ਜਥੇਦਾਰਾਂ ਦੀ ਨਿਯੁਕਤੀ ਤੇ ਕਾਰਜ ਖੇਤਰ ਦੇ ਨਿਯਮ ਬਣਾਉਣ ਦਾ ਮਾਮਲਾ ਮੁੜ ਉਭਰਿਆ

ਜਥੇਦਾਰਾਂ ਦੀ ਨਿਯੁਕਤੀ ਤੇ ਕਾਰਜ ਖੇਤਰ ਦੇ ਨਿਯਮ ਬਣਾਉਣ ਦਾ ਮਾਮਲਾ ਮੁੜ ਉਭਰਿਆ

ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਜਤਾਇਆ ਇਤਰਾਜ਼
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਦੀ ਕੀਤੀ ਗਈ ਨਿਯੁਕਤੀ ਨੂੰ ਲੈ ਕੇ ਪੰਥਕ ਸਫਾਂ ਵਿੱਚ ਇਕ ਵਾਰ ਮੁੜ ਜਥੇਦਾਰਾਂ ਦੀ ਨਿਯੁਕਤੀ, ਸੇਵਾਮੁਕਤੀ ਅਤੇ ਕਾਰਜ ਖੇਤਰ ਦੇ ਨਿਯਮ ਬਣਾਉਣ ਦਾ ਮਾਮਲਾ ਉਭਰਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸੱਦੀ ਗਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਵੀ ਇਹ ਮਾਮਲਾ ਉਭਾਰਿਆ ਗਿਆ। ਮੀਟਿੰਗ ਵਿੱਚ ਸ਼ਾਮਲ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਜਥੇਦਾਰ ਮਲਕੀਤ ਸਿੰਘ ਚੰਗਾਲ ਨੇ ਇਸ ਮਾਮਲੇ ਵਿੱਚ ਆਪਣਾ ਇਤਰਾਜ਼ ਮੀਟਿੰਗ ’ਚ ਰੱਖਿਆ। ਇਸ ਬਾਰੇ ਭਾਈ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਮੀਟਿੰਗ ਦੌਰਾਨ ਇਹ ਮਾਮਲਾ ਪ੍ਰਬੰਧਕਾਂ ਦੇ ਕੋਲ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰਾਂ ਦੀ ਨਿਯੁਕਤੀ ਸਰਬ ਪ੍ਰਵਾਨਤ ਢੰਗ ਨਾਲ ਹੋਣੀ ਚਾਹੀਦੀ ਹੈ। ਜਥੇਦਾਰ ਚੰਗਾਲ ਨੇ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਵਿੱਚ ਆਪਣਾ ਲਿਖਤੀ ਵਿਰੋਧ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਦੀ ਨਿਯੁਕਤੀ ਲਈ ਕੀ ਪੈਮਾਨੇ ਹਨ ਅਤੇ ਇਸ ਚੋਣ ਲਈ ਪ੍ਰਕਿਰਿਆ ਕੀ ਹੈ, ਉਹ ਸੰਗਤ ਲਈ ਜਨਤਕ ਕੀਤੀ ਜਾਣੀ ਚਾਹੀਦੀ ਹੈ। ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਆਖਿਆ ਕਿ ਜਥੇਦਾਰ ਦੀ ਚੋਣ ਕਰਨ ਦਾ ਘੇਰਾ ਸਰਬੱਤ ਖਾਲਸਾ ਦੇ ਰੂਪ ਵਿੱਚ ਵਿਸ਼ਾਲ ਹੋਣਾ ਚਾਹੀਦਾ ਹੈ। ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਮੁਖੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਥੇਦਾਰ ਚੁਣਨ ਦਾ ਅਧਿਕਾਰ ਕਿਸੇ ਇੱਕ ਸੰਸਥਾ ਕੋਲ ਨਹੀਂ ਸਗੋਂ ਸਰਬੱਤ ਖ਼ਾਲਸਾ ਤੇ ਸਮੁੱਚੇ ਪੰਥ ਕੋਲ ਹੈ।