ਜਪਾਨ ਤੋਂ ਪਾਪੂਆ ਨਿਊ ਗਿਨੀ ਪਹੁੰਚੇ ਪ੍ਰਧਾਨ ਮੰਤਰੀ ਮੋਦੀ

ਜਪਾਨ ਤੋਂ ਪਾਪੂਆ ਨਿਊ ਗਿਨੀ ਪਹੁੰਚੇ ਪ੍ਰਧਾਨ ਮੰਤਰੀ ਮੋਦੀ

ਪੋਰਟ ਮੋਰੈਸਬੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਾਪੂਆ ਨਿਊ ਗਿਨੀ ਪਹੁੰਚੇ ਜਿੱਥੇ ਉਹ ਆਪਣੇ ਹਮਰੁਤਬਾ ਜੇਮਸ ਮਾਰਾਪੇ ਨਾਲ 22 ਮਈ ਨੂੰ ਭਾਰਤ-ਪ੍ਰਸ਼ਾਂਤ ਦੀਪ ਸਹਿਯੋਗ ਮੰਚ (ਐੱਫਆਈਪੀਆਈਸੀ) ਦੇ ਤੀਜੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਗੇ। ਇੱਥੇ ਹਵਾਈ ਅੱਡੇ ਉਤੇ ਪਹੁੰਚਣ ’ਤੇ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਾਰਾਪੇ ਨੇ ਮੋਦੀ ਦਾ ਸਵਾਗਤ ਕੀਤਾ ਤੇ ਸਨਮਾਨ ਵਜੋਂ ਉਨ੍ਹਾਂ ਦੇ ਪੈਰੀਂ ਹੱਥ ਵੀ ਲਾਏ।

ਤਿੰਨ ਦੇਸ਼ਾਂ ਦੇ ਆਪਣੇ ਦੌਰੇ ਦੇ ਦੂਜੇ ਗੇੜ ’ਚ ਮੋਦੀ ਪਾਪੂਆ ਨਿਊ ਗਿਨੀ ਪਹੁੰਚੇ ਹਨ। ਇਹ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਪਾਪੂਆ ਨਿਊ ਗਿਨੀ ਦੀ ਪਹਿਲੀ ਯਾਤਰਾ ਹੈ। ਪ੍ਰਧਾਨ ਮੰਤਰੀ ਜਪਾਨ ਤੋਂ ਇੱਥੇ ਪਹੁੰਚੇ ਹਨ ਜਿੱਥੇ ਉਨ੍ਹਾਂ ਜੀ-7 ਦੇ ਸਿਖਰ ਸੰਮੇਲਨ ’ਚ ਹਿੱਸਾ ਲਿਆ ਸੀ ਤੇ ਕਈ ਆਲਮੀ ਆਗੂਆਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ ਸਨ।

ਮੋਦੀ ਨੇ ਟਵੀਟ ਕੀਤਾ, ‘ਪਾਪੂਆ ਨਿਊ ਗਿਨੀ ਪਹੁੰਚ ਗਿਆ ਹਾਂ। ਮੈਂ ਹਵਾਈ ਅੱਡੇ ’ਤੇ ਆਉਣ ਅਤੇ ਮੇਰਾ ਸਵਾਗਤ ਕਰਨ ਲਈ ਪ੍ਰਧਾਨ ਮੰਤਰੀ ਜੇਮਸ ਮਾਰਾਪੇ ਦਾ ਸ਼ੁਕਰਗੁਜ਼ਾਰ ਹਾਂ। ਇਹ ਮਾਣ-ਸਨਮਾਨ ਬਹੁਤ ਹੀ ਖਾਸ ਹੈ ਜਿਸ ਨੂੰ ਮੈਂ ਹਮੇਸ਼ਾ ਯਾਦ ਰੱਖਾਂਗਾ। ਮੈਂ ਆਪਣੀ ਯਾਤਰਾ ਦੌਰਾਨ ਇਸ ਮਹਾਨ ਦੇਸ਼ ਨਾਲ ਭਾਰਤ ਦੇ ਸਬੰਧਾਂ ਨੂੰ ਹੁਲਾਰਾ ਦੇਣ ਲਈ ਉਤਸੁਕ ਹਾਂ।’ ਆਮ ਤੌਰ ’ਤੇ ਪਾਪੂਆ ਨਿਊ ਗਿਨੀ ਸੂਰਜ ਡੁੱਬਣ ਮਗਰੋਂ ਆਉਣ ਵਾਲੇ ਕਿਸੇ ਨੇਤਾ ਦਾ ਰਸਮੀ ਸਵਾਗਤ ਨਹੀਂ ਕਰਦਾ ਪਰ ਪ੍ਰਧਾਨ ਮੰਤਰੀ ਮੋਦੀ ਦਾ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ।