ਜਲਵਾਯੂ ਸੰਮੇਲਨ: ਅਮਰੀਕਾ ਵੱਲੋਂ ਮੀਥੇਨ ਨਿਕਾਸੀ ’ਤੇ ਲਗਾਮ ਕੱਸਣ ਲਈ ਯਤਨ

ਜਲਵਾਯੂ ਸੰਮੇਲਨ: ਅਮਰੀਕਾ ਵੱਲੋਂ ਮੀਥੇਨ ਨਿਕਾਸੀ ’ਤੇ ਲਗਾਮ ਕੱਸਣ ਲਈ ਯਤਨ

ਬਾਇਡਨ ਵੱਲੋਂ ਨਵੇਂ ਨਿਯਮਾਂ ਬਾਰੇ ਐਲਾਨ ਦੀ ਤਿਆਰੀ; ਸੀਓਪੀ27 ਵਿਚ ਹਿੱਸਾ ਲੈਣ ਲਈ ਮਿਸਰ ਪੁੱਜੇ
ਵਾਸ਼ਿੰਗਟਨ- ਅਮਰੀਕਾ ਵੱਲੋਂ ਮੀਥੇਨ ਨਿਕਾਸੀ ਘੱਟ ਕਰਨ ਲਈ ਯਤਨ ਵਿੱਢੇ ਗਏ ਹਨ। ਬਾਇਡਨ ਪ੍ਰਸ਼ਾਸਨ ਵੱਲੋਂ ਇਕ ਪਾਸੇ ਤੇਲ ਤੇ ਗੈਸ ਸਨਅਤਾਂ ਕਾਰਨ ਵਧ ਰਹੀ ਤਪਸ਼ ਉਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਕੀਮਤਾਂ ਘਟਾਉਣ ਲਈ ਉਤਪਾਦਕਾਂ ਉਤੇ ਜ਼ਿਆਦਾ ਤੇਲ ਕੱਢਣ ਲਈ ਵੀ ਜ਼ੋਰ ਪਾਇਆ ਜਾ ਰਿਹਾ ਹੈ। ਮਿਸਰ ਵਿਚ ਹੋ ਰਹੇ ਜਲਵਾਯੂ ਸੰਮੇਲਨ ਵਿਚ ਬਾਇਡਨ ਵੱਲੋਂ ਇਕ ਨਵੇਂ ਪੂਰਕ ਨਿਯਮ ਬਾਰੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ ਜੋ ਮੀਥੇਨ ਦੀ ਨਿਕਾਸੀ ਉਤੇ ਬੰਦਿਸ਼ਾਂ ਲਾਉਣ ਨਾਲ ਸਬੰਧਤ ਹੈ। ਅਮਰੀਕਾ ਦੇ ਰਾਸ਼ਟਰਪਤੀ ਮਿਸਰ ਵਿਚ ਹੋ ਰਹੇ ਜਲਵਾਯੂ ਸਿਖ਼ਰ ਸੰਮੇਲਨ ਵਿਚ ਹਿੱਸਾ ਲੈਣ ਲਈ ਆ ਰਹੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਉਨ੍ਹਾਂ 100 ਮੁਲਕਾਂ ਵਿਚ ਸ਼ਾਮਲ ਹੈ ਜਿਨ੍ਹਾਂ 2030 ਤੱਕ ਮੀਥੇਨ ਨਿਕਾਸੀ 30 ਪ੍ਰਤੀਸ਼ਤ ਤੱਕ ਘਟਾਉਣ ਦਾ ਅਹਿਦ ਕੀਤਾ ਹੈ। ‘ਵਾਤਾਵਰਨ ਪ੍ਰੋਟੈਕਸ਼ਨ ਏਜੰਸੀ’ (ਈਪੀਏ) ਦੇ ਪ੍ਰਸ਼ਾਸਕ ਮਾਈਕਲ ਰੀਗਨ ਜੋ ਕਿ ਮਿਸਰ ਦੇ ਸੰਮੇਲਨ ਵਿਚ ਹਿੱਸਾ ਲੈ ਰਹੇ ਹਨ, ਨੇ ਕਿਹਾ ਕਿ ਮੀਥੇਨ ਪ੍ਰਦੂਸ਼ਣ ਰੋਕਣ ਲਈ ਮਿਸਾਲ ਬਣਨਾ ਪਵੇਗਾ ਜੋ ਕਿ ਜਲਵਾਯੂ ਤਬਦੀਲੀ ਦਾ ਸਭ ਤੋਂ ਵੱਡਾ ਕਾਰਨ ਹੈ। ਅਮਰੀਕਾ ਵਿਚ ਕਾਂਗਰਸ ਵੱਲੋਂ ਮਨਜ਼ੂਰ ਕੀਤੇ ਗਏ ਇਕ ਨਵੇਂ ਕਾਨੂੰਨ ਤਹਿਤ ਵੀ ਮੀਥੇਨ ਨਿਕਾਸੀ ਘਟਾਉਣ ਦਾ ਉੱਦਮ ਕੀਤਾ ਗਿਆ ਹੈ। ਊਰਜਾ ਉਤਪਾਦਕਾਂ ਉਤੇ ਟੈਕਸ ਲਾਇਆ ਗਿਆ ਹੈ। ਇਸੇ ਦੌਰਾਨ ਮਿਸਰ ਵਿਚ ਅੱਜ ਮੁਜ਼ਾਹਰਾਕਾਰੀਆਂ ਨੇ ਯੁਗਾਂਡਾ ਤੇ ਤਨਜ਼ਾਨੀਆ ਵਿਚੋਂ ਲੰਘਣ ਵਾਲੀ ਕੱਚੇ ਤੇਲ ਦੀ ਪਾਈਪਲਾਈਨ ਦਾ ਵਿਰੋਧ ਕੀਤਾ ਹੈ। ਇਸ ਦੇ ਵਾਤਾਵਰਨ ਉਤੇ ਪੈਣ ਵਾਲੇ ਅਸਰਾਂ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਹੈ। ਸੀਓਪੀ27 ਸੰਮੇਲਨ ਦੌਰਾਨ ਮੁਜ਼ਾਹਰਾਕਾਰੀਆਂ ਵੱਲੋਂ ਜੈਵ ਈਂਧਨਾਂ ’ਤੇ ਆਲਮੀ ਨਿਵੇਸ਼ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ।