ਜਯੋਤੀ ਯਾਰਾਜੀ ਨੇ 60 ਮੀਟਰ ਅੜਿੱਕਾ ਦੌੜ ’ਚ ਸੋਨ ਤਗ਼ਮਾ ਜਿੱਤਿਆ

ਜਯੋਤੀ ਯਾਰਾਜੀ ਨੇ 60 ਮੀਟਰ ਅੜਿੱਕਾ ਦੌੜ ’ਚ ਸੋਨ ਤਗ਼ਮਾ ਜਿੱਤਿਆ

ਤਹਿਰਾਨ- ਉਭਰਦੀ ਭਾਰਤੀ ਦੌੜਾਕ ਜਯੋਤੀ ਯਾਰਾਜੀ ਨੇ ਅੱਜ ਇੱਥੇ ਏਸ਼ਿਆਈ ਇਨਡੋਰ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੀ 60 ਮੀਟਰ ਅੜਿੱਕਾ ਦੌੜ ’ਚ 8.12 ਸਕਿੰਟ ਦਾ ਸਮਾਂ ਕੱਢ ਕੇ ਆਪਣੇ ਹੀ ਕੌਮੀ ਰਿਕਾਰਡ ਨੂੰ ਮਾਮੂਲੀ ਸੁਧਾਰਦਿਆਂ ਸੋਨ ਤਗ਼ਮਾ ਜਿੱਤਿਆ। ਸਾਲ 2022 ਦੀਆਂ ਏਸ਼ਿਆਈ ਖੇਡਾਂ ਦੀ 100 ਮੀਟਰ ਅੜਿੱਕਾ ਦੌੜ ’ਚ ਚਾਂਦੀ ਦਾ ਤਗ਼ਮਾ ਜੇਤੂ ਨੇ ਪਿਛਲੇ ਸਾਲ ਇਸੇ ਈਵੈਂਟ ਵਿੱਚ 8:13 ਦਾ ਸਰਵੋਤਮ ਸਮਾਂ ਸੀ, ਜਿਸ ਨਾਲ ਉਹ ਉਪ ਜੇਤੂ ਰਹੀ ਸੀ। ਇਸ 24 ਸਾਲਾ ਅਥਲੀਟ ਨੇ 8:22 ਸਕਿੰਟ ਦੇ ਸਮੇਂ ਨਾਲ ਆਪਣੀ ਹੀਟ ਨੂੰ ਸਿਖਰ ’ਤੇ ਰੱਖਿਆ ਅਤੇ ਫਾਈਨਲ ਵਿੱਚ ਉਸ ਨੇ ਜਾਪਾਨ ਦੀ ਆਸੁਕਾ ਟੇਰੇਡਾ (8.21 ਸਕਿੰਟ) ਤੋਂ ਅੱਗੇ ਰਹਿਣ ਲਈ ਬਿਹਤਰ ਪ੍ਰਦਰਸ਼ਨ ਕੀਤਾ। ਹਾਂਗਕਾਂਗ ਦੀ ਲੁਈ ਲਾਈ ਯੀਯੂ (8:26 ਸਕਿੰਟ) ਨੇ ਪੋਡੀਅਮ ’ਤੇ ਤੀਜਾ ਸਥਾਨ ਹਾਸਲ ਕੀਤਾ।

ਜਯੋਤੀ 100 ਮੀਟਰ ਅੜਿੱਕਾ ਦੌੜ ਵਿੱਚ ਮੌਜੂਦਾ ਏਸ਼ੀਅਨ ਆਊਟਡੋਰ ਚੈਂਪੀਅਨ ਹੈ, ਜਿਸ ਨੇ ਪਿਛਲੇ ਸਾਲ ਬੈਂਕਾਕ ਵਿੱਚ ਖ਼ਿਤਾਬ ਜਿੱਤਿਆ ਸੀ। ਸ਼ੁਰੂਆਤ ਵਿੱਚ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਉਸ ਨੇ ਹਾਂਗਜ਼ੂ ਏਸ਼ੀਅਨ ਖੇਡਾਂ ਵਿੱਚ 100 ਮੀਟਰ ਅੜਿੱਕਾ ਦੌੜ ਵਿੱਚ ਚਾਂਦੀ ਦੇ ਤਗ਼ਮੇ ਰਾਹੀਂ ਵਾਪਸੀ ਕੀਤੀ ਸੀ।