ਜਲੰਧਰ ਜ਼ਿਮਨੀ ਚੋਣ: ‘ਆਪ’ ਨੇ ਢਾਹਿਆ ਕਾਂਗਰਸ ਦਾ ਕਿਲਾ

ਜਲੰਧਰ ਜ਼ਿਮਨੀ ਚੋਣ: ‘ਆਪ’ ਨੇ ਢਾਹਿਆ ਕਾਂਗਰਸ ਦਾ ਕਿਲਾ

ਸੁਸ਼ੀਲ ਰਿੰਕੂ ਨੇ 58 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਚੋਣ ਜਿੱਤੀ
ਜਲੰਧਰ-ਆਮ ਆਦਮੀ ਪਾਰਟੀ (ਆਪ) ਨੇ ਅੱਜ ਜਲੰਧਰ ਜ਼ਿਮਨੀ ਚੋਣ ਦੇ ਆਏ ਨਤੀਜਿਆਂ ’ਚ ਵੱਡੀ ਜਿੱਤ ਦਰਜ ਕਰਦਿਆਂ ਕਾਂਗਰਸ ਦਾ ਮਜ਼ਬੂਤ ਮੰਨਿਆ ਜਾਂਦਾ ਕਿਲ੍ਹਾ ਢਹਿ-ਢੇਰੀ ਕਰ ਦਿੱਤਾ ਹੈ। ‘ਆਪ’ ਦੇ ਸੁਸ਼ੀਲ ਰਿੰਕੂ ਨੇ 3,02,097 ਵੋਟਾਂ ਹਾਸਲ ਕਰਕੇ 58,691 ਵੋਟਾਂ ਦੇ ਫਰਕ ਨਾਲ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਨੂੰ ਹਰਾਇਆ। ਕਰਮਜੀਤ ਕੌਰ ਨੇ 2,43,450 ਵੋਟਾਂ ਹਾਸਲ ਕੀਤੀਆਂ। ਇਸ ਚੋਣ ਲਈ ਕੁੱਲ 8,87,086 ਲੋਕਾਂ ਨੇ ਵੋਟ ਪਾਈ ਸੀ। ਕਾਂਗਰਸ ਪਾਰਟੀ ਜਲੰਧਰ ਦੇ ਲੋਕ ਸਭਾ ਹਲਕੇ ’ਤੇ 1999 ਤੋਂ ਕਾਬਜ਼ ਚੱਲੀ ਆ ਰਹੀ ਸੀ।

ਸੁਸ਼ੀਲ ਰਿੰਕੂ ਨੇ ਜਲੰਧਰ ਪੱਛਮੀ ਹਲਕੇ ਤੋਂ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜੀ ਸੀ ਤੇ ਉਹ ਜੇਤੂ ਰਹੇ ਸਨ। ਦੂਜੀ ਵਾਰ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਆਗੂ ਸ਼ੀਤਲ ਅੰਗੁਰਾਲ ਤੋਂ ਹਾਰ ਗਏ ਸਨ। ਲੋਕ ਸਭਾ ਦੀ ਉਪ ਚੋਣ ਵੇਲੇ ਉਹ ਕਾਂਗਰਸ ਛੱਡ ਕੇ ‘ਆਪ’ ਵਿੱਚ ਆ ਗਏ ਸਨ। ਸੁਸ਼ੀਲ ਕੁਮਾਰ ਰਿੰਕੂ ‘ਆਪ’ ਦੇ ਪਹਿਲੇ ਐੱਮਪੀ ਬਣ ਗਏ ਹਨ ਜੋ ਜਲੰਧਰ ਤੋਂ ਲੋਕ ਸਭਾ ਵਿੱਚ ਨੁਮਾਇੰਦਗੀ ਕਰਨਗੇ। ਅੱਜ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਰਿੰਕੂ ਨੇ ਪਹਿਲੇ ਗੇੜ ਤੋਂ ਹੀ ਲੀਡ ਬਣਾ ਲਈ ਜੋ ਅਖੀਰ ਤੱਕ ਜਾਰੀ ਰਹੀ। ਵੋਟਾਂ ਦੀ ਗਿਣਤੀ ਦੇ ਕੁੱਲ 16 ਗੇੜ ਹੋਏ ਜਿਨ੍ਹਾਂ ਸਾਰਿਆਂ ਵਿੱਚ ਸੁਸ਼ੀਲ ਰਿੰਕੂ ਅੱਗੇ ਰਹੇ। ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ’ਚੋਂ 7 ਵਿੱਚ ‘ਆਪ’ ਅਤੇ ਦੋ ਵਿੱਚ ਕਾਂਗਰਸ ਜੇਤੂ ਰਹੀ। ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਪਹਿਲਾਂ ਤੀਜੇ ਨੰਬਰ ’ਤੇ ਚੱਲਦੇ ਆ ਰਹੇ ਸਨ ਪਰ ਉਹ ਆਖਰੀ ਗੇੜਾਂ ਵਿੱਚ ਪੱਛੜ ਗਏ। ਭਾਜਪਾ ਉਮੀਦਵਾਰ ਨੂੰ 1,34,706 ਵੋਟਾਂ ਮਿਲੀਆਂ, ਜਦਕਿ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ 1,58,354 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ। ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਨੂੰ ਸਿਰਫ਼ 20,354 ਵੋਟਾਂ ਹੀ ਮਿਲੀਆਂ। ਨੋਟਾ ਦਾ ਬਟਨ 6656 ਜਣਿਆਂ ਨੇ ਦਬਾਇਆ। ‘ਆਪ’ ਦੀ ਜਲੰਧਰ ਵਿੱਚ ਪਹਿਲੀ ਵਾਰ ਹੋਈ ਜਿੱਤ ’ਤੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਧਾਈ ਦਿੱਤੀ ਹੈ।