ਜਦੋਂ ਰੋਟੀ ਖਾਣ ਨੂੰ ਲੈ ਕੇ ਪਿਆ ਪੰਗਾ, ਜਾਣੋ ਦਿਲਚਸਪ ਕਿੱਸਾ

ਜਦੋਂ ਰੋਟੀ ਖਾਣ ਨੂੰ ਲੈ ਕੇ ਪਿਆ ਪੰਗਾ, ਜਾਣੋ ਦਿਲਚਸਪ ਕਿੱਸਾ

ਗੱਲ ਇਕ ਵੱਡੇ ਅਦਾਰੇ ਦੀ ਹੈ। ਗੱਲ ਗੰਭੀਰ ਤਾਂ ਨਹੀਂ ਸੀ ਪਰ ਉਸ ਨੂੰ ਅਨੁਸ਼ਾਸਨ ਦੀ ਸਮੱਸਿਆ ਦੱਸ ਕੇ ਮੁਲਾਜ਼ਮ ਦੀ ਸ਼ਿਕਾਇਤ ਕਰ ਦਿੱਤੀ ਗਈ। ਗੱਲ ਤਾਂ ਇੰਨੀ ਕੁ ਸੀ ਕਿ ਉਹ ਲੰਚ ਸਮੇਂ ਤੋਂ ਪਹਿਲਾਂ ਹੀ ਜਦੋਂ ਉਸ ਨੂੰ ਭੁੱਖ ਲੱਗਦੀ ਤਾਂ ਰੋਟੀ ਖਾ ਲੈਂਦਾ ਸੀ। ਸੈਕਸ਼ਨ ਇੰਚਾਰਜ ਨੇ ਉਸ ਨੂੰ ਕਈ ਵਾਰ ਮਨ੍ਹਾ ਕੀਤਾ ਕਿ ਲੰਚ ਕਰਨ ਲਈ ਜਦੋਂ ਸਮਾਂ ਮਿਲਦਾ ਹੈ ਤਾਂ ਫਿਰ ਉਹ ਰੋਟੀ ਉਦੋਂ ਹੀ ਖਾਵੇ, ਦਫ਼ਤਰ ਦਾ ਅਨੁਸ਼ਾਸਨ ਭੰਗ ਨਾ ਕਰੇ ਪਰ ਉਸ ਨੇ ਸਪੱਸ਼ਟ ਕਹਿ ਦਿੱਤਾ ਕਿ ਜਦੋਂ ਮੈਨੂੰ ਭੁੱਖ ਲੱਗੇਗੀ, ਮੈਂ ਤਾਂ ਰੋਟੀ ਖਾਵਾਂਗਾ ਭਾਵੇਂ ਸਾਹਿਬ ਕੋਲ ਤੁਸੀਂ ਸ਼ਿਕਾਇਤ ਕਰ ਦਿਓ।

ਵਿਭਾਗ ਮੁਖੀ ਕੋਲ ਸ਼ਿਕਾਇਤ ਪੁੱਜੀ ਤਾਂ ਉਨ੍ਹਾਂ ਮੁਲਾਜ਼ਮ ਨੂੰ ਸੱਦ ਲਿਆ ਕਿ ਉਹ ਅਨੁਸ਼ਾਸਨ ਕਿਉਂ ਭੰਗ ਕਰਦਾ ਹੈ, ਲੰਚ ਸਮੇਂ ਰੋਟੀ ਕਿਉਂ ਨਹੀਂ ਖਾਂਦਾ? ਉਸ ਨੇ ਦਲੀਲ ਦਿੱਤੀ ਕਿ ਜਦੋਂ ਬਾਕੀ ਸਾਥੀ ਚਾਹ ਪੀਂਦੇ ਹਨ ਤਾਂ ਕੋਈ ਸਮੋਸਾ ਖਾਂਦੈ, ਕੋਈ ਬਰੈੱਡ ਪੀਸ ਤੇ ਕੋਈ ਬਿਸਕੁਟ ਖਾਂਦੈ, ਮੈਨੂੰ ਵੀ ਭੁੱਖ ਲੱਗ ਜਾਂਦੀ ਹੈ ਤੇ ਮੈਂ ਰੋਟੀ ਖਾ ਲੈਂਦਾ ਹਾਂ ਕਿਉਂਕਿ ਮੈਂ ਸਮੋਸੇ ਤੇ ਬਰੈੱਡ ਪੀਸ ’ਤੇ ਪੈਸੇ ਨਹੀਂ ਖ਼ਰਚ ਸਕਦਾ। ਇਸ ਨਾਲ ਦਫ਼ਤਰ ਦਾ ਕੋਈ ਅਨੁਸ਼ਾਸਨ ਭੰਗ ਨਹੀਂ ਹੁੰਦਾ। ਉਸ ਨੇ ਸਪੱਸ਼ਟ ਕਹਿ ਦਿੱਤਾ ਕਿ ਮੈਂ ਤਾਂ ਜਦੋਂ ਭੁੱਖ ਲੱਗੀ, ਰੋਟੀ ਖਾਵਾਂਗਾ ਜੀ। ਅੱਗੇ ਤੁਹਾਡੀ ਮਰਜ਼ੀ।
ਵਿਭਾਗ ਦੇ ਮੁਖੀ ਨੇ ਉੱਚ ਅਧਿਕਾਰੀ ਨੂੰ ਸ਼ਿਕਾਇਤ ਭੇਜ ਦਿੱਤੀ ਕਿ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਬਾਕੀ ਮੁਲਾਜ਼ਮ ਵੀ ਸੁਚੇਤ ਰਹਿਣ। ਪੀਏ ਨੇ ਫਾਈਲ ਸਾਹਿਬ ਮੂਹਰੇ ਰੱਖੀ ਤਾਂ ਉਹ ਫਾਈਲ ਪੜ੍ਹ ਕੇ ਮੁਸਕੜੀ ਹੱਸੇ। ਉਨ੍ਹਾਂ ਫਾਈਲ ਲੈ ਕੇ ਰੱਖ ਲਈ ਪਰ ਥੋੜ੍ਹੀ ਦੇਰ ਬਾਅਦ ਫਾਈਲ ਪੀਏ ਨੂੰ ਫੜਾ ਕੇ ਕਿਹਾ ਕਿ ਇਸ ਨੂੰ ਵਾਪਸ ਭੇਜ ਦਿਓ।

ਫਾਈਲ ’ਤੇ ਲਿਖਿਆ ਸੀ 1. ਕੀ ਮੁਲਾਜ਼ਮ ਆਪਣੀ ਹੀ ਰੋਟੀ ਖਾਂਦਾ ਹੈ ਜਾਂ ਫਿਰ ਕਿਸੇ ਹੋਰ ਦੀ ਰੋਟੀ ਚੁੱਕ ਕੇ ਖਾ ਲੈਂਦੈ? 2. ਦੱਸਿਆ ਜਾਵੇ ਕਿ ਕੀ ਉਹ ਆਪਣਾ ਕੰਮ ਜ਼ਿੰਮੇਵਾਰੀ ਨਾਲ ਕਰਦਾ ਹੈ? 3. ਉਸ ਦਾ ਆਪਣੇ ਸਾਥੀ ਮੁਲਾਜ਼ਮਾਂ ਨਾਲ ਵਿਵਹਾਰ ਕਿਸ ਤਰ੍ਹਾਂ ਦਾ ਹੈ? ਫਾਈਲ ਫਿਰ ਵਿਭਾਗ ਮੁਖੀ ਕੋਲ ਪਹੁੰਚੀ। ਉਨ੍ਹਾਂ ਲਿਖਿਆ, 1. ਮੁਲਾਜ਼ਮ ਰੋਟੀ ਆਪਣੀ ਹੀ ਖਾਂਦਾ ਹੈ। 2. ਉਹ ਆਪਣੇ ਕੰਮ ’ਚ ਮਾਹਰ ਹੈ ਤੇ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਦਾ ਹੈ। 3. ਉਸ ਦਾ ਸਾਥੀ ਮੁਲਾਜ਼ਮਾਂ ਨਾਲ ਵਿਵਹਾਰ ਵੀ ਠੀਕ ਹੈ। ਫਾਈਲ ਫਿਰ ਉੱਚ ਅਧਿਕਾਰੀ ਕੋਲ ਪਹੁੰਚੀ ਤਾਂ ਫਾਈਲ ਪੜ੍ਹ ਕੇ ਉਨ੍ਹਾਂ ਦੇ ਚਿਹਰੇ ’ਤੇ ਮੁਸਕਰਾਹਟ ਆਈ ਅਤੇ ਉਨ੍ਹਾਂ ਫਾਈਲ ਉੱਤੇ ਜਵਾਬ ਲਿਖ ਕੇ ਪੀਏ ਨੂੰ ਫੜਾ ਦਿੱਤੀ। ਉਨ੍ਹਾਂ ਲਿਖਿਆ, ਜੇ ਉਹ ਆਪਣੀ ਹੀ ਰੋਟੀ ਖਾਂਦਾ ਹੈ ਤਾਂ ਫਿਰ ਉਸ ਨੂੰ ਖਾਣ ਦਿਓ। ਉਨ੍ਹਾਂ ਇਹ ਵੀ ਲਿਖਿਆ ਕਿ ਉਸ ਨੂੰ ਮੇਰੇ ਦਫ਼ਤਰ ਭੇਜਿਆ ਜਾਵੇ।
ਵਿਭਾਗ ਮੁਖੀ ਕੋਲ ਫਾਈਲ ਪਹੁੰਚੀ ਤਾਂ ਉਨ੍ਹਾਂ ਸਚਦੇਵੇ ਨੂੰ ਬੁਲਾ ਕੇ ਆਦੇਸ਼ ਦਿੱਤਾ ਕਿ ਸਾਹਿਬ ਨੇ ਬੁਲਾਇਆ ਹੈ, ਹੁਣੇ ਚਲੇ ਜਾਓ। ਉਹ ਸਬੰਧਿਤ ਦਫ਼ਤਰ ਪੁੱਜਿਆ ਤਾਂ ਪੀਏ ਉਸ ਨੂੰ ਸਾਹਿਬ ਕੋਲ ਲੈ ਗਿਆ। ਉਸ ਨੇ ਦੋਵੇਂ ਹੱਥ ਜੋੜ ਕੇ ਤੇ ਝੁਕ ਕੇ ਸਤਿ ਸ੍ਰੀ ਅਕਾਲ ਬੁਲਾਈ। ਸਾਹਿਬ ਦੇ ਚਿਹਰੇ ’ਤੇ ਉਦੋਂ ਵੀ ਮੁਸਕਰਾਹਟ ਆਈ। ਉਨ੍ਹਾਂ ਸਚਦੇਵਾ ਨੂੰ ਪੁੱਛਿਆ ਕਿ ਰੋਟੀ ਦਾ ਕੀ ਮਸਲਾ ਹੈ? ਉਸ ਨੇ ਕਿਹਾ, ਸਰ ਮੈਂ ਕੋਈ ਅਨੁਸ਼ਾਸਨ ਭੰਗ ਨਹੀਂ ਕਰਦਾ। ਜਦੋਂ ਸਾਥੀ ਚਾਹ ਮੰਗਵਾਉਂਦੇ ਹਨ ਤਾਂ ਕੋਈ ਸਮੋਸਾ ਖਾਂਦੈ, ਕੋਈ ਬਰੈੱਡ ਪੀਸ ਤੇ ਕੋਈ ਬਿਸਕੁਟ ਖਾਂਦੈ। ਮੈਨੂੰ ਵੀ ਉਦੋਂ ਭੁੱਖ ਲੱਗ ਜਾਂਦੀ ਹੈ ਪਰ ਮੈਂ ਗ਼ਰੀਬ ਹਾਂ, ਇਹੋ ਜਿਹੀਆਂ ਚੀਜ਼ਾਂ ਖਾਣ ’ਤੇ ਪੈਸੇ ਨਹੀਂ ਖ਼ਰਚ ਕਰ ਸਕਦਾ। ਇਸ ਲਈ ਮੈਂ ਚਾਹ ਨਾਲ ਇਕ ਰੋਟੀ ਖਾ ਲੈਂਦਾ ਹਾਂ। ਸਾਹਿਬ ਮੁਸਕਰਾਏ। ਕਹਿਣ ਲੱਗੇ, ਜਾਓ ਆਪਣਾ ਕੰਮ ਕਰੋ ਤੇ ਹਮੇਸ਼ਾ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਰਹਿਣਾ। ਉਹ ਸਾਹਿਬ ਦੇ ਕਮਰੇ ’ਚੋਂ ਬਾਹਰ ਆਇਆ ਤਾਂ ਉਸ ਦਾ ਚਿਹਰਾ ਖਿੜਿਆ ਹੋਇਆ ਸੀ ਜਿਵੇਂ ਉਸ ਨੇ ਬਹੁਤ ਵੱਡਾ ਕੇਸ ਜਿੱਤ ਲਿਆ ਹੋਵੇ। ਉਹ ਤੇਜ਼ ਕਦਮੀਂ ਆਪਣੇ ਦਫ਼ਤਰ ਵੱਲ ਜਾ ਰਿਹਾ ਸੀ ਤਾਂ ਜੋ ਉਹ ਸਾਰੀ ਗੱਲ ਸਾਥੀਆਂ ਨੂੰ ਦੱਸੇ।

ਮਨਮੋਹਨ ਸਿੰਘ ਢਿੱਲੋਂ