ਜਲੰਧਰ ਚ ਚਰਨਜੀਤ ਚੰਨੀ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਹਾਸਲ, 3,90, 053 ਵੋਟਾਂ ਕੀਤੀਆਂ ਹਾਸਲ

ਜਲੰਧਰ ਚ ਚਰਨਜੀਤ ਚੰਨੀ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਹਾਸਲ, 3,90, 053 ਵੋਟਾਂ ਕੀਤੀਆਂ ਹਾਸਲ

ਜਲੰਧਰ – ਪੰਜਾਬ ਵਿਚ 13 ਲੋਕ ਸਭਾ ਸੀਟਾਂ ‘ਤੇ 1 ਜੂਨ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ। ਲੋਕ ਸਭਾ ਹਲਕਾ ਜਲੰਧਰ ਵਿਚ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਹੈ। ਚਰਨਜੀਤ ਸਿੰਘ ਚੰਨੀ ਨੇ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਪਛਾੜਦੇ ਹੋਏ 3,90,053ਵੋਟਾਂ ਹਾਸਲ ਕੀਤੀਆਂ ਹਨ। ਉਥੇ ਹੀ ਸੁਸ਼ੀਲ ਕੁਮਾਰ ਰਿੰਕੂ ਦੂਜੇ ਨੰਬਰ ‘ਤੇ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਤੀਜੇ ਨੰਬਰ ‘ਤੇ ਜਦਕਿ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਚੌਥੇ ਨੰਬਰ ‘ਤੇ ਰਹਨ ਅਤੇ ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਪੰਜਵੇਂ ਨੰਬਰ ‘ਤੇ ਰਹੇ। ਚਨੀ 175993 ਵੋਟਾਂ ਦੇ ਅੰਤਰ ਨਾਲ ਜਿੱਤੇ ਹਨ।

ਦੱਸਣਯੋਗ ਹੈ ਕਿ ਲੋਕ ਸਭਾ ਹਲਕਾ ਜਲੰਧਰ ਵਿੱਚ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਸਰਕਾਰੀ ਪਟਵਾਰ ਸਕੂਲ, ਲੈਂਡ ਰਿਕਾਰਡ ਡਾਇਰੈਕਟਰ ਦਫ਼ਤਰ ਅਤੇ ਸਰਕਾਰੀ ਸਪੋਰਟਸ ਸਕੂਲ ਹੋਸਟਲ ਵਿੱਚ ਗਿਣਤੀ ਕੇਂਦਰ ਬਣਾਏ ਗਏ ਸਨ, ਜਿੱਥੇ ਵੋਟਾਂ ਦੀ ਗਿਣਤੀ ਕੀਤੀ ਗਈ। ਸ਼ੁਰੂਆਤੀ ਰੁਝਾਨਾਂ ਤੋਂ ਹੀ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਗੇ ਚੱਲਦੇ ਆ ਰਹੇ ਸਨ। ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਹੁਣ ਤੱਕ ਦੇ ਰੁਝਾਨ

ਚਰਨਜੀਤ ਸਿੰਘ ਚੰਨੀ (ਕਾਂਗਰਸ)-390053 ਵੋਟਾਂ
ਸੁਸ਼ੀਲ ਰਿੰਕੂ (ਭਾਜਪਾ) – 214060
ਪਵਨ ਟੀਨੂ (ਆਪ)- 208889
ਮਹਿੰਦਰ ਸਿੰਘ ਕੇਪੀ (ਅਕਾਲੀ ਦਲ)-67167
ਬਲਿਵੰਦਰ ਕੁਮਾਰ (ਬਸਪਾ) – 67911

ਇਨ੍ਹਾਂ ਉਮੀਦਵਾਰਾਂ ਵਿਚਾਲੇ ਹੋ ਰਿਹੈ ਸਖ਼ਤ ਮੁਕਾਬਲਾ
ਲੋਕ ਸਭਾ ਹਲਕਾ ਜਲੰਧਰ ਤੋਂ ਬਹੁਤੇ ਉਮੀਦਵਾਰ ਅਜਿਹੇ ਹਨ, ਜਿਹੜੇ ਇਕ ਪਾਰਟੀ ਛੱਡ ਕੇ ਦੂਜੀ ਅਤੇ ਤੀਜੀ ’ਚ ਵੀ ਸ਼ਾਮਲ ਹੋਏ ਹਨ। ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਇਸ ’ਚ ਪਹਿਲੇ ਸਥਾਨ ’ਤੇ ਹਨ, ਜਿਨ੍ਹਾਂ ਮੌਜੂਦਾ ਸੰਸਦ ਮੈਂਬਰ ਵਜੋਂ ਟਿਕਟ ਛੱਡ ਕੇ ਭਾਜਪਾ ਦੀ ਪਾਰਟੀ ਜੁਆਇਨ ਕੀਤੀ ਸੀ। ਆਮ ਆਦਮੀ ਪਾਰਟੀ ਦੇ ਮੌਜੂਦਾ ਉਮੀਦਵਾਰ ਪਵਨ ਟੀਨੂੰ ਪਹਿਲਾਂ ਵੀ ਇਸ ਹਲਕੇ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ। ਅਕਾਲੀ ਦਲ ਤੋਂ ਪਹਿਲਾਂ ਉਹ ਬਸਪਾ ’ਚ ਸਨ। ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਉਮੀਦਵਾਰ ਮਹਿੰਦਰ ਸਿੰਘ ਕੇ. ਪੀ. ਵੀ ਪਹਿਲਾਂ ਇਸ ਹਲਕੇ ਤੋਂ ਬਤੌਰ ਕਾਂਗਰਸੀ ਉਮੀਦਵਾਰ ਜਿੱਤ ਪ੍ਰਾਪਤ ਕਰ ਚੁੱਕੇ ਹਨ ਪਰ ਇਸ ਵਾਰ ਟਿਕਟ ਨਾ ਮਿਲਣ ਦੇ ਰੋਸ ਵਜੋਂ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਕਾਂਗਰਸ ਵੱਲੋਂ ਜਿੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਮੈਦਾਨ ਵਿਚ ਹਨ, ਉਥੇ ਹੀ ਬਸਪਾ ਪਾਰਟੀ ਵੱਲੋਂ ਬਲਵਿੰਦਰ ਕੁਮਾਰ ਚੋਣ ਮੈਦਾਨ ‘ਚ ਹਨ। ਇਨ੍ਹਾਂ ਪੰਜਾਂ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਜਨਤਾ ਵੱਲੋਂ ਤੈਅ ਕੀਤਾ ਜਾਵੇਗਾ। ਵੇਖਣਾ ਦਿਲਚਸਪ ਹੋਵੇਗਾ ਕਿ ਇਨ੍ਹਾਂ ਪੰਜੋਂ ਉਮੀਦਵਾਰਾਂ ਵਿਚੋਂ ਲੋਕ ਸਭਾ ਸੰਸਦ ਤੱਕ ਪਹੁੰਚਣ ਲਈ ਕੌਣ ਬਾਜ਼ੀ ਮਾਰਦਾ ਹੈ।
ਜਾਣੋ ਜਲੰਧਰ ਲੋਕ ਸਭਾ ਹਲਕੇ ‘ਚ ਕਿੰਨੇ ਫ਼ੀਸਦੀ ਰਹੀ ਵੋਟਿੰਗ
1 ਜੂਨ ਨੂੰ ਹੋਈ ਵੋਟਿੰਗ ਦਰਮਿਆਨ ਜਲੰਧਰ ਲੋਕ ਸਭਾ ਹਲਕੇ ਲਈ ਕੁੱਲ 59.07 ਫ਼ੀਸਦੀ ਪੋਲਿੰਗ ਹੋਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਲੋਕ ਸਭਾ ਹਲਕਾ 04-ਜਲੰਧਰ (ਏ. ਡੀ.) ਅਧੀਨ ਪੈਂਦੇ ਵਿਧਾਨ ਸਭਾ ਹਲਕਾ ਫਿਲੌਰ ਵਿੱਚ 57.80 ਫ਼ੀਸਦੀ, ਸ਼ਾਹਕੋਟ ਵਿੱਚ 58.79 ਫ਼ੀਸਦੀ, ਨਕੋਦਰ ਵਿਚ 58.40 ਫ਼ੀਸਦੀ, ਕਰਤਾਰਪੁਰ ‘ਚ 57.98 ਫ਼ੀਸਦੀ, ਜਲੰਧਰ ਸੈਂਟਰਲ ‘ਚ 56.40 ਫ਼ੀਸਦੀ, ਜਲੰਧਰ ਪੱਛਮੀ ‘ਚ 64.00 ਫ਼ੀਸਦੀ, ਜਲੰਧਰ ਉੱਤਰੀ ‘ਚ 62.10 ਫ਼ੀਸਦੀ, ਜਲੰਧਰ ਕੈਂਟ ‘ਚ 57.95 ਫ਼ੀਸਦੀ ਅਤੇ ਹਲਕਾ ਆਦਮਪੁਰ ‘ਚ 58.50 ਫ਼ੀਸਦੀ ਵੋਟਿੰਗ ਹੋਈ।