ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਕਰਜ਼ੇ ਦੀ ਅਦਾਇਗੀ ਲਈ 100 ਕਰੋੜ ਦਾ ਕਰਜ਼ਾ

ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਕਰਜ਼ੇ ਦੀ ਅਦਾਇਗੀ ਲਈ 100 ਕਰੋੜ ਦਾ ਕਰਜ਼ਾ

ਲੁਧਿਆਣਾ, ਅੰਮ੍ਰਿਤਸਰ, ਰਾਜਪੁਰਾ ਤੇ ਕਰਤਾਰਪੁਰ ਨਗਰ ਸੁਧਾਰ ਟਰੱਸਟਾਂ ਦੇ ਫੰਡ ਕੀਤੇ ਤਬਦੀਲ
ਰਾਜਪੁਰਾ- ਜਲੰਧਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਸੂਬਾ ਸਰਕਾਰ ਨੇ ਵੱਖ ਵੱਖ ਨਗਰ ਸੁਧਾਰ ਟਰੱਸਟਾਂ ਦੇ ਕਰੋੜਾਂ ਰੁਪਏ ਦੇ ਫੰਡ ਜਲੰਧਰ ਇੰਪਰੂਵਮੈਂਟ ਟਰੱਸਟ (ਜੇਆਈਟੀ) ਨੂੰ ਤਬਦੀਲ ਕਰ ਦਿੱਤੇ ਹਨ। ਜੇਆਈਟੀ ਸਿਰ ਇਸ ਵੇਲੇ 100 ਕਰੋੜ ਰੁਪੲੇ ਤੋਂ ਵੱਧ ਦਾ ਕਰਜ਼ਾ ਹੈ। ਕਰਜ਼ੇ ਦੀ ਇਸ ਪੰਡ ਨੂੰ ਹਲਕਾ ਕਰਨ ਲਈ ਹੀ ਜੇਆਈਟੀ ਨੂੰ ਹੋਰਨਾਂ ਟਰੱਸਟਾਂ ਦਾ ਪੈਸਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਜੇਆਈਟੀ ਦੀ ਵਿੱਤੀ ਹਾਲਤ ਦਾ ਉਸ ਦੇ ਬੈਂਕ ਕੋਲ ਗਹਿਣੇ ਪਏ ਸਟੇਡੀਅਮ ਤੇ ਦਫ਼ਤਰ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜਲੰਧਰ ਟਰੱਸਟ ਸਿਰੇ ਚੜ੍ਹੇ ਬਕਾਇਆ ਕਰਜ਼ਿਆਂ ਨੂੰ ਖ਼ਤਮ ਕਰਨ ਲਈ ਵਿਖਾਈ ਕਾਹਲ ਪਿਛਲੇ ਇਕ ਮਹੀਨੇ ਦੌਰਾਨ ਫਾਈਲਾਂ ਨੂੰ ਵੱਖ ਵੱਖ ਵਿਭਾਗਾਂ ਵੱਲੋਂ ਤੇਜ਼ੀ ਨਾਲ ਦਿੱਤੀ ਪ੍ਰਵਾਨਗੀ ਤੋਂ ਸਾਫ਼ ਝਲਕਦੀ ਹੈ। ਕਾਂਗਰਸ ਆਗੂ ਸੰਤੋਖ ਸਿੰਘ ਚੌਧਰੀ ਦਾ ਪਿਛਲੇ ਮਹੀਨੇ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ ਸੀ, ਜਿਸ ਕਰਕੇ ਜ਼ਿਮਨੀ ਚੋਣ ਕਰਵਾਉਣ ਦੀ ਲੋੜ ਪਈ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਗਾਮੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਹੀ ਸਰਕਾਰ ਨੇ ਇੰਨੀ ਫੁਰਤੀ ਵਿਖਾਈ ਹੈ, ਕਿਉਂਕਿ ਵਿਕਾਸ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਪਹਿਲਾਂ ਜੇਆਈਟੀ ਨੂੰ ਵਿੱਤੀ ਸੰਕਟ ’ਚੋਂ ਕੱਢਣਾ ਜ਼ਰੂਰੀ ਹੈ। ਰਾਜਪੁਰਾ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਕਈ ਸੜਕਾਂ ਨੂੰ ਫੌਰੀ ਮੁਰੰਮਤ ਦੀ ਲੋੜ ਹੈ ਤੇ ਹੋਰ ਕਈ ਕੰਮ ਬਕਾਇਆ ਹਨ, ਪਰ ਇਸ ਦੇ ਬਾਵਜੂਦ ਰਾਜਪੁਰਾ ਟਰੱਸਟ ਕੋਲ ਪਈ ਕੁੱਲ 6 ਕਰੋੜ ਦੀ ਰਾਸ਼ੀ ’ਚੋਂ 3 ਕਰੋੜ ਜੇਆਈਟੀ ਨੂੰ ਤਬਦੀਲ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਗੜ੍ਹ ਵਿੱਚ ਸੰਗਰੂਰ ਸੰਸਦੀ ਸੀਟ ਤੋਂ ਜ਼ਿਮਨੀ ਚੋਣ ਹਾਰਨ ਮਗਰੋਂ ਸੱਤਾਧਾਰੀ ‘ਆਪ’ ਜਲੰਧਰ ਜ਼ਿਮਨੀ ਚੋਣ ਨੂੰ ਆਪਣੀ ਸਾਖ਼ ਦੀ ਲੜਾਈ ਵਜੋਂ ਲੈ ਰਹੀ ਹੈ। ਜੇਆਈਟੀ ਨੇ 150 ਕਰੋੜ ਰੁਪੲੇ ਦਾ ਕਰਜ਼ਾ ਲਿਆ ਸੀ ਜਦੋਂਕਿ ਅਦਾਇਗੀ ’ਚ ਦੇਰੀ ਕਰਕੇ ਉਸ ਵੱਲ 167 ਕਰੋੜ ਰੁਪਏ ਦਾ ਬਕਾਇਆ ਹੈ। ਪੰਜਾਬ ਸਰਕਾਰ ਦੋ ਮਹੀਨੇ ਪਹਿਲਾਂ ਜੇਆਈਟੀ ਲਈ ਲੁਧਿਆਣਾ ਤੇ ਅੰਮ੍ਰਿਤਸਰ ਟਰੱਸਟਾਂ ਤੋਂ 50-50 ਕਰੋੜ ਰੁਪਏ ਦਾ ਕਰਜ਼ਾ ਲੈਣ ਵਿੱਚ ਸਫ਼ਲ ਰਹੀ ਸੀ। ਬੈਂਕ ਨੂੰ ਕਰਜ਼ੇ ਦੇ ਨਿਬੇੜੇ ਲਈ ਯੱਕਮੁਸ਼ਤ 112 ਕਰੋੜ ਰੁਪਏ ਦੇਣ ਦਾ ਫੈਸਲਾ ਹੋਇਆ ਸੀ। ਬੈਂਕ ਨੂੰ ਹਾਲ ਹੀ ਵਿੱਚ 12 ਕਰੋੜ ਰੁਪਏ ਅਦਾ ਕੀਤੇ ਗਏ ਹਨ, ਜਿਸ ਵਿਚੋਂ ਸਰਕਾਰ ਨੇ ਆਪਣੇ ਖ਼ਜ਼ਾਨੇ ’ਚੋਂ ਸਿਰਫ਼ 2 ਕਰੋੜ ਜਦੋਂਕਿ ਬਾਕੀ ਬਚਦੀ ਰਕਮ ’ਚੋਂ 5 ਕਰੋੜ ਲੁਧਿਆਣਾ ਟਰੱਸਟ, 3 ਕਰੋੜ ਰਾਜਪੁਰਾ ਟਰੱਸਟ ਤੇ 2 ਕਰੋੜ ਰੁਪਏ ਕਰਤਾਰਪੁਰ ਟਰੱਸਟ ’ਚੋਂ ਦਿੱਤੇ ਹਨ।