ ਬੰਦ ਕਰਨ ਦੀ ਧਮਕੀ ਦਿੱਤੀ ਸੀ। ਉਂਝ ਸਰਕਾਰ ਨੇ ਡੋਰਸੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਅਜਿਹੇ ਦੋਸ਼ ਵੀ ਸੋਸ਼ਲ ਮੀਡੀਆ ਉਪਰ ਲੱਗ ਰਹੇ ਹਨ ਕਿ ਇਸ ਪਲੇਟਫਾਰਮ ਨੂੰ ਅਵਾਮ ਦੀਆਂ ਧਾਰਨਾਵਾਂ ਬਦਲਣ ਲਈ ਵੀ ਵਰਤਿਆ ਜਾ ਰਿਹਾ ਹੈ। ਇਸ ਰਾਹੀਂ ਤੁਹਾਡੀ ਹਰ ਨਿੱਕੀ ਤੋਂ ਨਿੱਕੀ ਹਲਚਲ ਨੂੰ ਨੋਟ ਕੀਤਾ ਜਾਂਦਾ ਹੈ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਸੋਸ਼ਲ ਮੀਡੀਆ ਕਦੇ ਵੀ ਅਸਲ-ਸੰਸਾਰ ਮਨੁੱਖੀ ਸਾਂਝ ਦਾ ਬਦਲ ਨਹੀਂ ਹੋ ਸਕਦਾ। ਵੱਖ- ਵੱਖ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਸੋਸ਼ਲ ਮੀਡੀਆ ਦੀ ਲਤ ਨਾਲ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਉੱਪਰ ਗੰਭੀਰ ਪ੍ਰਭਾਵ ਹੋ ਸਕਦੇ ਹਨ: ਸਵੈਮਾਣ ਵਿੱਚ ਕਮੀ, ਚਿੰਤਾ, ਉਦਾਸੀ, ਇੱਕਲਤਾ, ਨੀਂਦ ਵਿੱਚ ਵਿਘਨ, ਖਾਣ-ਪੀਣ ਦੀਆਂ ਆਦਤਾਂ ਵਿੱਚ ਗਿਰਾਵਟ ਆਦਿ।

ਇਸ ਸਭ ਦੇ ਬਾਵਜੂਦ ਇਸ ਦਾ ਜਾਦੂ ਬਰਕਰਾਰ ਹੈ, ਹਾਲੀਆ ਸਾਲਾਂ ਵਿੱਚ, ਸੋਸ਼ਲ ਮੀਡੀਆ ਕਾਰੋਬਾਰਾਂ ਅਤੇ ਸੰਸਥਾਵਾਂ ਲਈ ਅਹਿਮ ਸਾਧਨ ਬਣ ਗਿਆ ਹੈ, ਜੋ ਆਨਲਾਈਨ ਸੰਚਾਰ, ਗਾਹਕਾਂ ਦੀ ਸ਼ਮੂਲੀਅਤ ਤੇ ਡਿਜੀਟਲ ਮਾਰਕੀਟਿੰਗ ਲਈ ਨਵੇਂ ਮੌਕੇ ਦਿੰਦਾ ਹੈ। ਸਾਨੂੰ ਇਸ ਦੀ ਹਾਂਪੱਖੀ ਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਹ ਸਾਡੇ ਲਈ ਹੈ ਨਾ ਕਿ ਅਸੀਂ ਇਸ ਲਈ। ਇਸ ਦੀ ਲੋੜ ਅਨੁਸਾਰ ਹੀ ਵਰਤੋਂ ਕਰਨੀ ਚਾਹੀਦੀ ਹੈ।