ਜਲਪਾਇਗੁੜੀ ਵਿੱਚ ਦੇਵੀ ਦੁਰਗਾ ਦੀਆਂ ਮੂਰਤੀਆਂ ਦੇ ਵਿਸਰਜਨ ਮੌਕੇ ਅੱਠ ਡੁੱਬੇ

ਮਰਨ ਵਾਲਿਆਂ ’ਚ ਪੰਜ ਔਰਤਾਂ ਤੇ 17 ਸਾਲਾ ਨੌਜਵਾਨ ਵੀ ਸ਼ਾਮਲ, ਹਾਦਸੇ ਮਗਰੋਂ ਹਾਕਮ ਤੇ ਵਿਰੋਧੀ ਧਿਰ ’ਚ ਸ਼ਬਦੀ ਜੰਗ ਛਿੜੀ
ਕੋਲਕਾਤਾ-ਜਲਪਾਇਗੁੜੀ ਦੀ ਮਾਲ ਨਦੀ ਵਿੱਚ ਮਾਂ ਦੁਰਗਾ ਦੀ ਮੂਰਤੀ ਦਾ ਵਿਸਰਜਨ ਕਰਦਿਆਂ ਇਕਦਮ ਆੲੇ ਹੜ੍ਹ ਕਰਕੇ ਅੱਠ ਵਿਅਕਤੀ ਡੁੱਬ ਗਏ। ਮਰਨ ਵਾਲਿਆਂ ’ਚ ਪੰਜ ਔਰਤਾਂ ਤੇ 17 ਸਾਲਾ ਨੌਜਵਾਨ ਵੀ ਸ਼ਾਮਲ ਹਨ।

ਹਾਦਸੇ ਮਗਰੋਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦਰਮਿਆਨ ਸ਼ਬਦੀ ਜੰਗ ਛਿੜ ਗਈ ਹੈ। ਭਾਜਪਾ ਨੇ ਸਥਾਨਕ ਪ੍ਰਸ਼ਾਸਨ ’ਤੇ ਲੋੜੀਂਦੇ ਸੁਰੱਖਿਆ ਪ੍ਰਬੰਧ ਨਾ ਕਰਨ ਦਾ ਦੋਸ਼ ਲਾਇਆ ਹੈ। ਉਧਰ ਹਾਕਮ ਟੀਐੱਮਸੀ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਭਗਵਾ ਕੈਂਪ ਨੂੰ ਕਿਹਾ ਕਿ ਉਹ ਸੂਬੇ ਵਿੱਚ ਹਾਦਸਿਆਂ ’ਤੇ ਰਾਜਨੀਤੀ ਕਰਨ ਦੀ ‘ਮੌਕਾਪ੍ਰਸਤ ਸਿਆਸਤ’ ਬੰਦ ਕਰੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਦਸੇ ਵਿੱਚ ਮਾਰੇ ਗਏ ਪੀੜਤਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਟਵੀਟ ਵਿੱਚ ਕਿਹਾ, ‘‘ਪੀਐੱਮ ਕੌਮੀ ਰਾਹਤ ਫੰਡ ਵਿਚੋਂ ਜਲਪਾਇਗੁੜੀ ਵਿੱਚ ਦੁਰਗਾ ਪੂਜਾ ਦੇ ਤਿਓਹਾਰ ਦੌਰਾਨ ਮੌਤ ਦੇ ਮੂੰਹ ਪਏ ਵਿਅਕਤੀਆਂ ਦੇ ਵਾਰਸਾਂ ਨੂੰ 2-2 ਲੱਖ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪੲੇ ਦਿੱਤੇ ਜਾਣਗੇ।’’ ਮੁੱਖ ਮੰਤਰੀ ਨੇ ਕਿਹਾ ਕਿ ਬੁੱਧਵਾਰ ਰਾਤ ਨੂੰ ਆਏ ਹੜ੍ਹ ਮਗਰੋਂ 70 ਦੇ ਕਰੀਬ ਵਿਅਕਤੀਆਂ ਨੂੰ ਬਚਾਇਆ ਗਿਆ ਹੈ ਤੇ 13 ਵਿਅਕਤੀ ਮਾਲ ਸੁਪਰਸਪੈਸ਼ਲਿਟੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਬੈਨਰਜੀ ਨੇ ਟਵੀਟ ਕੀਤਾ, ‘‘ਜਲਪਾਇਗੁੜੀ ਦੀ ਮਾਲ ਨਦੀ ਵਿੱਚ ਦੁਰਗਾ ਵਿਸਰਜਨ ਮੌਕੇ ਹੜ੍ਹ ਆ ਗਿਆ। ਅੱਠ ਲੋਕਾਂ ਦੀ ਮੌਤ ਹੋ ਗਈ ਤੇ ਮੈਂ ਇਸ ਮੁਸ਼ਕਲ ਸਮੇਂ ਵਿੱਚ ਪੀੜਤ ਪਰਿਵਾਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਦੁਆ ਕਰਦੀ ਹਾਂ।’’

ਇਕ ਅਧਿਕਾਰੀ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਪੰਜ ਔਰਤਾਂ ਤੇ 17 ਸਾਲਾ ਲੜਕਾ ਵੀ ਸ਼ਾਮਲ ਹੈ। ਮੁੱਖ ਮੰਤਰੀ ਨੇ ਕਿਹਾ, ‘‘ਪੁਲੀਸ, ਸਿਵਲ ਡਿਫੈਂਸ ਵਲੰਟੀਅਰਾਂ ਤੇ ਸਥਾਨਕ ਨੌਜਵਾਨਾਂ ਦੇ ਯਤਨਾਂ ਨਾਲ 70 ਦੇ ਕਰੀਬ ਲੋਕਾਂ ਨੂੰ ਬਚਾਇਆ ਗਿਆ ਹੈ। ਮੈਂ ਉਨ੍ਹਾਂ ਦੀ ਨਿਰਸਵਾਰਥ ਸੇਵਾ ਦੀ ਸ਼ਲਾਘਾ ਕਰਦੀ ਹਾਂ। ਹੁਣ ਤੱਕ ਕਿਸੇ ਵਿਅਕਤੀ ਦੇ ਲਾਪਤਾ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਐੱਨਡੀਆਰਐੇੱਫ ਤੇ ਐੱਸਡੀਆਰਐੱਫ ਦੀਆਂ ਟੀਮਾਂ ਵੱਲੋਂ ਖੋਜ ਤੇ ਰਾਹਤ ਕਾਰਜ ਜਾਰੀ ਹਨ।’’

ਉਧਰ ਜਲਪਾਇਗੁੜੀ ਦੇ ਜ਼ਿਲ੍ਹਾ ਮੈਜਿਸਟਰੇਟ ਮੌਮਿਤਾ ਗੋਦਾਰਾ ਨੇ ਕਿਹਾ ਕਿ ਵੀਰਵਾਰ ਦੁਪਹਿਰ ਤੱਕ ਸੌ ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। ਗੋਦਾਰਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਇਕ ਦਮ ਆਇਆ ਹੜ੍ਹ ਲੋਕਾਂ ਨੂੰ ਵਹਾਅ ਕੇ ਲੈ ਗਿਆ। ਜਦੋਂ ਇਹ ਘਟਨਾ ਵਾਪਰੀ 400 ਤੋਂ 500 ਲੋਕ ਨਦੀ ਕੰਢੇ ਖੜ੍ਹੇ ਸਨ। ਹੁਣ ਤੱਕ ਅੱਠ ਲਾਸ਼ਾਂ ਬਰਾਮਦ ਹੋਈਆਂ ਹਨ ਤੇ ਅਸੀਂ 100 ਦੇ ਕਰੀਬ ਲੋਕਾਂ ਨੂੰ ਬਚਾਇਆ ਹੈ।’’ ਗੋਦਾਰਾ ਨੇ ਲੋੜੀਂਦੇ ਸੁਰੱਖਿਆ ਪ੍ਰਬੰਧ ਨਾ ਹੋਣ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਉਧਰ ਪੱਛਮੀ ਬੰਗਾਲ ਅਸੈਂਬਲੀ ਵਿੱਚ ਵਿਰੋਧੀ ਧਿਰ ਅਤੇ ਭਾਜਪਾ ਆਗੂ ਸੁਵੇਂਦੂ ਅਧਿਕਾਰੀ ਨੇ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਅਣਗਹਿਲੀ ਵਰਤੇ ਜਾਣ ਦਾ ਦੋਸ਼ ਲਾਇਆ ਹੈ। ਅਧਿਕਾਰੀ ਨੇ ਕਿਹਾ, ‘‘ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ। ਪ੍ਰਸ਼ਾਸਨ ਨੂੰ ਵਧੇਰੇ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਅਜਿਹੇ ਹੜ੍ਹ ਪਹਾੜੀ ਇਲਾਕਿਆਂ ’ਚ ਆਮ ਗੱਲ ਹੈ।’’