ਜਗਵਿੰਦਰ ਸੰਧੂ ਨੇ ਮੁੱਕੇਬਾਜ਼ੀ ’ਚ ਸੋਨ ਤਗ਼ਮਾ ਜਿੱਤਿਆ

ਜਗਵਿੰਦਰ ਸੰਧੂ ਨੇ ਮੁੱਕੇਬਾਜ਼ੀ ’ਚ ਸੋਨ ਤਗ਼ਮਾ ਜਿੱਤਿਆ

ਜਗਰਾਉਂ: ਪੰਜਾਬ ਬਾਕਸਿੰਗ ਅਕੈਡਮੀ ਚਕਰ ਦੇ ਮੁੱਕੇਬਾਜ਼ ਜਗਵਿੰਦਰ ਸਿੰਘ ਸੰਧੂ ਨੇ ਸਿਕਿਮ ’ਚ ਹੋਈਆਂ ‘ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼’ ਵਿੱਚ ਬਾਕਸਿੰਗ ’ਚ ਸੋਨ ਤਗ਼ਮਾ ਜਿੱਤ ਕੇ ਚਕਰ ਦੇ ਨਾਲ ਨਾਲ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਅਕੈਡਮੀ ਦੇ ਪ੍ਰਧਾਨ ਜਸਕਿਰਨਪ੍ਰੀਤ ਸਿੰਘ ਜਿਮੀ ਨੇ ਦੱਸਿਆ ਕਿ ਜਗਵਿੰਦਰ ਸਿੰਘ ਸੰਧੂ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਲੋਂ 92 ਕਿਲੋ ਭਾਰ ਵਰਗ ’ਚ ਭਾਗ ਲਿਆ ਅਤੇ ਚੰਡੀਗੜ੍ਹ ਯੂਨੀਵਰਸਿਟੀ, ਭੋਪਾਲ ਯੂਨੀਵਰਸਿਟੀ ਅਤੇ ਹਰਿਆਣਾ ਦੇ ਮੁੱਕਾਬਾਜ਼ਾਂ ਨੂੰ ਹਰਾ ਕੇ ਫਾਈਨਲ ’ਚ ਪਹੁੰਚਿਆ। ਫਾਈਨਲ ’ਚ ਉਸ ਦਾ ਮੁਕਾਬਲਾ ਇੰਦਰਾ ਗਾਂਧੀ ਯੂਨੀਵਰਸਿਟੀ ਮੀਰਪੁਰ ਨਾਲ ਸੀ ਅਤੇ ਉਸ ਨੇ ਮੁੱਕੇਬਾਜ਼ ਸਾਹਿਲ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਇਸ ਮੌਕੇ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਜਗਵਿੰਦਰ ਸਿੰਘ ਸੰਧੂ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਉਹ ਕੌਮਾਂਤਰੀ ਪੱਧਰ ’ਤੇ ਵੱਡੀਆਂ ਮੱਲਾਂ ਮਾਰ ਸਕਦਾ ਹੈ। ਜਗਵਿੰਦਰ ਸਿੰਘ ਸੰਧੂ ਦਾ ਪਿੰਡ ਪਹੁੰਚਣ ’ਤੇ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸਨਮਾਨ ਕੀਤਾ ਜਾਵੇਗਾ।