ਜਲਮਗਨ ਹੋਏ ਪਿੰਡਾਂ ਦੀ ਪ੍ਰਸ਼ਾਸਨ ਨੇ ਨਾ ਲਈ ਸਾਰ

ਜਲਮਗਨ ਹੋਏ ਪਿੰਡਾਂ ਦੀ ਪ੍ਰਸ਼ਾਸਨ ਨੇ ਨਾ ਲਈ ਸਾਰ

ਪਾਤੜਾਂ- ਪੰਜਾਬ ਤੇ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਰਾਮਪੁਰ ਪੜਤਾ ਦੇ ਨੇੜ੍ਹੇ ਬੰਨ੍ਹ ਵਿੱਚ ਕਈ ਫੁੱਟ ਲੰਮਾ ਅਤੇ ਡੂੰਘਾ ਪਾੜ ਪੈ ਜਾਣ ਕਾਰਨ ਤਿੰਨ ਪਿੰਡਾਂ ਦਾ 13 ਦਿਨ ਸੜਕੀ ਸੰਪਰਕ ਟੁੱਟਿਆ ਰਿਹਾ ਹੈ। ਹੜ੍ਹ ਦਾ ਪਾਣੀ ਉੱਤਰ ਜਾਣ ਮਗਰੋਂ ਲੋਕਾਂ ਨੇ ਫੁੱਟ-ਫੁੱਟ ਕੇ ਰੋਂਦਿਆਂ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਨਾ ਕੀਤੇ ਜਾਣ ਦੇ ਦੋਸ਼ ਲਾਏ ਹਨ। ਇਥੇ ਹੜ੍ਹ ਦੌਰਾਨ ਮਕਾਨ ਦੀ ਛੱਤ ਡਿੱਗਣ ਨਾਲ ਬਜ਼ੁਰਗ ਔਰਤ ਦੀ ਮੌਤ ਹੋ ਗਈ ਸੀ ਜਿਸ ਮਗਰੋਂ ਪੰਜਾਬ ਸਰਕਾਰ ਦੀ ਕਿਸ਼ਤੀ ਨਾ ਮਿਲਣ ’ਤੇ ਹਰਿਆਣਾ ਸਰਕਾਰ ਦੀ ਕਿਸ਼ਤੀ ਰਾਹੀਂ ਲਿਜਾ ਕੇ ਸਸਕਾਰ ਕੀਤਾ ਗਿਆ ਸੀ। ਦੂਸਰੇ ਪਾਸੇ ਪ੍ਰਸ਼ਾਸਨ ਅਤੇ ਵਿਧਾਇਕ ਵੱਲੋਂ ਜੇਸੀਬੀ ਭੇਜਣ ਅਤੇ ਹੋਰ ਪ੍ਰਬੰਧ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।

ਰਾਮਪੁਰ ਪੜਤਾ ਦੇ ਜਸਪਾਲ ਸਿੰਘ, ਮੀਤਾ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਨੇੜੇ ਹੜ੍ਹ ਦੌਰਾਨ ਕਰੀਬ 70 ਫੁੱਟ ਲੰਬਾ ਅਤੇ ਡੂੰਘਾ ਪਾੜ ਪੈਣ ਕਰਕੇ ਪਿੰਡ ਰਾਮਪੁਰ ਪੜਤਾ, ਊਝਾਂ ਅਤੇ ਦਵਾਰਕਾਪੁਰ ਦਾ ਪੰਜਾਬ ਨਾਲੋਂ ਸੜਕੀ ਸੰਪਰਕ ਟੁੱਟ ਗਿਆ ਸੀ। ਪ੍ਰਸ਼ਾਸਨ ਨੂੰ ਬਹੁਤ ਫੋਨ ਕੀਤੇ ਗਏ ਪਰ ਉਨ੍ਹਾਂ ਦੀ ਮਦਦ ਲਈ ਕੋਈ ਨਾ ਆਇਆ ਸਗੋਂ ਪ੍ਰਸ਼ਾਸਨ ਨੇ ਸਕੂਲ ਵਿੱਚ ਬਚਾਅ ਕਾਰਜਾਂ ਲਈ ਰੱਖਿਆ ਸਮਾਨ ਵੀ ਨਹੀਂ ਚੁੱਕਣ ਦਿੱਤਾ। ਆਖਰ ਉਨ੍ਹਾਂ ਸਰਪੰਚ ਨੇ ਕੁੱਝ ਮਜ਼ਦੂਰ ਮਨਰੇਗਾ ਵਾਲੇ ਤੇ 100 ਤੋਂ ਵੱਧ ਮਜ਼ਦੂਰ 700 ਰੁਪਏ ਪ੍ਰਤੀ ਦਿਹਾਤੀ ’ਤੇ ਲਿਆ ਕੇ ਮਕਾਨਾਂ ਨੂੰ ਰੁੜਨ ਤੋਂ ਬਚਾਇਆ ਹੈ। ਉਨ੍ਹਾਂ ਨੇ ਚਾਰ ਦਿਨਾਂ ਵਿਚ 2 ਲੱਖ ਦੇ ਕਰੀਬ ਖਰਚੇ ਹਨ ਇਸੇ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਦੀ ਸਹਾਇਤਾ ਲਈ ਕੋਈ ਨਹੀਂ ਆਇਆ। ਉਨ੍ਹਾਂ ਕਿਹਾ ਹੈ ਕਿ ਪ੍ਰਸ਼ਾਸਨ ਨੇ ਮਿੱਟੀ ਦੀ ਟਰਾਲੀ ਭੇਜਣ ਤੋਂ ਸਿਵਾਏ ਕੁਝ ਨਹੀਂ ਕੀਤਾ। ਇਸੇ ਪਿੰਡ ਦੀ ਸੁਰੇਸ਼ ਰਾਣੀ ਨੇ ਦੱਸਿਆ ਕਿ ਹੜ੍ਹ ਦਾ ਪਾਣੀ ਉਨ੍ਹਾਂ ਦੀ ਬਾਲਮੀਕ ਬਸਤੀ ਵਿੱਚ ਭਰ ਜਾਣ ’ਤੇ ਕੱਚੇ ਮਕਾਨ ਦੇ ਡਿੱਗਣ ਨਾਲ ਉਸ ਦੀ ਸੱਸ ਮੇਵਾ ਦੇਵੀ ਦੀ ਮੌਤ ਹੋ ਗਈ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਸਸਕਾਰ ਵਾਸਤੇ ਲਿਜਾਉਣ ਲਈ ਕਿਸ਼ਤੀ ਦੀ ਮੰਗ ਕੀਤੀ ਪਰ ਕੋਈ ਨਾ ਆਇਆ। ਆਖਰ ਹਰਿਆਣਾ ਸਰਕਾਰ ਦੀ ਕਿਸ਼ਤੀ ਮੰਗਵਾ ਕੇ ਸਸਕਾਰ ਕੀਤਾ ਸੀ। ਉਕਤ ਬਸਤੀ ਦੇ ਕਈ ਮਕਾਨ ਡਿੱਗੇ ਤੇ ਕਈਆਂ ਨੂੰ ਤਰੇੜਾਂ ਆਈਆਂ ਹਨ। ਐਸਡੀਐਮ ਪਾਤੜਾਂ ਨਵਦੀਪ ਕੁਮਾਰ ਨੇ ਕਿਹਾ ਕਿ ਰਾਮਪੁਰ ਪੜਤਾ ਵਿੱਚ ਹੋਈ ਬ੍ਰਿਧ ਔਰਤ ਦੀ ਮੌਤ ਬਾਰੇ ਪੜਤਾਲ ਕੀਤੀ ਜਾਵੇਗੀ ਤੇ ਉਨ੍ਹਾਂ ਸਰਕਾਰ ਵੱਲੋਂ ਮਿਲਣ ਵਾਲੀ ਸਹਾਇਤਾ ਰਾਸ਼ੀ ਦਿਵਾਏ ਜਾਣ ਦਾ ਯਕੀਨ ਦਿਵਾਇਆ ਹੈ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਉਨ੍ਹਾਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਕਹਿ ਕੇ ਜੇਸੀਬੀ ਭੇਜਵਾ ਕੇ ਮਿੱਟੀ ਦਾ ਪ੍ਰਬੰਧ ਕਰ ਕੀਤਾ ਸੀ।