ਜਨਮ ਦਿਨ ਮਨਾਉਣ ਗਏ ਚਾਰ ਦੋਸਤ ਕਾਰ ਸਣੇ ਨਹਿਰ ’ਚ ਡਿੱਗੇ

ਜਨਮ ਦਿਨ ਮਨਾਉਣ ਗਏ ਚਾਰ ਦੋਸਤ ਕਾਰ ਸਣੇ ਨਹਿਰ ’ਚ ਡਿੱਗੇ

ਇੱਕ ਦੀ ਲਾਸ਼ ਮਿਲੀ, ਇਕ ਲਾਪਤਾ; ਡੱਲਾ ਪਿੰਡ ਦੇ ਵਾਸੀਆਂ ਨੇ ਰੁੜ੍ਹੇ ਜਾਂਦੇ ਦੋ ਨੌਜਵਾਨਾਂ ਨੂੰ ਬਚਾਇਆ
ਜਗਰਾਉਂ- ਇੱਥੋਂ ਨੇੜਲੇ ਪਿੰਡ ਲੱਖਾ ਦੇ ਚਾਰ ਨੌਜਵਾਨ ਜਨਮ ਦਿਨ ਮਨਾਉਣ ਲਈ ਘਰੋਂ ਗਏ ਪਰ ਰਾਹ ਵਿੱਚ ਉਹ ਜ਼ੈੱਨ ਕਾਰ ਸਮੇਤ ਡੱਲਾ ਨਹਿਰ ਵਿੱਚ ਜਾ ਡਿੱਗੇ। ਨਹਿਰ ਵਿੱਚ ਰੁੜ੍ਹੇ ਜਾ ਰਹੇ ਦੋ ਨੌਜਵਾਨਾਂ ਨੂੰ ਲੋਕਾਂ ਨੇ ਬਚਾਅ ਲਿਆ ਜਦ ਕਿ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਅਤੇ ਇੱਕ ਨੌਜਵਾਨ ਲਾਪਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਰਾਤ ਗਿਆਰਾਂ ਵਜੇ ਦੇ ਕਰੀਬ ਵਾਪਰੀ, ਜਦੋਂ ਦਿਲਪ੍ਰੀਤ ਸਿੰਘ (23) ਪੁੱਤਰ ਹਰਦੇਵ ਸਿੰਘ ਆਪਣਾ ਜਨਮ ਦਿਨ ਮਨਾਉਣ ਲਈ ਤਿੰਨ ਦੋਸਤਾਂ ਸਤਨਾਮ ਸਿੰਘ, ਇਕਬਾਲ ਸਿੰਘ ਅਤੇ ਮਨਜਿੰਦਰ ਸਿੰਘ ਨਾਲ ਜ਼ੈੱਨ ਕਾਰ ’ਤੇ ਸਵਾਰ ਹੋ ਕੇ ਪਿੰਡੋਂ ਪਾਰਟੀ ਕਰਨ ਗਿਆ।

ਚਾਰੇ ਦੋਸਤ ਪਿੰਡ ਮੱਲ੍ਹਾ ਵਿੱਚ ਪਾਰਟੀ ਕਰਨ ਮਗਰੋਂ ਜਦੋਂ ਡੱਲਾ ਵੱਲ ਜਾ ਰਹੇ ਸਨ ਤਾਂ ਮੱਲ੍ਹਾ-ਰਸੂਲਪੁਰ ਤੋਂ ਡੱਲਾ ਨੂੰ ਜਾਂਦੀ ਸੜਕ ’ਤੇ ਤਿੱਖੇ ਮੋੜ ਕਾਰਨ ਬੇਕਾਬੂ ਹੋਈ ਕਾਰ ਸਿੱਧੀ ਨਹਿਰ ਵਿੱਚ ਜਾ ਡਿੱਗੀ। ਜਾਣਕਾਰੀ ਮੁਤਾਬਕ ਕਾਰ ਨੂੰ ਖੁਦ ਦਿਲਪ੍ਰੀਤ ਚਲਾ ਰਿਹਾ ਸੀ ਅਤੇ ਸਤਨਾਮ ਸਿੰਘ ਉਸ ਦੇ ਨਾਲ ਅੱਗੇ ਵਾਲੀ ਸੀਟ ’ਤੇ ਬੈਠਾ ਸੀ। ਪਾਣੀ ਵਿੱਚ ਡਿੱਗਣ ਸਮੇਂ ਦਿਲਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਵੀ ਇੱਕ ਵਾਰ ਕਾਰ ’ਚੋਂ ਬਾਹਰ ਨਿਕਲ ਆਏ ਸਨ ਪਰ ਉਹ ਪਾਣੀ ਵਿੱਚ ਰੁੜ੍ਹ ਗਏ। ਇਕਬਾਲ ਸਿੰਘ ਅਤੇ ਮਨਜਿੰਦਰ ਸਿੰਘ ਪਿੱਛੇ ਬੈਠੇ ਸਨ ਤੇ ਉਹ ਕਾਰ ਉੱਤੇ ਚੜ੍ਹਨ ’ਚ ਸਫ਼ਲ ਹੋ ਗਏ। ਦੋਵਾਂ ਨੇ ਮਦਦ ਲਈ ਕਾਫ਼ੀ ਰੌਲਾ ਪਾਇਆ, ਜਿਸ ਨੂੰ ਸੁਣ ਕੇ ਪਿੰਡ ਡੱਲਾ ਦੇ ਕੁਝ ਨੌਜਵਾਨ ਤੇ ਹੋਰ ਲੋਕ ਮੌਕੇ ’ਤੇ ਪੁੱਜੇ। ਡੱਲਾ ਦੇ ਬੰਟੀ, ਕਾਲੂ ਤੇ ਮੋਟੂ ਨਾਂ ਦੇ ਨੌਜਵਾਨਾਂ ਨੇ ਦੋਵਾਂ ਨੌਜਵਾਨਾਂ ਨੂੰ ਨਹਿਰ ਵਿੱਚੋਂ ਕੱਢਿਆ। ਇਸ ਮਗਰੋਂ ਗੋਤਾਖੋਰਾਂ ਦੀ ਮਦਦ ਨਾਲ ਦਿਲਪ੍ਰੀਤ ਅਤੇ ਸਤਨਾਮ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਕਾਫ਼ੀ ਮੁਸ਼ੱਕਤ ਮਗਰੋਂ ਦਿਲਪ੍ਰੀਤ ਸਿੰਘ ਦੀ ਲਾਸ਼ 13 ਕਿਲੋਮੀਟਰ ਦੂਰ ਪਿੰਡ ਦੌਧਰ ਨੇੜੇ ਡਾਂਗੀਆਂ ਪੁਲ ਥੱਲਿਓਂ ਬਰਾਮਦ ਹੋਈ, ਜਦ ਕਿ 27 ਸਾਲਾ ਸਤਨਾਮ ਸਿੰਘ ਦੀ ਭਾਲ ਜਾਰੀ ਹੈ। ਹਾਦਸੇ ਵਿੱਚ ਬਚੇ ਨੌਜਵਾਨਾਂ ਮੁਤਾਬਕ ਪਹਿਲਾਂ ਉਨ੍ਹਾਂ ਗੁਰਦੁਆਰਾ ਮੈਹਦੇਆਣਾ ਸਾਹਿਬ ਮੱਥਾ ਟੇਕਿਆ ਤੇ ਫਿਰ ਪਾਰਟੀ ਕੀਤੀ। ਹਾਦਸਾ ਵਾਪਸੀ ਵੇਲੇ ਵਾਪਰਿਆ। ਇਕਬਾਲ ਸਿੰਘ ਅਤੇ ਮਨਜਿੰਦਰ ਸਿੰਘ ਮੋਨੂ ਨੇ ਦੱਸਿਆ ਕਿ ਉਹ ਇੱਕ ਘੰਟਾ ਅਤੇ ਦਸ ਮਿੰਟ ਤੱਕ ਕਾਰ ’ਤੇ ਚੜ੍ਹ ਕੇ ਮਦਦ ਲਈ ਰੌਲਾ ਪਾਉਂਦੇ ਰਹੇ। ਸਰਪੰਚ ਜਸਵੀਰ ਸਿੰਘ ਲੱਖਾ ਨੇ ਦੱਸਿਆ ਕਿ ਲਾਪਤਾ ਸਤਨਾਮ ਸਿੰਘ ਪਲੰਬਰ ਦਾ ਕੰਮ ਕਰਦਾ ਸੀ।